ਅਮਰੀਕਾ ਵੱਸਦੀ ਪੰਜਾਬੀ ਲੇਖਿਕਾ ਦੇਵਿੰਦਰ ਕੌਰ ਗੁਰਾਇਆ ਦੀ ਕਹਾਣੀ-ਪੁਸਤਕ “ਮਰਿਆ ਨਹੀਂ, ਜਿਉਂਦਾ ਹਾਂ” ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਲੋਕ ਅਰਪਣ

Ludhiana Punjabi

DMT : ਲੁਧਿਆਣਾ : (15 ਸਤੰਬਰ 2023) : – ਪਰਵਾਸੀ ਸਾਹਿੱਤ ਅਧਿਐਨ ਕੇਂਦਰ, ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਅਮਰੀਕਾ ਦੇ (ਮੈਰੀ ਲੈਂਡ)ਵਾਸ਼ਿੰਗਟਨ ਡੀ.ਸੀ. ਸੂਬੇ ਵਿੱਚ ਵੱਸਦੀ ਪੰਜਾਬੀ ਲੇਖਿਕਾ ਦੇਵਿੰਦਰ ਕੌਰ ਗੁਰਾਇਆ ਦੀ ਕਹਾਣੀ ਪੁਸਤਕ “ਮਰਿਆ ਨਹੀਂ, ਜਿਉਂਦਾ ਹਾਂ” ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਤੇ ਗੁਜਰਾਂਵਾਲਾ ਖਾਲਸਾ ਕਾਲਿਜ ਸੰਸਥਾਵਾਂ ਦੇ ਪ੍ਰਧਾਨ ਡਾ. ਸ. ਪ. ਸਿੰਘ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ,ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ ਤੇ ਜੀ ਜੀ ਐੱਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਡਾਃ ਗੁਣਮੀਤ ਕੌਰ ਨੇ ਲੋਕ ਅਰਪਣ ਕੀਤਾ।ਪੁਸਤਕ ਬਾਰੇ ਜਾਣ ਪਛਾਣ ਕਰਵਾਉਂਦਿਆਂ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ, ਡਾ. ਤੇਜਿੰਦਰ ਕੌਰ ਨੇ ਦੱਸਿਆ ਕਿ ਦੇਵਿੰਦਰ ਕੌਰ ਗੁਰਾਇਆ ਮੂਲ ਰੂਪ ਵਿੱਚ ਕਵਿੱਤਰੀ ਹੈ ਅਤੇ ਇਸ ਕਹਾਣੀ ਸੰਗ੍ਰਹਿ ਤੋਂ ਪਹਿਲਾਂ ਇੱਕ ਕਾਵਿ ਸੰਗ੍ਰਹਿ “ਕੱਚੇ ਕੋਠੇ ਦੀ ਛੱਤ” ਪ੍ਰਕਾਸ਼ਿਤ ਕਰ ਚੁੱਕੀ ਹੈ। ਆਪਣੇ ਵੱਡੇ ਵੀਰਾਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀ ਸਵ: ਡਾ. ਨਿਰਮਲ ਆਜ਼ਾਦ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੇ ਇਤਿਹਾਸ ਲੇਖਕ ਧਰਮ ਸਿੰਘ ਗੁਰਾਇਆ ਦੀਆਂ ਪੈੜਾਂ ਤੇ ਤੁਰਦਿਆਂ ਦੇਵਿੰਦਰ ਨੇ ਸਾਹਿੱਤ ਸਿਰਜਣਾ ਦਾ ਮਾਰਗ ਅਪਣਾਇਆ ਹੈ।ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਕਿਹਾ ਕਿ ਦੇਵਿੰਦਰ ਕੌਰ ਗੁਰਾਇਆ ਨੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਰਣਸੀਂਹਕੇ ਮੀਰਾਂ ਵਿੱਚ ਜਨਮ ਲੈ ਕੇ ਅਮਰੀਕਾ ਤੀਕ ਉਡਾਰੀ ਭਰਦਿਆਂ ਸਮੁੱਚੇ ਵਿਸ਼ਵ ਦੇ ਵਰਤਾਰਿਆਂ ਤੇ ਮਸਲਿਆਂ ਨੂੰ ਆਪਣੇ ਕਲਾਵੇ ਵਿੱਚ ਲਿਆ ਹੈ।