ਆਗਾਮੀ ਨਗਰ ਨਿਗਮ ਚੋਣਾਂ ਲਈ ਡਰਾਫਟ ਵੋਟਰ ਸੂਚੀਆਂ ਤਿਆਰ, 31 ਅਕਤੂਬਰ ਤੱਕ ਦਾਇਰ ਕੀਤੇ ਜਾ ਸਕਦੇ ਹਨ ਇਤਰਾਜ਼ –  ਡਿਪਟੀ ਕਮਿਸ਼ਨਰ

Ludhiana Punjabi
  • ਕਿਹਾ! ਸਾਰੇ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਕਰਨ ਤੋਂ ਬਾਅਦ 10 ਨਵੰਬਰ ਨੂੰ ਅੰਤਿਮ ਚੋਣਕਾਰ ਸੂਚੀ ਕੀਤੀ ਜਾਵੇਗੀ ਪ੍ਰਕਾਸ਼ਿਤ

DMT : ਲੁਧਿਆਣਾ : (23 ਅਕਤੂਬਰ 2023) : –

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸੁਰਭੀ ਮਲਿਕ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਨਗਰ ਨਿਗਮ ਲੁਧਿਆਣਾ ਦੀਆਂ ਆਗਾਮੀ ਚੋਣਾਂ ਲਈ ਡਰਾਫਟ ਵੋਟਰ ਸੂਚੀਆਂ ਤਿਆਰ ਹਨ ਅਤੇ ਲੋਕਾਂ ਵਲੋਂ ਜੇਕਰ ਕੋਈ ਇਤਰਾਜ਼ ਹੋਵੇ ਤਾਂ ਉਹ 31 ਅਕਤੂਬਰ, 2023 ਤੱਕ ਦਰਜ ਕਰਵਾ ਸਕਦੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਦੀ ਵਚਨਬੱਧਤਾ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਦਾ ਖਰੜਾ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਖਰੜਾ ਪ੍ਰਕਾਸ਼ਨਾ ਪਹਿਲਾਂ ਹੀ ਹੋ ਚੁੱਕੀ ਹੈ, ਹੁਣ ਵੋਟਰ 31 ਅਕਤੂਬਰ ਤੱਕ ਆਪਣੇ ਦਾਅਵੇ ਅਤੇ ਇਤਰਾਜ਼ ਦਾਇਰ ਕਰ ਸਕਦੇ ਹਨ, ਉਨ੍ਹਾਂ ਕਿਹਾ ਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 8 ਨਵੰਬਰ ਤੱਕ ਯਕੀਨੀ ਬਣਾਇਆ ਜਾਵੇਗਾ ਅਤੇ ਅੰਤਿਮ ਪ੍ਰਕਾਸ਼ਨ 10 ਨਵੰਬਰ, 2023 ਨੂੰ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਲੋਕ ਵੋਟਰ ਸੂਚੀ ਬਾਰੇ ਆਪਣੇ ਇਤਰਾਜ਼ ਅਤੇ ਦਾਅਵੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਕੋਲ ਨਿਰਧਾਰਤ ਸਮਾਂ ਸੀਮਾ ਦੇ ਅੰਦਰ 31 ਅਕਤੂਬਰ, 2023 ਤੱਕ ਦਰਜ ਕਰਵਾ ਸਕਦੇ ਹਨ। ਨਗਰ ਨਿਗਮ ਖੇਤਰ ਲਈ ਈ.ਆਰ.ਓਜ਼ ਦੀ ਸੂਚੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਏ.ਈ.ਟੀ.ਸੀ-1 ਵਾਰਡ ਨੰਬਰ 2 ਤੋਂ 7 ਅਤੇ 11 ਤੋਂ 15 ਲਈ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਹੋਣਗੇ ਜਦਕਿ ਵਾਰਡ ਨੰਬਰ 16 ਤੋਂ 26 ਲਈ ਐਸ.ਡੀ.ਐਮ. ਲੁਧਿਆਣਾ ਪੂਰਬੀ, ਐਸ.ਡੀ.ਐਮ. ਪਾਇਲ ਵਾਰਡ ਨੰਬਰ 27, 31 ਤੋਂ 39 ਅਤੇ 43 ਲਈ, ਸਕੱਤਰ ਆਰ.ਟੀ.ਏ. ਵਾਰਡ ਨੰਬਰ 40 ਤੋਂ 42 ਅਤੇ 44 ਤੋਂ 51, ਐਸ.ਡੀ.ਐਮ. ਜਗਰਾਉਂ ਵਾਰਡ ਨੰਬਰ 30, 52, 74 ਤੋਂ 80 ਅਤੇ 82, ਈ.ਓ. ਗਲਾਡਾ ਵਾਰਡ 01, 86 ਤੋਂ 95, ਐਸ.ਡੀ.ਐਮ. ਰਾਏਕੋਟ ਵਾਰਡ ਨੰਬਰ 8 ਤੋਂ 10, 28, 29, 81, 83-85, ਐਸ.ਡੀ.ਐਮ. ਲੁਧਿਆਣਾ ਪੱਛਮੀ ਵਾਰਡ ਨੰਬਰ 63 ਤੋਂ 73 ਲਈ ਅਤੇ ਐਸ.ਡੀ.ਐਮ. ਖੰਨਾ ਲੁਧਿਆਣਾ ਨਗਰ ਨਿਗਮ ਦੇ ਵਾਰਡ ਨੰਬਰ 53 ਤੋਂ 62 ਲਈ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਹੋਣਗੇ।

