ਅਣਖ਼ੀਲੇ ਪੰਜਾਬੀ ਲੋਕ ਨਾਇਕ ਦੁੱਲਾ ਭੱਟੀ ਨੂੰ ਸਮਰਪਿਤ ਇੰਡੋ ਪਾਕਿ ਕਵੀ ਦਰਬਾਰ ਤੇ ਵਿਚਾਰ ਚਰਚਾ

Ludhiana Punjabi

DMT : ਲੁਧਿਆਣਾ : (28 ਮਾਰਚ 2023) : –
ਗੁਜਰਾਂਵਾਲਾ ਗੁਰੂ ਨਾਨਕ ਐਜੂਕੇਸ਼ਨਲ ਕੌਂਸਲ ਲੁਧਿਆਣਾ ਦੇ ਪ੍ਰਧਾਨ ਡਾਃ ਸ ਪ ਸਿੰਘ ਜੀ ਦੀ ਸਰਪ੍ਰਸਤੀ ਹੇਠ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਸੈਂਟਰ ਫਾਰ ਪੰਜਾਬ ਸਟੱਡੀਜ਼ ਨੇ ਦੁੱਲਾ ਭੱਟੀ ਦੀ ਬਰਸੀ ਮੌਕੇ “ਅਣਖੀਲਾ ਧਰਤੀ ਪੁੱਤਰ ਦੁੱਲਾ ਭੱਟੀ ਯਾਦਗਾਰੀ ਵਿਚਾਰ ਵਟਾਂਦਰਾ ਤੇ ਹਿੰਦ-ਪਾਕਿ ਕਵੀ ਦਰਬਾਰ” ਸਿਰਲੇਖ ਹੇਠ ਇੱਕ ਆਨਲਾਈਨ ਸਮਾਗਮ ਕਰਵਾਇਆ।   ਸਮਾਗਮ ਦਾ ਆਰੰਭ  ਡਾ. ਸ.ਪ. ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਸਵਾਗਤੀ ਭਾਸ਼ਣ ਨਾਲ ਹੋਇਆ। ਉਨ੍ਹਾਂ ਇਸ ਮੌਕੇ ਹਾਜ਼ਰ ਵਿਦਵਾਨਾਂ ਇਲਿਆਸ ਘੁੰਮਣ ਤੇ ਹੋਰਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਵੇਂ ਇਸ ਲੋਕ ਨਾਇਕ ਨੂੰ ਸਮੇਂ ਦੇ ਪ੍ਰਾਯੋਜਿਤ ਇਤਿਹਾਸਕਾਰਾਂ ਵੱਲੋਂ ਅਣਗੌਲਿਆ ਕੀਤਾ ਗਿਆ ਹੈ ਪਰ ਇਸ ਨੂੰ ਪੰਜਾਬੀ ਲੋਕ ਗੀਤਾਂ, ਨਾਟਕਾਂ ਅਤੇ ਕਵਿਤਾਵਾਂ ਨੇ ਪੀੜ੍ਹੀ ਦਰ ਪੀੜ੍ਹੀ ਅਮਰ ਕਰ ਦਿੱਤਾ ਹੈ।
ਉਘੇ ਪਾਕਿਸਤਾਨੀ ਲੇਖਕ ਇਲਿਆਸ ਘੁੰਮਣ ਨੇ ਉਦਘਾਟਨੀ ਭਾਸ਼ਣ ਦਿੱਤਾ ਅਤੇ ਕਿਹਾ ਕਿ ਦੁੱਲਾ ਭੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ। ਉਹ ਸਾਂਦਲ ਬਾਰ (ਪੱਛਮੀ ਪੰਜਾਬ ਪਾਕਿਸਤਾਨ) ਦੇ ਇਲਾਕੇ ਦਾ ਸੂਰਬੀਰ ਅਣਖੀ ਯੋਧਾ ਹੋਇਆ ਹੈ ਜਿਸ ਨੇ ਅਕਬਰ ਜਹੇ ਮੁਗ਼ਲ ਬਾਦਸ਼ਾਹ ਵਿਰੁੱਧ ਬਗ਼ਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਵਾਂਗ ਈਨ ਨਾਂ ਮੰਨੀ ਅਤੇ ਸ਼ਹਾਦਤ ਦਾ ਜਾਮ ਪੀ ਕੇ ਪੰਜਾਬੀਆਂ ਦੇ ਦਿਲਾਂ ਵਿੱਚ ਸਦਾ ਲਈ ਰਾਜ ਕਰਨ ਲੱਗਾ।
ਮੈਰੀਲੈਂਡ (ਅਮਰੀਕਾ)ਦੇ ਜਾਣੇ-ਪਛਾਣੇ ਲੇਖਕ ਧਰਮ ਸਿੰਘ ਗੁਰਾਇਆ, ਜਿਨ੍ਹਾਂ ਨੇ ਦੁੱਲਾ ਭੱਟੀ ਦੇ ਜੀਵਨ ‘ਤੇ ਇੱਕ ਕਿਤਾਬ ਵੀ ਲਿਖੀ ਹੈ, ਨੇ ਆਪਣਾ ਭਾਸ਼ਣ ਦਿੰਦੇ ਹੋਏ ਸਰੋਤਿਆਂ ਨੂੰ ਦੁੱਲਾ ਭੱਟੀ ਦੇ ਜੀਵਨ ਦੇ ਬਹੁਤ ਘੱਟ ਜਾਣੇ-ਪਛਾਣੇ ਤੇ ਨਿਵੇਕਲੇ ਤੱਥਾਂ ਤੋਂ ਜਾਣੂ ਕਰਵਾਇਆ।  
ਪਾਕਿਸਤਾਨ ਦੇ ਵਿਸ਼ਵ ਪ੍ਰਸਿੱਧ ਕਵੀਆਂ , ਜਾਵੇਦ ਪੰਛੀ ਤੇ ਅਫਜ਼ਲ ਸਾਹਿਰ ਅਤੇ ਭਾਰਤ ਤੋਂ ਗੁਰਭਜਨ ਗਿੱਲ,ਸੁਖਵਿੰਦਰ ਅੰਮ੍ਰਿਤ, ਹਰਵਿੰਦਰ ਚੰਡੀਗੜ੍ਹ, ਤ੍ਰੈਲੋਚਨ ਲੋਚੀ ਅਤੇ ਡਾਃ ਹਰਪ੍ਰੀਤ ਸਿੰਘ ਬਾਬਾ ਬੇਲੀ ਨੇ ਇਸ ਲੋਕ ਨਾਇਕ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀਆਂ ਆਪਣੀਆਂ ਖੂਬਸੂਰਤ ਕਵਿਤਾਵਾਂ ਸੁਣਾਈਆਂ।  
ਉੱਘੇ ਪੰਜਾਬੀ ਲੋਕ ਗਾਇਕ ਕੁਲਦੀਪ ਮਾਣਕ ਦੇ ਸ਼ਾਗਿਰਦ ਜਲੰਧਰ ਵਾਸੀ ਗੁਰਮੀਤ ਮੀਤ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਇਸ ਯੋਧੇ ਦੀ ਮਹਿਮਾ ਵਿੱਚ ਦੋ ਗੀਤ ਗਾਏ।  
ਪ੍ਰਧਾਨਗੀ ਭਾਸ਼ਣ ਪ੍ਰਸਿੱਧ ਕਵੀ ਅਤੇ ਲੋਕ ਵਿਰਾਸਤ ਅਕੈਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਦਿੱਤਾ। ਉਹਨਾਂ ਕਿਹਾ ਕਿ ਦੁੱਲਾ ਭੱਟੀ  ਧਰਤੀ ਦਾ ਪਹਿਲਾ ਨਾਬਰ ਸੂਰਮਾ ਸੀ ਜਿਸਨੇ ਅਕਬਰ ਨੂੰ ਲਗਾਨ (ਮਾਲੀਆ) ਦੇਣ ਤੋਂ ਇਨਕਾਰ ਕੀਤਾ। ਤਖ਼ਤ ਲਾਹੌਰ ਨੂੰ ਭਾਜੜਾਂ ਪਾਉਣ ਵਾਲਾ ਤੇ ਤਖ਼ਤਾਂ ਦੇ ਕਿੰਗਰੇ ਭੋਰਨ ਵਾਲਾ ਸੂਰਬੀਰ ਜਿਸ ਦੇ ਪੁਰਖੇ ਦਾਦਾ ਸਾਂਦਲ ਤੇ ਬਾਪ ਫ਼ਰੀਦ ਵੀ ਬਾਗ਼ੀ ਸਨ ਮੁਗਲ ਹਕੂਮਤ ਦੇ। ਦੁੱਲਾ ਭੱਟੀ ਇਕ ਸ਼ਖਸ ਦਾ ਨਾਮ ਨਹੀਂ ਸਗੋਂ ਅਣਖ਼, ਗੈਰਤ ਅਤੇ ਜ਼ਿੰਦਾਦਿਲੀ ਦਾ ਪ੍ਰਤੀਕ ਹੈ।
ਸਮਾਗਮ ਦੀ ਸਮਾਪਤੀ ਕਾਲਜ ਦੇ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਵੱਲੋਂ ਧੰਨਵਾਦੀ ਸ਼ਬਦਾਂ ਨਾਲ ਕੀਤੀ ਗਈ।  ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੈਂਟਰ ਫਾਰ ਪੰਜਾਬ ਸਟੱਡੀਜ਼ ਪੰਜਾਬ ਦੇ ਅਣਗਿਣਤ ਮੁੱਦਿਆਂ ਨੂੰ ਆਵਾਜ਼ ਦੇਣ ਅਤੇ ਇਸ ਮਹਾਨ ਸੂਬੇ ਦੇ ਅਣਗਿਣਤ ਯੋਧਿਆਂ ਦੁਆਰਾ ਘਾਲੀ ਗਈ ਘਾਲਣਾ ਨੂੰ ਨੌਜਵਾਨ ਪੀੜੀ ਤਕ ਪਹੁੰਚਾਉਣ ਲਈ ਇਕ ਬੇਹਤਰੀਨ ਪਲੇਟਫਾਰਮ ਹੈ।  ਸਮਾਗਮ ਦਾ ਸੰਚਾਲਨ ਡਾ: ਮਨਦੀਪ ਕੌਰ ਰੰਧਾਵਾ ਕੋਆਰਡੀਨੇਟਰ, ਸੈਂਟਰ ਫਾਰ ਪੰਜਾਬ ਸਟੱਡੀਜ਼ ਨੇ ਕੀਤਾ। ਉਨ੍ਹਾਂ ਵੱਲੋਂ ਕਾਲਿਜ ਬਾਰੇ ਤਿਆਰ ਕੀਤੀ ਦਸਤਾਵੇਜ਼ੀ ਫਿਲਮ ਵੀ ਵਿਖਾਈ ਗਈ।

Leave a Reply

Your email address will not be published. Required fields are marked *