ਅਰੋੜਾ ਨੂੰ ਦੂਜੇ ਸਾਲ ਲਈ ਸਿਹਤ ਅਤੇ ਪਰਿਵਾਰ ਭਲਾਈ ਬਾਰੇ ਸਟੈਂਡਿੰਗ ਕਮੇਟੀ ਦੇ ਮੈਂਬਰ ਵਜੋਂ ਮੁੜ ਕੀਤਾ ਗਿਆ ਨਾਮਜ਼ਦ

Ludhiana Punjabi

DMT : ਲੁਧਿਆਣਾ : (28 ਸਤੰਬਰ 2023) : –

ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੂੰ ਇੱਕ ਹੋਰ ਸਾਲ ਲਈ ਸਿਹਤ ਅਤੇ ਪਰਿਵਾਰ ਭਲਾਈ ਬਾਰੇ  ਸਟੈਂਡਿੰਗ ਕਮੇਟੀ ਦੇ ਮੈਂਬਰ ਵਜੋਂ ਮੁੜ ਨਾਮਜ਼ਦ ਕੀਤਾ ਗਿਆ ਹੈ।

ਅਰੋੜਾ ਨੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਅਤੇ ਆਪਣੀ ਪਾਰਟੀ ਲੀਡਰਸ਼ਿਪ ਦਾ ਸਿਹਤ ਅਤੇ ਪਰਿਵਾਰ ਭਲਾਈ ਬਾਰੇ  ਸਟੈਂਡਿੰਗ ਕਮੇਟੀ ਦੇ ਮੈਂਬਰ ਵਜੋਂ ਉਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਕਰਨ ਜਾਂ ਉਨ੍ਹਾਂ ਦਾ ਕਾਰਜਕਾਲ ਵਧਾਉਣ ਲਈ ਧੰਨਵਾਦ ਕੀਤਾ ਹੈ। ਅੱਜ ਇੱਥੇ ਇੱਕ ਬਿਆਨ ਵਿੱਚ, ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਵਿੱਚ ਸਿਹਤ ਸਹੂਲਤਾਂ ਦੀ ਬਿਹਤਰੀ ਲਈ ਕੰਮ ਕਰਨ ਲਈ ਉਨ੍ਹਾਂ ਦੀ  ਕਾਬਲੀਅਤ ਵਿੱਚ ਦਿਖਾਏ ਗਏ ਭਰੋਸੇ ਲਈ ਧੰਨਵਾਦੀ ਹਨ।

ਅਰੋੜਾ ਨੇ ਕਿਹਾ ਕਿ ਉਹ ਸਮਾਜ ਦੀ ਭਲਾਈ ਅਤੇ ਬਿਹਤਰੀ ਲਈ ਕੰਮ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਆਯੂਸ਼ਮਾਨ ਭਾਰਤ ਨੂੰ ਲਾਗੂ ਕਰਨ, ਮਾਨਸਿਕ ਸਿਹਤ ਸੰਭਾਲ ਅਤੇ ਇਸ ਦੇ ਪ੍ਰਬੰਧਨ, ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ ਨੂੰ ਲਾਗੂ ਕਰਨ, ਕੇਂਦਰ ਸਰਕਾਰ ਦੀਆਂ ਸਿਹਤ ਸੇਵਾਵਾਂ (ਸੀਜੀਐਚਐਸ) ਦੇ ਕੰਮਕਾਜ ਅਤੇ ਮੈਡੀਕਲ ਸਿੱਖਿਆ ਦੀ ਗੁਣਵੱਤਾ ‘ਤੇ ਹੋਈ ਚਰਚਾ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਵਿੱਚੋਂ ਟੀਬੀ ਦੇ 100 ਫੀਸਦੀ ਖਾਤਮੇ ਲਈ ਵਚਨਬੱਧ ਹੈ।

ਅਰੋੜਾ, ਜੋ ਕਿ ਡੀਐਮਸੀਐਚ ਮੈਨੇਜਿੰਗ ਸੁਸਾਇਟੀ, ਲੁਧਿਆਣਾ ਦੇ ਮੀਤ ਪ੍ਰਧਾਨ ਵੀ ਹਨ, ਨੇ ਹਮੇਸ਼ਾ ਦੁਖੀ ਮਨੁੱਖਤਾ ਅਤੇ ਲੋੜਵੰਦ ਲੋਕਾਂ ਲਈ ਕੰਮ ਕਰਨ ਦੀ ਪਹਿਲਕਦਮੀ ਕੀਤੀ ਹੈ। ਉਨ੍ਹਾਂ ਦੇ ਇਸ ਉਪਰਾਲੇ ਸਦਕਾ ਨਵੀਂ ਦਿੱਲੀ ਦੇ ਰਹਿਣ ਵਾਲੇ ਕਰੀਬ ਡੇਢ ਸਾਲ ਦੇ ਕਨਵ ਜਾਂਗੜਾ ਦਾ 17.50 ਕਰੋੜ ਰੁਪਏ (21 ਲੱਖ ਅਮਰੀਕੀ ਡਾਲਰ) ਦਾ ਇਲਾਜ ਹੋ ਸਕਿਆ ਹੈ। ਅਰੋੜਾ ਦੀ ਪਹਿਲਕਦਮੀ ‘ਤੇ ਸ਼ਹਿਰ-ਅਧਾਰਤ ਐਨਜੀਓ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਅਤੇ ਸਮਵੇਦਨਾ ਟਰੱਸਟ ਦੁਆਰਾ ਦਾਨ ਦੀ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਹੀ ਕਨਵ ਦੇ ਇਲਾਜ ਲਈ ਵੱਡੀ ਰਕਮ ਇਕੱਠੀ ਕੀਤੀ ਗਈ ਸੀ।

ਅਰੋੜਾ ਦੁਆਰਾ ਸ਼ਹਿਰ ਸਥਿਤ ਐਨਜੀਓ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਨੂੰ ਸਾਲਾਂ ਤੋਂ ਚਲਾਇਆ ਜਾ ਰਿਹਾ ਹੈ। ਇਹ  ਐਨਜੀਓ ਹਰ ਸਾਲ ਅਕਤੂਬਰ ਮਹੀਨੇ ਵਿੱਚ ਬ੍ਰੈਸਟ ਕੈਂਸਰ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਦੀ ਹੈ। ਅਰੋੜਾ ਨੇ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬ੍ਰੈਸਟ ਕੈਂਸਰ ਸਬੰਧੀ ਜਾਗਰੂਕਤਾ ਲਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇੱਥੇ ਦੱਸ ਦੇਈਏ ਕਿ ਅਕਤੂਬਰ ਦਾ ਮਹੀਨਾ ਬ੍ਰੈਸਟ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਜਾਣਿਆ ਜਾਂਦਾ ਹੈ। ਕ੍ਰਿਸ਼ਨਾ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਵਿੱਚ ਹੁਣ ਤੱਕ 250 ਤੋਂ ਵੱਧ ਕੈਂਸਰ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਾ ਹੈ।

ਅਰੋੜਾ ਨੇ ਸਾਰਿਆਂ ਲਈ ਸਸਤੀਆਂ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਵੀ ਕਾਫੀ ਕੰਮ ਕੀਤਾ ਹੈ। ਉਨ੍ਹਾਂ ਨੇ ਇਹ ਮੁੱਦਾ ਲਗਭਗ ਹਰ ਪਲੇਟਫਾਰਮ ‘ਤੇ ਉਠਾਇਆ ਹੈ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਸਿਹਤ ਸੇਵਾਵਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ, ਜਿਸ ਕਾਰਨ ਆਮ ਆਦਮੀ ਲਈ ਇਸ ਨੂੰ ਚੁੱਕਣਾ ਬਹੁਤ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਨੂੰ ਸਾਰਿਆਂ ਲਈ ਕਿਫਾਇਤੀ ਬਣਾਉਣਾ ਇਸ ਸੈਕਟਰ ਦੇ ਸਾਰੇ ਹਿੱਸੇਦਾਰਾਂ ਦੀ ਜ਼ਿੰਮੇਵਾਰੀ ਹੈ।

Leave a Reply

Your email address will not be published. Required fields are marked *