- ਰੇਤ ਸਸਤੀ ਸਿਰਫ਼ ਅਖ਼ਬਾਰਾਂ ਤੱਕ ਸੀਮਤ, ਧਰਤੀ ‘ਤੇ ਕੁਝ ਵੀ ਨਹੀਂ
- ਚੰਗਾ ਹੋਵੇ ਜੇਕਰ ਆਪ ਸਰਕਾਰ ਦਿਹਾਤੀ ਖੇਤਰ ਵਿਚ ਸਨਅਤਾਂ ਨੂੰ ਉਤਸ਼ਾਹਿਤ ਕਰੇ ਅਤੇ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਨੂੰ ਪਹਿਲ ਦੇਵੇ
- ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਦੇ ਨਾਲ ਨਾਲ ਸਮਾਜਿਕ ਸੰਸਥਾਵਾਂ ਵੀ ਸਹਿਯੋਗ ਕਰਨ
DMT : ਲੁਧਿਆਣਾ : (04 ਫਰਵਰੀ 2023) : – ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਚੇਅਰਮੈਨ ਪੀ.ਐੱਸ.ਆਈ.ਡੀ.ਸੀ. ਨੇ ਅੱਜ ਇੱਕ ਲਿਖਤੀ ਬਿਆਨ ਰਾਹੀਂ ਪੰਜਾਬ ਦੀ ਆਪ ਸਰਕਾਰ ਵੱਲੋਂ 90 ਪੈਸੇ ਡੀਜ਼ਲ ਅਤੇ ਪੈਟਰੋਲ ਦੇ ਵਧਾਏ ਰੇਟਾਂ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਪਹਿਲਾਂ ਹੀ ਭਾਜਪਾ ਸਰਕਾਰ ਨੇ ਦੇਸ਼ ਅੰਦਰ ਮਹਿੰਗਾਈ ਨੂੰ ਪੂਰਾ ਉਤਸ਼ਾਹਿਤ ਕੀਤਾ ਹੈ। ਗ਼ਰੀਬ ਕਿਰਤੀ ਲੋਕਾਂ ਨੂੰ ਦੋ ਟਾਈਮ ਦੀ ਰੋਟੀ ਵੀ ਉਪਲਬਧ ਹੋਣੀ ਮੁਸ਼ਕਿਲ ਹੋਈ ਪਈ ਹੈ। ਉੱਪਰੋਂ ਪੰਜਾਬ ਦੀ ਆਪ ਸਰਕਾਰ ਨੇ ਮਹਿੰਗਾਈ ਦੌਰਾਨ ਤੇਲ ਦੇ ਰੇਟਾਂ ‘ਚ ਵਾਧਾ ਕਰਕੇ ਆਹੂਤੀ ਪਾਈ ਹੈ ਜਿਸ ਦੀ ਪੰਜਾਬ ਦੇ ਸਭ ਵਰਗ ਨਿੰਦਾ ਕਰਦੇ ਹਨ।
ਬਾਵਾ ਨੇ ਕਿਹਾ ਕਿ 2500 ਨੌਕਰੀਆਂ ਦਾ ਢੋਲ ਵਜਾਉਣ ਵਾਲੀ ਆਪ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਵਿਚ 12700 ਪਿੰਡ ਹਨ ਅਤੇ ਸ਼ਹਿਰ ਵੀ ਹਨ। ਜੇਕਰ ਰੇਸ਼ੋ ਕੱਢੀਏ ਤਾਂ ਇੱਕ ਪਿੰਡ ਨੂੰ ਇੱਕ ਨੌਕਰੀ ਮਿਲੀ ਹੈ। ਇਹ ਸਿਰਫ਼ ਸ਼ੋਸ਼ੇਬਾਜ਼ੀ ਤੋਂ ਸਿਵਾ ਕੁਝ ਵੀ ਨਹੀਂ । ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਲੋੜ ਹੈ ਭਗਵੰਤ ਮਾਨ ਦੀ ਸਰਕਾਰ ਪੇਂਡੂ ਨੌਜਵਾਨਾਂ ਦੀ ਨਬਜ਼ ‘ਤੇ ਹੱਥ ਰੱਖ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਦੀ ਕੋਸ਼ਿਸ਼ ਕਰੇ। ਬੇਰੁਜ਼ਗਾਰੀ ਖ਼ਤਮ ਕਰਨ ਲਈ ਪੇਂਡੂ ਖੇਤਰ ਵਿਚ ਸਨਅਤਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੇਂਡੂ ਨੌਜਵਾਨਾਂ ਦੇ ਹਰ ਹੱਥ ਨੂੰ ਕੰਮ ਦੇਣ ਲਈ ਖੇਤੀ, ਸਨਅਤਾਂ, ਬਾਗ਼ਬਾਨੀ, ਸਬਜ਼ੀਆਂ ਅਤੇ ਹੋਰ ਵੱਖ ਵੱਖ ਖੇਤਰਾਂ ਦੀ ਸਿਖਲਾਈ ਅਤੇ ਸਬਸਿਡੀ ਦੀ ਸਹੂਲਤ ਦੇ ਕੇ ਪੰਜਾਬ ਦੀ ਖ਼ੁਸ਼ਹਾਲੀ ਲਈ ਠੋਸ ਕਦਮ ਚੁੱਕਿਆ ਜਾਵੇ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਦੇ ਨਾਲ ਨਾਲ ਸਮਾਜਿਕ ਸੰਸਥਾਵਾਂ ਵੀ ਸਹਿਯੋਗ ਕਰਨ ਤਾਂ ਕਿ ਤੰਦਰੁਸਤ ਪੰਜਾਬ ਬਣੇ।