ਆਪ’ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ‘ਚ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਹੋਈ ਬਦਤਰ: ਬੈਂਸ 

Ludhiana Punjabi
  • ਪਹਿਲੇ ਸਾਲ ਹੀ ਸਰਕਾਰ ਤੋਂ ਲੋਕਾਂ ਦਾ ਮੋਹ ਹੋਇਆ ਭੰਗ

DMT : ਲੁਧਿਆਣਾ : (17 ਮਾਰਚ 2023) : – ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਤੇ ਲੋਕ ਇਨਸਾਫ ਪਾਰਟੀ ਦੇ ਮੁੱਖੀ ਸਰਦਾਰ ਸਿਮਰਜੀਤ ਸਿੰਘ ਬੈਂਸ ਨੇ ਭਗਵੰਤ ਮਾਨ ਸਰਕਾਰ ਦੇ ਵਿਰੁਧ ਬੋਲਦਿਆਂ ਕਿਹਾ ਕਿ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ‘ਚ ਹੀ ਸੂਬੇ ‘ਚ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ, ਜਿਸ ਕਾਰਨ ਗੈਂਗਸਟਰ, ਅਪਰਾਧੀ, ਮਾਫੀਆ ਅਤੇ ਦੇਸ਼ ਵਿਰੋਧੀ ਤਾਕਤਾਂ ਨਿਡਰ ਹੋ ਕੇ ਸਰਕਾਰ ਨੂੰ ਚੁਣੌਤੀ ਦੇ ਰਹੇ ਹਨ ਅਤੇ ਆਪਣੇ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ l ਜਦੋਂਕਿ ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ।  ਜਿਸ ਕਾਰਨ ਪਿਛਲੇ ਇੱਕ ਸਾਲ ਵਿੱਚ ਪੰਜਾਬ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਆਪਣੀ ਜਾਨ ਗੁਆ ​​ਚੁੱਕੀਆਂ ਹਨ ਪਰ ਅੱਜ ਤੱਕ ਪੰਜਾਬ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ ਅਤੇ ਪੰਜਾਬ ਦੀ ਜਨਤਾ ਦਾ ਪਹਿਲੇ ਸਾਲ ਹੀ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ l

ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਕੋਟ ਮੰਗਲ ਸਿੰਘ ਵਿਖ਼ੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ l ਸਾਬਕਾ ਵਿਧਾਇਕ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਇੱਕ ਸਾਲ ਤੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ  ਹੋਣ ਦਾ  ਰਟਿਆ ਹੋਇਆ ਜਵਾਬ ਦਿੰਦੇ ਆ ਰਹੇ ਹਨ । ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਜੇਕਰ ਅਜਿਹੇ ਹਾਲਾਤਾਂ ਵਿੱਚ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਠੀਕ ਹੈ ਤਾਂ ਸਥਿਤੀ ਕਿਵੇਂ ਵਿਗੜਦੀ ਹੈ, ਇਸ ਬਾਰੇ ਭਗਵੰਤ ਮਾਨ ਨੂੰ ਜਨਤਾ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ? ਕੇਜਰੀਵਾਲ ਅਤੇ ਭਗਵੰਤ ਮਾਨ ਦੀ ਕਹਿਣੀ ਅਤੇ ਕਰਨੀ ਵਿਚਲਾ ਫਰਕ ਜਨਤਾ ਚੰਗੀ ਤਰ੍ਹਾਂ ਸਮਝ ਚੁੱਕੀ ਹੈl ਉਹਨਾਂ ਕਿਹਾ ਕਿ ਆਪ ਸਰਕਾਰ ਦੇ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਹੀ ਮੋਹਾਲੀ ‘ਚ ਪੰਜਾਬ ਪੁਲਸ ਇੰਟੈਲੀਜੈਂਸ ਦੀ ਮੁੱਖ ਇਮਾਰਤ ਅਤੇ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਰਾਕੇਟ ਲਾਂਚਰਾਂ ਨਾਲ ਹਮਲੇ ਕੀਤੇ ਗਏ, ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਅਤਿ-ਆਧੁਨਿਕ ਹਥਿਆਰਾਂ ਨਾਲ ਕਤਲ ਪੰਜਾਬ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਸਵਾਲੀਆ ਨਿਸ਼ਾਨ ਹੈ। ਨਸ਼ੇ ਉਤੇ ਬੋਲਦੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ

