DMT : ਲੁਧਿਆਣਾ : (02 ਫਰਵਰੀ 2023) : – ਪਸ਼ੂ ਪਾਲਣ ਵਿਗਿਆਨ ਦੀ ਸਿੱਖਿਆ ਲੈਣ ਲਈ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਵਿਗਿਆਨ ਦੇ ਵਿਸ਼ੇ ਉਨਾਂ ਦੀ ਆਪਣੀ ਜ਼ਿੰਦਗੀ ਅਤੇ ਆਲੇ-ਦੁਆਲੇ ਨਾਲ ਜੁੜੇ ਹੋਏ ਹਨ, ਇਸ ਲਈ ਉਹ ਬਹੁਤ ਨਿਪੁੰਨਤਾ ਨਾਲ ਇਨ੍ਹਾਂ ਖੇਤਰਾਂ ਵਿੱਚ ਅੱਗੇ ਵਧ ਸਕਦੇ ਹਨ। ਇਹ ਵਿਚਾਰ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਗੁਰਦੁਆਰਾ ਕਰਮਸਰ, ਰਾੜਾ ਸਾਹਿਬ ਟਰੱਸਟ ਵਿਖੇ ਆਪਣੇ ਦੌਰੇ ਦੌਰਾਨ ਸਾਂਝੇ ਕੀਤੇ।
ਡਾ. ਇੰਦਰਜੀਤ ਸਿੰਘ, ਰਾੜਾ ਸਾਹਿਬ ਟਰੱਸਟ ਵੱਲੋਂ ਯੂਨੀਵਰਸਿਟੀ ਦੇ ਤਕਨੀਕੀ ਸਹਿਯੋਗ ਨਾਲ ਸਥਾਪਿਤ ਕੀਤੇ ਗਏ ਡੇਅਰੀ ਫਾਰਮ ਡੇਅਰੀ ਫਾਰਮ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕਰਨ ਆਏ ਸਨ। ਟਰੱਸਟ ਵੱਲੋਂ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਉਹ ਡੇਅਰੀ ਫਾਰਮ ਵਿਖੇ ਆਉਣ ਅਤੇ ਆਪਣੇ ਤਕਨੀਕੀ ਤੇ ਪੇਸ਼ੇਵਰ ਸੁਝਾਅ ਦੇਣ। ਇਸ ਮੌਕੇ ਉਨ੍ਹਾਂ ਨਾਲ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ, ਪਸਾਰ ਸਿੱਖਿਆ ਵੀ ਮੌਜੂਦ ਸਨ। ਟਰੱਸਟ ਦੇ ਪ੍ਰਬੰਧਕ ਸ. ਮਨਿੰਦਰਜੀਤ ਸਿੰਘ ਬੈਨੀਪਾਲ (ਬਾਵਾ ਮਾਛੀਆਂ) ਨੇ ਉਨ੍ਹਾਂ ਨੂੰ ਡੇਅਰੀ ਫਾਰਮ ਅਤੇ ਟਰੱਸਟ ਵਲੋਂ ਚਲਾਏ ਜਾ ਰਹੇ ਦੂਸਰੇ ਸਮਾਜਿਕ ਕਾਰਜਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਪਸ਼ੂਧਨ ਪਾਲਣ ਦਾ ਕੰਮ ਵਿਗਿਆਨਕ ਲੀਹਾਂ ‘ਤੇ ਹੀ ਕਰਨਾ ਚਾਹੀਦਾ ਹੈ। ਉਨਾਂ ਨੇ ਉੱਥੇ ਕਾਰਜਸ਼ੀਲ ਸਟਾਫ ਨੂੰ ਬੜੇ ਮੁੱਲਵਾਨ ਸੁਝਾਅ ਦਿੱਤੇ। ਉਨਾਂ ਕਿਹਾ ਕਿ ਪਸ਼ੂਆਂ ਦੀ ਸਿਹਤ, ਪ੍ਰਜਣਨ ਅਤੇ ਦੁੱਧ ਦਾ ਪੂਰਨ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ। ਉਨਾਂ ਨੇ ਬਿਮਾਰੀਆਂ ