- ਵਾਹਨਾਂ ਦੀ ਪਾਸਿੰਗ ਸਬੰਧੀ ਆ ਰਹੀਆਂ ਸੁਣੀਆਂ ਸਮੱਸਿਆਵਾਂ, ਜਲਦ ਨਿਪਟਾਰੇ ਦਾ ਦਿੱਤਾ ਭਰੋਸਾ
- ਸਟਾਫ ਨੂੰ ਪੈਂਡਿੰਗ ਕੰਮ ਜਲਦ ਮੁਕੰਮਲ ਕਰਨ ਦੇ ਵੀ ਦਿੱਤੇ ਨਿਰਦੇਸ਼
DMT : ਲੁਧਿਆਣਾ : (02 ਅਪ੍ਰੈਲ 2023) : – ਸਕੱਤਰ ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਸਥਾਨਕ ਦਫ਼ਤਰ ਰਿਜਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਵਿਖੇ ਸਟਾਫ ਅਤੇ ਜ਼ਿਲ੍ਹੇ ਦੇ ਟਰਾਂਸਪੋਟਰਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਾਜ਼ਰ ਟਰਾਂਸਪੋਟਰਾਂ ਵੱਲੋਂ ਵਾਹਨਾਂ ਦੀ ਪਾਸਿੰਗ ਸਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂੰ ਕਰਵਾਇਆ ਗਿਆ। ਆਰ.ਟੀ.ਏ. ਵਲੋਂ ਵੀ ਜਲਦ ਮੁਸ਼ਕਿਲਾਂ ਦੇ ਨਿਪਟਾਰੇ ਦਾ ਭਰੋਸਾ ਦਿੱਤਾ ਗਿਆ।
ਟ੍ਰਾਂਸਪੋਰਟਰਾਂ ਵਲੋਂ ਆਰ.ਟੀ.ਏ. ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਨ੍ਹਾਂ ਨੂੰ ਵਹੀਕਲਾਂ ਦੀ ਪਾਸਿੰਗ ਕਰਵਾਉਣ ਲਈ ਕਾਫ਼ੀ ਮੁਸ਼ਕਿਲਾਂ ਆ ਰਹੀਆਂ ਹਨ। ਉਨ੍ਹਾ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਅੰਦਰ ਗੱਡੀਆਂ ਦੀ ਪਾਸਿੰਗ ਲਈ ਰੋਜ਼ਾਨਾ 90 ਆਨਲਾਇਨ ਸਲਾਟ ਹੁੰਦੇ ਹਨ, ਪਰੰਤੂ ਵਹੀਕਲਾਂ ਦੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੈ ਜਿਸ ਕਾਰਨ ਜ਼ਿਆਦਾਤਰ ਵਹੀਕਲਾਂ ਦੀ ਪਾਸਿੰਗ ਨਹੀਂ ਹੋ ਰਹੀ।
ਉਨ੍ਹਾਂ ਆਰ.ਟੀ.ਏ. ਲੁਧਿਆਣਾ ਨੂੰ ਇਹ ਵੀ ਬੇਨਤੀ ਕੀਤੀ ਕਿ ਲੁਧਿਆਣਾ ਵਿਖੇ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਦੀ ਡਿਊਟੀ ਸਿਰਫ਼ ਤਿੰਨ ਦਿਨਾਂ ਲਈ ਲੱਗੀ ਹੈ ਜਿਸ ਕਾਰਨ ਪਾਸਿੰਗ ਵਿੱਚ ਸਮੱਸਿਆ ਆ ਰਹੀ ਹੈ ਇਸ ਲਈ 2 ਮੋਟਰ ਵਹੀਕਲ ਇੰਸਪੈਟਰਾਂ ਲਗਾਏ ਜਾਣ ਤਾਂ ਜੋ ਸਮੇਂ ਸਿਰ ਵਹੀਕਲਾਂ ਦੀ ਪਾਸਿੰਗ ਹੋ ਸਕੇ।