ਚੋਣਾਂ ਤੋਂ ਪਹਿਲਾਂ ਕੇਜਰੀਵਾਲ ਇਕ ਮਹੀਨੇ ‘ਚ ਪੰਜਾਬ ‘ਚੋਂ ਨਸ਼ਾ ਖਤਮ ਕਰਨ ਅਤੇ ਨਸ਼ੇ ਦੀ ਚੇਨ ਨੂੰ ਤੋੜਨ ਦੀਆਂ ਡੀਂਗਾਂ ਮਾਰਦੇ ਸਨ  ਪਰ ਇਕ ਸਾਲ ਪੂਰਾ ਹੋਣ ਤੋਂ ਬਾਅਦ ਵੀ ਸੂਬੇ ‘ਚ ਨਸ਼ਿਆਂ ਦੀ ਸਪਲਾਈ ‘ਚ ਕਮੀ ਨਹੀਂ ਆਈ ਹੈ, ਉਲਟਾ ਵਧੀ ਹੈ।.

ਦੂਜੇ ਪਾਸੇ ਭਗਵੰਤ ਮਾਨ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਸਰਕਾਰ ਦੇ ਦੋ ਕੈਬਨਿਟ ਮੰਤਰੀ ਅਤੇ ਇੱਕ ਵਿਧਾਇਕ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਜੇਲ੍ਹ ਵਿੱਚ ਹਨ ਅਤੇ ਪਤਾ ਨਹੀਂ ਕਿੰਨੇ ਹੋਰ ਜੇਲ੍ਹ ਜਾਣੇ ਬਾਕੀ ਹਨ।ਭਗਵੰਤ ਮਾਨ ਸਰਕਾਰ ਆਪਣੀਆਂ ਫਲਾਪ ਸਕੀਮਾਂ ਨੂੰ ਇਸ਼ਤਿਹਾਰਾਂ ਰਾਹੀਂ ਪ੍ਰਚਾਰ ਕੇ ਜਨਤਾ ਦੇ ਟੈਕਸਾਂ ਦੇ ਅਰਬਾਂ ਰੁਪਏ ਬਰਬਾਦ ਕਰ ਰਹੀ ਹੈ।  ਪੰਜਾਬ ਸਰਕਾਰ ਲੋਕ ਭਲਾਈ ਦੀ ਬਜਾਏ ਜਨਤਾ ਦੇ ਟੈਕਸ ਦਾ ਪੈਸਾ ਆਪਣੇ ਕੂੜ ਪ੍ਰਚਾਰ ਲਈ ਬਰਬਾਦ ਕਰ ਰਹੀ ਹੈ, ਜਿਸ ਤੋਂ ਪੰਜਾਬ ਦੇ ਲੋਕਾਂ ਨੂੰ ਸਾਫ ਦਿਸ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਡੰਗ ਟੱਪਾਈ ਕਰ ਰਹੀ ਹੈ ਅਤੇ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ l ਉਹਨਾਂ ਦਾਅਵਾ ਕੀਤਾ ਕਿ ਆਉਣ ਵਾਲਾ ਸਮਾਂ ਲੋਕ ਇਨਸਾਫ਼ ਪਾਰਟੀ ਦਾ ਹੈ ਅਤੇ ਪਾਰਟੀ ਦਾ ਹਰ ਵਰਕਰ ਘਰ ਘਰ ਜਾ ਕੇ ਸਰਕਾਰ ਦਾ ਭਾਂਡਾ ਭੰਨ੍ਹੇਗਾ ਅਤੇ ਲੋਕਾਂ ਨੂੰ ਜਾਗਰੂਕ ਕਰੇਗਾ l ਉਹਨਾਂ ਸਲਾਹ ਦਿੱਤੀ ਕਿ ਸਰਕਾਰ ਤੁਰੰਤ ਰਾਜਸਥਾਨ ਸਮੇਤ ਦਿੱਲੀ ਅਤੇ ਹਰਿਆਣਾ ਨੂੰ ਜਾਣ ਵਾਲੇ ਪਾਣੀ ਦੀ ਕੀਮਤ ਵਸੂਲੀ ਦਾ ਬਿੱਲ ਬਣਾ ਕੇ ਭੇਜੇ ਅਤੇ ਆਪਣੇ ਪੈਸੇ ਵਸੂਲ ਕਰੇ ਜਿਸ ਨਾਲ ਹਰ ਪੰਜਾਬੀ ਦੁਬਈ ਦੇ ਸ਼ੇਖਾਂ ਵਾਂਗ ਜੀਵਨ ਬਸਰ ਸ਼ੁਰੂ ਕਰ ਸਕੇ l 

Leave a Reply

Your email address will not be published. Required fields are marked *