ਉਨ੍ਹਾਂ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਗਰ ਨਿਗਮ ਲੁਧਿਆਣਾ ਦੀਆਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ। ਡਿਪਟੀ ਕਮਿਸ਼ਨਰ ਮਲਿਕ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਤਿਆਰੀ ਦਾ ਸਮੁੱਚਾ ਕੰਮ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪਾਬੰਦ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੀਆਂ ਇਨ੍ਹਾਂ ਚੋਣਾਂ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ, ਏ.ਈ.ਟੀ.ਸੀ. ਇਹ ਦਾਅਵੇ ਅਤੇ ਇਤਰਾਜ਼ ਸਹਾਇਕ ਕਮਿਸ਼ਨਰ ਸਟੇਟ ਟੈਕਸ ਲੁਧਿਆਣਾ-1, ਨਿਊ ਬਿਲਡਿੰਗ ਜੀ.ਐਸ.ਟੀ. ਭਵਨ, ਪਹਿਲੀ ਮੰਜ਼ਿਲ, ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਪ੍ਰਾਪਤ ਕਰਨਗੇ ਜਦਕਿ ਐਸ.ਡੀ.ਐਮ. ਪੂਰਬੀ ਆਪਣੇ ਦਫ਼ਤਰ, ਮਿੰਨੀ ਸਕੱਤਰੇਤ ਲੁਧਿਆਣਾ ਵਿਖੇ, ਐਸ.ਡੀ.ਐਮ. ਪਾਇਲ ਜ਼ਿਲ੍ਹਾ ਉਦਯੋਗ ਕੇਂਦਰ, ਨੇੜੇ ਐਸ.ਬੀ.ਆਈ. ਬੈਂਕ, ਇੰਡਸਟਰੀਅਲ ਅਸਟੇਟ, ਮਿਲਰ ਗੰਜ, ਲੁਧਿਆਣਾ, ਸਕੱਤਰ ਆਰ.ਟੀ.ਏ. ਕਮਰਾ ਨੰਬਰ 1, ਪੰਚਾਇਤ ਭਵਨ, ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਲੁਧਿਆਣਾ, ਐਸ.ਡੀ.ਐਮ. ਜਗਰਾਓਂ ਡਿਪਟੀ ਡਾਇਰੈਕਟਰ ਬਾਗਬਾਨੀ (ਵੇਰਕਾ ਮਿਲਕ ਪਲਾਂਟ) ਵਿਖੇ, ਈ.ਓ. ਗਲਾਡਾ ਆਪਣੇ ਦਫ਼ਤਰ ਵਿਖੇ ਕਮਰਾ ਨੰਬਰ 108, (ਜੀ.ਐਫ) ਨੇੜੇ ਰਾਜਗੁਰੂ ਨਗਰ, ਫਿਰੋਜ਼ਪੁਰ ਰੋਡ ਲੁਧਿਆਣਾ, ਐਸ.ਡੀ.ਐਮ. ਰਾਏਕੋਟ, ਕਮਰਾ ਨੰਬਰ 04 ਦਫ਼ਤਰ ਮਾਰਕੀਟ ਕਮੇਟੀ, ਦਾਣਾ ਮੰਡੀ, ਸਲੇਮ ਟਾਬਰੀ, ਲੁਧਿਆਣਾ, ਐਸ.ਡੀ.ਐਮ. ਲੁਧਿਆਣਾ ਪੱਛਮੀ ਆਪਣੇ ਦਫ਼ਤਰ ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਅਤੇ ਐਸ.ਡੀ.ਐਮ. ਖੰਨਾ ਬੀ.ਡੀ.ਪੀ.ਓ ਦਫ਼ਤਰ ਲੁਧਿਆਣਾ-1, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ।

Leave a Reply

Your email address will not be published. Required fields are marked *