DMT : ਲੁਧਿਆਣਾ : (29 ਮਾਰਚ 2023) : – ਅਣੂ ਮੰਚ ਲੁਧਿਆਣਾ ਅਣੂ (ਮਿੰਨੀ ਪੱਤ੍ਰਿਕਾ) ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੁਟਾਹਰੀ, ਜ਼ਿਲ੍ਹਾ ਲੁਧਿਆਣਾ ਦੇੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਸਮਾਰੋਹ ਆਯੋਜਿਤ ਕੀਤਾ ਗਿਆ। ਹਰ ਸਾਲ ਕੀਤੇ ਜਾਣ ਵਾਲੇ ਇਸ ਸਨਮਾਨ ਸਮਾਰੋਹ ਨੂੰ ਕਰੋਨਾ ਮਹਾਂਮਾਰੀ ਦੌਰਾਨ ਬੰਦ ਕਰਨਾ ਪਿਆ ਸੀ। ਇਸ ਵਰ੍ਹੇ ਦੇ ਸਨਮਾਨ ਨੂੰ ਸਕੁਲ ਦੇ 23 ਵਿਦਿਆਰਥੀਆਂ ਨੇ ਪ੍ਰਾਪਤ ਕੀਤਾ। ਸਨਮਾਨ ਵਿਚ ਬਾਲ ਸਾਹਿਤ, ਗਿਆਨ ਤੇ ਵਿਗਿਆਨ ਦੀਆਂ ਦੋ-ਦੋ ਪੁਸਤਕਾਂ ਭੇਂਟ ਕੀਤੀਆਂ ਗਈਆਂ।
ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਰਵਸ੍ਰੀ ਸੁਰਿੰਦਰ ਕੈਲੇ, ਤਰਸੇਮ ਲਾਲ ਸਰਪੰਚ ਗਰਾਮ ਪੰਚਾਇਤ, ਹਰਜੀਤ ਸਿੰਘ, ਹਰਨੇਕ ਸਿੰਘ, ਦਵਿੰਦਰ ਸਿੰਘ ਅਤੇ ਮੁੱਖ ਅਧਿਆਪਕ ਜਸਵਿੰਦਰ ਸਿੰਘ ਨੇ ਸਨਮਾਨ ਅਦਾ ਕਰਨ ਦੀ ਰਸਮ ਨਿਭਾਈ।
ਵਿਦਿਆਰਥੀ ਜ਼ਿੰਦਗੀ ਦੀ ਨੀਂਹ ਹੁੰਦੇ ਹਨ ਤੇ ਇਹ ਬੁਨਿਆਦ ਜਿੰਨੀ ਮਜਬੂਤ ਹੋਵੇਗੀ, ਬੱਚਿਆਂ ਦੀ ਸ਼ਖ਼ਸੀਅਤ ਉਹਨੀ ਹੀ ਪ੍ਰਭਾਵਸ਼ਾਲੀ ਤੇ ਇਨਸਾਨੀ ਗੁਣਾਂ ਨਾਲ ਭਰਪੂਰ ਹੋਵੇਗੀ। ਅਦਾਰਾ ਅਣੂ ਮੰਚ ਦਾ ਯਤਨ ਪੁਸਤਕ ਗਿਆਨ ਰਾਹੀਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਹਰ ਤਰ੍ਹਾਂ ਦੇ ਹਾਲਾਤ ਨਾਲ ਸਿਝਣ ਲਈ ਤਿਆਰ ਕਰਨਾ ਹੈ ਤਾਂ ਜੋ ਉਹ ਸਮਾਜ ਦੀ ਬਿਹਤਰੀ ਲਈ ਬਣਦਾ ਯੋਗਦਾਨ ਪਾ ਸਕਣ। ਇਹ ਸ਼ਬਦ ਮੰਚ ਦੇ ਚੇਅਰਮੈਨ ਤੇ ਅਣੂ ਦੇ ਸੰਪਾਦਕ ਸ੍ਰੀ ਸੁਰਿੰਦਰ ਕੈਲੇ ਨੇ ਪ੍ਰਧਾਨਗੀ ਭਾਸ਼ਨ ’ਚ ਕਹੇ।
ਸਰਪੰਚ ਸ੍ਰੀ ਤਰਸੇਮ ਲਾਲ ਨੇ ਕਿਹਾ ਗਿ ਗਰਾਮ ਪੰਚਾਇਤ ਸਕੂਲ ਦੀ ਸਿਹਤਰੀ ਲਈ ਹਮੇਸ਼ਾ ਸਹਿਯੋਗ ਦਿੰਦੀ ਹੈ। ਸਾਬਕਾ ਸਰਪੰਚ ਸ੍ਰੀ ਸੁਰਿੰਦਰ ਕੈਲੇ ਹੋਰਾਂ ਵਲੋਂ ਭੇਟ ਕੀਤੀਆਂ ਕਿਤਾਬਾਂ ਹੋਣਹਾਰ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਤ ਕਰਨਗੀਆਂ ਤੇ ਬਾਕੀ ਵਿਦਿਆਰਥੀ ਉਨ੍ਹਾਂ ਤੋਂ ਅਗਵਾਈ ਲੈ ਕੇ ਮਿਹਨਤ ਦੇ ਲੜ ਲਗਣਗੇ।
ਪ੍ਰਧਾਨਗੀ ਮੰਡਲ ’ਚ ਸ਼ਾਮਲ ਹੋਰ ਸ਼ਖ਼ਸੀਅਤਾਂ ਨੇ ਸਨਮਾਨ ਪ੍ਰਾਪਤ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉੱਜਲ ਭਵਿੱਖ ਲਈ ਅਸ਼ੀਰਵਾਦ ਦਿਤਾ। ਸ. ਜਸਵਿੰਦਰ ਸਿੰਘ ਮੁੱਖ ਅਧਿਆਪਕ ਨੇ ਧੰਨਵਾਦੀ ਸ਼ਬਦ ਬੋਲਦਿਆਂ ਕਿਹਾ ਕਿ ਅਦਾਰਾ ਅਣੂ ਮੰਚ ਦਾ ਇਹ ਨਿਵੇਕਲਾ ਯਤਨ ਵਿਦਿਆਰਥੀਆਂ ਨੂੰ ਜ਼ਿੰਮੇਂਵਾਰ ਸ਼ਹਿਰੀ ਬਨਣ ਲਈ ਰਾਹ ਦਸੇਰਾ ਹੋਵੇਗਾ। ਅਧਿਆਪਕਾਵਾਂ ਸ੍ਰੀਮਤੀ ਮਨਜੀਤ ਕੌਰ ਅਤੇ ਸ੍ਰੀਮਤੀ ਬਲਜੀਤ ਕੌਰ ਨੇ ਪ੍ਰਬੰਧਕੀ ਜ਼ਿੰਮੇੀਵਾਰੀਆਂ ਨੂੰ ਬਾਖ਼ੂਬੀ ਨਿਭਾਇਆ।