ਇਤਿਹਾਸ ਵਿਚ ਪਹਿਲੀ ਵਾਰ ਦੁਸਹਿਰੇ ਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ

Chandigarh Punjabi
  • ਪ੍ਰਾਈਵੇਟ ਥਰਮਲ ਪਲਾਂਟਾਂ ਦੇ ਬਾਹਰ ਕਿਸਾਨਾਂ ਦੇ ਧਰਨੇ ਜਾਰੀ

DMT : ਚੰਡੀਗੜ੍ਹ : (26 ਅਕਤੂਬਰ 2020): – ਖੇਤੀਬਾੜੀ ਕਾਨੂੰਨਾਂ ਵਿਰੁਧ ਅੱਜ ਕਿਸਾਨਾਂ ਦੇ ਸੰਘਰਸ਼ ਨੂੰ ਕਰੀਬ ਮਹੀਨਾ ਹੋਣ ਵਾਲਾ ਹੈ ਪਰ ਮੋਦੀ ਸਰਕਾਰ ਦੇ ਕੰਨ ‘ਤੇ ਅਜੇ ਤਕ ਜੂੰ ਨਹੀਂ ਸਰਕੀ। ਪੰਜਾਬ ਦੇ ਕਿਸਾਨ ਮੋਦੀ ਸਰਕਾਰ ਦੇ ਇਸ ਰਵਈਏ ਤੋਂ ਤੰਗ ਆ ਚੁਕੇ ਹਨ ਕਿਉਂਕਿ ਵਾਰ-ਵਾਰ ਭਾਜਪਾਈ ਆਗੂਆਂ ਦੇ ਕਿਸਾਨ ਵਿਰੋਧੀ ਬਿਆਨ ਆ ਰਹੇ ਹਨ ਤੇ ਉਹ ਕਾਲੇ ਕਾਨੂੰਨਾਂ ਨੂੰ ਸਹੀ ਠਹਿਰਾ ਰਹੇ ਹਨ।
ਇਸੇ ਰੋਸ ਵਜੋਂ ਅੱਜ ਕਿਸਾਨ ਜਥੇਬੰਦੀਆਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਰਾਵਣ ਰੂਪੀ ਮੋਦੀ ਸਰਕਾਰ ਦੇ ਪੁਤਲੇ ਫੂਕਦੇ ਹੋਏ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਖੇਤੀ ਕਾਨੂੰਨਾਂ ਦਾ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਨਾਲ ਹੀ ਮੋਦੀ ਸਰਕਾਰ ਦੇ ਚਹੇਤੇ ਤੇ ਭਾਈਵਾਲ ਅਡਾਨੀ-ਅੰਬਾਨੀ ਆਦਿ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕਦੇ ਹੋਏ ਨਾਹਰੇਬਾਜ਼ੀ ਕੀਤੀ ਗਈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਭਾਵੇਂ ਮਾਲ ਗੱਡੀਆਂ ਲਈ ਰਸਤਾ ਦੇਣ ਦਾ ਫ਼ੈਸਲਾ ਕੀਤਾ ਸੀ ਪਰ ਉਨ੍ਹਾਂ ਨੇ ਪ੍ਰਾਈਵੇਟ ਥਰਮਲ ਪਲਾਟਾਂ ਅੱਗੇ ਪੱਕੇ ਧਰਨੇ ਲਾ ਰੱਖੇ ਹਨ। ਕਿਸਾਨ ਇਨ੍ਹਾਂ ਥਰਮਲ ਪਲਾਟਾਂ ਨੂੰ ਕੋਲੇ ਦੀ ਸਪਲਾਈ ਨਹੀਂ ਹੋਣ ਦੇ ਰਹੇ। ਸੱਭ ਤੋਂ ਵੱਧ ਪ੍ਰਭਾਵਤ ਰਾਜਪੁਰਾ ਤੇ ਵਣਾਂਵਾਲੀ (ਮਾਨਸਾ) ਵਾਲੇ ਥਰਮਲ ਪਲਾਂਟ ਹੋ ਰਹੇ ਹਨ।

ਪੰਜਾਬ ਵਿਚ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਮਾਲ ਗੱਡੀਆਂ ਨੂੰ ਚਲਾਉਣ ਦਾ ਫ਼ੈਸਲਾ ਕਰਨ ਤੋਂ ਬਾਅਦ ਹੁਣ ਕੇਂਦਰ ਦੀ ਮੋਦੀ ਸਰਕਾਰ ਨੇ ਮਾਲ ਗੱਡੀਆਂ ਸਣੇ ਸਾਰੀਆਂ ਗੱਡੀਆਂ ਨੂੰ ਸੂਬੇ ਵਿਚ ਅਗਲੇ ਹੁਕਮਾਂ ਤਕ ਚਲਾਉਣ ਤੋਂ ਬੰਦ ਕਰ ਦਿਤਾ ਗਿਆ ਹੈ। ਦਿਲਚਸਪ ਗੱਲ ਹੈ ਕਿ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਨੇ 22 ਅਕਤੂਬਰ ਤੋਂ ਮਾਲ ਗੱਡੀਆਂ ਚਲਾਉਣ ਦੀ ਹਰੀ ਝੰਡੀ ਦਿਤੀ ਸੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ
(ਉਗਰਾਹਾਂ) ਵਲੋਂ 23 ਅਕਤੂਬਰ ਨੂੰ ਬਣਾਂਵਾਲਾ ਥਰਮਲ ਪਲਾਂਟ ਨੂੰ ਜਾਂਦੇ ਰਾਹ ਰੋਕ ਲਏ ਗਏ ਅਤੇ 24 ਅਕਤੂਬਰ ਨੂੰ ਰਾਜਪੁਰਾ ਥਰਮਲ ਦਾ ਰਸਤਾ ਬੰਦ ਕਰ ਦਿਤਾ ਗਿਆ। ਉੱਤਰੀ ਰੇਲਵੇ ਦੇ ਉਚ ਅਧਿਕਾਰੀ ਨੇ ਦਸਿਆ ਕਿ ਪੰਜਾਬ ਵਿਚ ਮਾਲ ਗੱਡੀਆਂ ਦੀ ਆਵਾਜਾਈ ਅਗਲੇ ਹੁਕਮਾਂ ਤੱਕ ਰੋਕੀ ਗਈ ਹੈ। ਇਹ ਰੇਲ ਗੱਡੀਆਂ ਰੋਕਣ ਲਈ ਹੁਣ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਣ ਲੱਗਾ ਹੈ। ਇਹ ਵੀ ਪਤਾ ਲਗਿਆ ਕਿ ਉੱਤਰੀ ਰੇਲਵੇ ਨੇ ਇਹ ਫ਼ੈਸਲਾ ਲਿਆ ਹੈ ਕਿ ਮਾਲ ਗੱਡੀਆਂ ਦੀ ਸਾਰੀ ਆਵਾਜਾਈ ਉਦੋਂ ਹੀ ਸੰਭਵ ਹੋਵੇਗੀ, ਜਦੋਂ ਸਵਾਰੀ ਗੱਡੀਆਂ ਲਈ ਵੀ ਕਿਸਾਨ ਧਿਰਾਂ ਸਹਿਮਤ ਹੋਣਗੀਆਂ। ਕਿਸਾਨ ਦੁਸਹਿਰੇ ਮੌਕੇ ਰਾਵਣ ਦੀ ਥਾਂ ਮੋਦੀ ਦਾ ਪੁਤਲਾ ਫੂਕਣ ਦੀ ਤਿਆਰੀ ਕਰਦੇ ਹੋਏ।

Share:

Leave a Reply

Your email address will not be published. Required fields are marked *