ਮੁੱਖ ਮਹਿਮਾਨ ਡਾ. ਸ. ਪ. ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਲੇਖਕ ਸਾਡੇ ਸੱਭਿਆਚਾਰਕ ਦੂਤ ਹਨ। ਉਹ ਜਿੱਥੇ ਪੰਜਾਬ ਦੀ ਮਹਿਕ ਵਿਦੇਸ਼ਾਂ ਵਿੱਚ ਲੈ ਕੇ ਜਾਂਦੇ ਹਨ ਉੱਥੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਸੋਅ ਵੀ ਸਾਨੂੰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਉਹ ਵੀ ਡਾਃ ਨਿਰਮਲ ਆਜ਼ਾਦ ਦੇ ਸਹਿਕਰਮੀ ਰਹੇ ਹਨ।ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਗੁਰਾਇਆ ਪਰਿਵਾਰ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਚਿੰਤਾਤੁਰ ਪਰਿਵਾਰਾਂ ਵਿੱਚੋਂ ਇੱਕ ਹੈ।  ਉਨ੍ਹਾਂ ਕਿਹਾ ਕਿ ਜਿੱਥੇ ਡਾ ਨਿਰਮਲ ਆਜ਼ਾਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਾਉਂਦਿਆਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀ ਬਣੇ, ਉੱਥੇ ਧਰਮ ਸਿੰਘ ਗੁਰਾਇਆ ਨੇ ‘ਜੱਗਾ ਸੂਰਮਾ’, ਅਣਖ਼ੀਲਾ ਧਰਤੀ ਪੁੱਤਰ “ਦੁੱਲਾ ਭੱਟੀ”ਬਾਰੇ ਖੋਜ ਪੁਸਤਕ ,ਕਾਮਰੇਡ ਤੇਜਾ ਸਿੰਘ ਸੁਤੰਤਰ ਜੀ ਦੀ ਜੀਵਨੀ ਅਤੇ 1857 ਗ਼ਦਰ ਦੇ ਪੰਜਾਬੀ ਸੂਰਮੇ “ਰਾਇ ਅਹਿਮਦ ਖਾਂ ਖਰਲ” ਬਾਰੇ ਖੋਜ ਪੁਸਤਕ “ਰਾਵੀ ਦਾ ਰਾਠ” ਲਿਖ ਕੇ ਪੰਜਾਬੀ ਸਾਹਿਤ ਨੂੰ ਨਵੇਂ ਦ੍ਰਿਸ਼ ਤੇ ਦ੍ਰਿਸ਼ਟੀਕੋਨ  ਵਿਖਾਏ ਹਨ।ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਦਵਿੰਦਰ ਕੌਰ ਗੁਰਾਇਆ ਦੀਆਂ ਕਹਾਣੀਆਂ ਸਾਨੂੰ ਜ਼ਿੰਦਗੀ ਦੇ ਰੂਬਰੂ ਖੜਾ ਕਰਦੀਆਂ  ਹਨ।  “ਮਰਿਆ ਨਹੀਂ, ਜਿਉਂਦਾ ਹਾਂ” ਕਹਾਣੀ ਸਾਨੂੰ ਆਪਣੇ ਵੱਡਿਆਂ ਦੇ ਗੁਣਾਂ ਨਾਲ ਜੋੜਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਪ੍ਰਦੇਸ਼ ਵਸਦੀ ਦਵਿੰਦਰ ਕੌਰ ਗੁਰਾਇਆ ਦਾ ਸਫ਼ਰ  ਨਿਰੰਤਰ ਚੱਲਦਾ ਰਹੇਗਾ। ਇਸ ਮੌਕੇ ਡਾਃ ਗੁਰਪ੍ਰੀਤ ਸਿੰਘ,ਡਾਃ ਮਨਦੀਪ ਕੌਰ ਰੰਧਾਵਾ, ਡਾਃ ਸੁਸ਼ਮਿੰਦਰ ਕੌਰ, ਡਾਃ ਦਲੀਪ ਸਿੰਘ, ਡਾਃ ਭੁਪਿੰਦਰਜੀਤ ਕੌਰ ਤੇ ਰਾਜਿੰਦਰ ਸਿੰਘ ਸੰਧੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *