ਆਪ ਦੇ ਜਿੱਤੇ ਵਿਧਾਇਕਾਂ ਦੀ ਜਨਤਾ ਵਿੱਚ ਨਹੀਂ ਪੈਠ,ਰਿੰਕੂ ਨੂੰ ਟਿਕਟ ਦੇ ਕੇ ਆਪ ਸਰਕਾਰ ਨੇ ਕੀਤਾ ਇਹ ਸਾਬਿਤ:ਬੈਂਸ

Ludhiana Punjabi
  • ਵੋਟਾਂ ਪੈਣ ਅਤੇ ਨਤੀਜੇ ਆਉਣ ਤੋਂ ਪਹਿਲੀ ਹੀ ਕਬੂਲੀ ਹਾਰ 

DMT : ਲੁਧਿਆਣਾ : (07 ਅਪ੍ਰੈਲ 2023) : – ਜਲੰਧਰ ਲੋਕ ਸਭਾ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਹਾਰੇ ਹੋਏ ਐਮ ਐਲ ਏ ਨੂੰ ਆਪਣਾ  ਉਮੀਦਵਾਰ ਬਣਾਉਣ ਤੇ ਇਹ ਸਪਸ਼ਟ ਰੂਪ ਵਿੱਚ ਪ੍ਰਵਾਨ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਅੰਦਰ ਆਉਂਦੇ ਵਿਧਾਨਸਭਾ ਹਲਕਿਆ ਤੋਂ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਵਿਧਾਇਕਾ ਦੀ ਲੋਕਾਂ ਵਿੱਚ ਕੋਈ ਪੈਂਠ ਨਹੀਂ ਹੈ ਅਤੇ ਨਾਂ ਹੀ ਉਹਨਾਂ ਦੀ ਲੋਕਾਂ ਵਿੱਚ ਕੋਈ ਪਕੜ ਹੈ।ਇਸਦੇ ਨਾਲ ਹੀ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਵੀ ਜਮੀਨੀ ਪੱਧਰ ਤੇ ਲੋਕਾਂ ਨਾਲ ਕੋਈ ਸਾਂਝ ਨਹੀਂ ਹੈ।ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਕਾਂਗਰਸ ਪਾਰਟੀ ਦਾ ਹਾਰਿਆ ਹੋਇਆ ਵਿਧਾਇਕ  ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਵਿਧਾਇਕਾਂ ਤੇ ਆਗੂਆਂ ਤੋਂ ਵੱਧ ਰੁਤਬਾ ਰਖਦਾ ਹੈ।ਜਿਸ ਕਰਕੇ ਆਮ ਆਦਮੀ ਪਾਰਟੀ ਨੇ ਉਹਨੂੰ ਆਪਣਾ ਉਮੀਦਵਾਰ ਘੋਸ਼ਿਤ  ਕਰਕੇ ਸਿਰਫ ਸਨਮਾਨ ਜਨਕ ਤਰੀਕੇ ਦੀ ਹਾਰ ਮਿਲ ਜਾਵੇ,ਹੋਰ ਇਸ ਤੋਂ ਵੱਧ ਕੁਝ ਵੀ ਨਹੀਂ ।ਇਹ ਵਿਚਾਰ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੀਡੀਆ ਨੂੰ ਸੰਬੋਧਨ ਕਰਦਿਆ ਕਹੇ।ਬੈਂਸ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਹਾਰੇ ਹੋਏ ਵਿਧਾਇਕ ਨੂੰ ਆਪਣਾ ਉਮੀਦਵਾਰ ਬਣਾ ਕੇ ਵੋਟਾਂ ਪੈਣ ਅਤੇ ਨਤੀਜੇ ਆਉਣ ਤੋਂ ਪਹਿਲਾਂ ਹੀ ਆਪਣੀ ਹਾਰ ਮੰਨ ਲਈ ਹੈ। ਬੈਂਸ ਨੇ ਅੱਗੇ ਕਿਹਾ ਕਿ ਸੀ ਐਮ  ਦੇ ਆਪਣੇ ਘਰ ਦੇ ਸ਼ਹਿਰ ਜਿਥੋਂ ਉਹ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਹੋਣ,ਜ਼ਿਮਨੀ ਚੋਣ ਵਿੱਚ ਵੀ ਆਮ ਆਦਮੀ ਪਾਰਟੀ  ਨੂੰ ਜਿੱਥੇ ਜਿੱਤ ਦੀ ਉਮੀਦ ਸੀ ਉਥੇ ਵੀ ਉਹਨੂੰ  ਹਾਰ ਦਾ ਮੂੰਹ ਦੇਖਣਾ ਪਿਆ ਅਤੇ ਹੁਣ ਉਹ  ਸੁਪਨੇ  ਵਿਚ ਵੀ ਨਾ ਸੋਚੇ ਕਿ ਉਹ  ਜਲੰਧਰ ਜ਼ਿਮਨੀ ਚੋਣਾਂ ਵਿੱਚ ਜਿੱਤ ਪ੍ਰਾਪਤ ਕਰੇਗੀ। ਕਿਉ ਕਿ  ਸੁਸ਼ੀਲ ਰਿੰਕੂ ਨੂੰ ਟਿਕਟ ਦੇ ਕੇ ਉਸਨੇ ਆਪਣੀ ਹਾਰ ਪਹਿਲਾਂ ਹੀ ਕਬੂਲ ਕਰ ਲਈ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਅੰਦਰ ਸਭ ਤੋਂ ਵੱਧ ਮੁਫ਼ਤ ਬਿਜਲੀ ਸਕੀਮ ਲਾਭ ਲੈਣ ਵਾਲੇ ਪਰਿਵਾਰ ਜਲੰਧਰ ਹਲਕੇ ਵਿੱਚ ਹਨ।ਪਰ ਅੱਜ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਨਹੀਂ,ਸੰਗੋ ਵਧੀਆ ਕਾਨੂੰਨ ਵਿਵਸਥਾ,ਅਮਨ ਸ਼ਾਂਤੀ ਅਤੇ  ਤਰੱਕੀ ਦਾ ਮਾਹੌਲ ਚਾਹੁੰਦੇ ਹਨ।ਜੋਂ ਕਿ ਪਿਛਲੇ ਇੱਕ ਸਾਲ ਤੋਂ ਪੰਜਾਬ ਵਿੱਚ ਨਹੀਂ ਦਿੱਖ ਰਿਹਾ। ਵਿਰੋਧੀ ਧਿਰ ਵਿਚ ਰਹਿ ਕੇ ਦੂਜਿਆ ਚ ਖੂਬ ਨੁਕਸ ਕਢ ਕੇ ਆਪਣੇ ਆਪ ਨੂੰ ਸੱਚਾ ਕ੍ਰਾਂਤੀਕਾਰੀ ਤੇ ਇਨਕਲਾਬੀ ਦਸਣਾ ਬਹੁਤ ਆਸਾਨ ਹੁੰਦਾ ਪਰ ਜਦੋਂ ਖੁਦ ਸਰਕਾਰ ਚ ਆ ਜਾਵੋ ਫੇਰ ਪਤਾ ਲਗਦਾ।ਅੱਜ ਲੋਕ ਸਵਾਲ ਕਰਦੇ ਹਨ ਕਿ ਵੀ ਵੀ ਆਈ ਪੀ ਕਲਚਰ ਖ਼ਤਮ ਕਰਨ ਵਾਲਾ ਬੰਦਾ ਖੁਦ ਆਪ ਅਤੇ ਉਸਦਾ ਟੱਬਰ ਸੈਕੜੇ ਗੰਨਮੈਨ ਕਾਹਦੇ ਵਾਸਤੇ ਲਈ ਫਿਰਦਾ।ਲੋਕ ਓਹ ਦਿਨ ਨਹੀਂ ਭੁੱਲੇ ਜਦੋਂ ਵਿਰੋਧ ਵਿਚ ਹੁੰਦੇ ਹੋਏ ਲੋਕਾ ਨੂੰ ਉਕਸਾਇਆ ਜਾਂਦਾ ਸੀ ਕਿ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੇ ਡਲ਼ੇ ਮਾਰੋ । ਹੁਣ ਪੰਜਾਬ ਦੀ ਜਨਤਾ ਨਾਲ ਕੀਤੇ ਹੋਏ ਵਾਇਦੇ ਪੂਰੇ ਨਹੀਂ ਹੋਏ ਤਾਂ ਲੋਕ ਹੁਣ ਤੁਹਾਡੇ ਡਲ਼ੇ ਮਾਰਨਗੇ।ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਲੋ ਸਾਡਾ ਕੰਮ ਬੋਲਦਾ ਦੇ ਪੋਸਟਰ ਲਾਏ ਜਾ ਰਹੇ ਹਨ ਜਦਕਿ ਪੰਜਾਬ ਵਿੱਚ ਸਾਡਾ ਕੰਮ ਬੋਲਦਾ ਦੇ ਨਹੀ ਪੰਜਾਬ ਵਿੱਚ ਗੈਂਗਸਟਰ ਬੋਲਦਾ ਦੇ ਪੋਸਟਰ  ਆਮ ਆਦਮੀ ਪਾਰਟੀ ਨੂੰ ਲਗਾਣੇ ਚਾਹੀਦੇ ਹਨ।

Leave a Reply

Your email address will not be published. Required fields are marked *