ਇਸ ਤੋਂ ਇਲਾਵਾ ਆਨਲਾਇਨ ਸਲਾਟ ਦੀ ਅਪਾਉਂਟਮੈਂਟ ਲਗਭਗ 1 ਮਹੀਨੇ ਦੀ ਮਿਲਦੀ ਹੈ ਜਿਸ ਕਾਰਨ ਪਾਸਿੰਗ ਲਈ ਮੁਸ਼ਕਿਲ ਆ ਰਹੀ ਹੈ। ਟ੍ਰਾਂਸਪੋਰਟਰਾਂ ਵਲੋਂ ਇਹ ਵੀ ਗੁਜਾਰਿਸ਼ ਕੀਤੀ ਗਈ ਕਿ ਜਿਨ੍ਹਾਂ ਕਮਰਸ਼ੀਅਲ ਵਹੀਕਲਾਂ ਦੀ ਲੰਮੇ ਸਮੇਂ ਤੋਂ ਪਾਸਿੰਗ ਅਤੇ ਟੈਕਸ ਨਹੀਂ ਭਰੇ ਗਏ ਉਨ੍ਹਾਂ ਲਈ ਕੋਈ ਟੈਕਸ ਛੋਟ ਲਈ ਪਾਲਸੀ ਦੀ ਮੰਗ ਕੀਤੀ ਜਾਵੇ ਜਿਸ ਨਾਲ ਸਰਕਾਰ ਦੇ ਰੈਵੀਨਿਊ ਵਿੱਚ ਵੀ ਵਾਧਾ ਹੋ ਸਕੇ।
ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ, ਲੁਧਿਆਣਾ ਵੱਲੋਂ ਮੀਟਿੰਗ ਵਿੱਚ ਟਰਾਂਸਪੋਟਰਾਂ ਵੱਲੋਂ ਆ ਰਹੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਸੁਣਿਆ ਅਤੇ ਵਿਚਾਰਿਆ ਗਿਆ ਅਤੇ ਉਨ੍ਹਾਂ ਨੂੰ ਇਹ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਸਾਰਿਆਂ ਮੁਸ਼ਕਿਲਾਂ ਅਤੇ ਮੰਗਾਂ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਦੇ ਨਾਲ ਵਿਚਾਰ ਕਰਨਗੇ ਤਾਂ ਜੋ ਇਨ੍ਹਾਂ ਮੁਸ਼ਕਿਲਾਂ ਅਤੇ ਮੰਗਾਂ ਦਾ ਹੱਲ ਸਰਕਾਰ ਵੱਲੋਂ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਵੱਲੋਂ ਡਰਾਈਵਿੰਗ ਟੈਸਟ ਟਰੈਕ ‘ਤੇ ਸਟਾਫ਼ ਨੂੰ ਹਦਾਇਤ ਕੀਤੀ ਗਈ ਕਿ ਜਦੋਂ ਤੱਕ ਲਾਇਸੰਸ ਸਬੰਧੀ ਪੈਡਿੰਗ ਕੰਮ ਪੂਰਾ ਨਹੀਂ ਹੁੰਦਾ ਉਦੋ ਤੱਕ ਸ਼ਨੀਵਾਰ ਨੂੰ ਵੀ ਸਟਾਫ਼ ਟਰੈਕ ‘ਤੇ ਕੰਮ ਕਰੇਗਾ ਅਤੇ ਸਾਰੇ ਸਟਾਫ਼ ਨੂੰ ਹਦਾਇਤ ਕੀਤੀ ਗਈ ਕਿ ਆਪਣੀ ਸੀਟ ਨਾਲ ਸਬੰਧਤ ਜਿੰਨਾਂ ਵੀ ਕੰਮ ਪੈਡਿੰਗ ਚੱਲ ਰਿਹਾ ਨੂੰ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ।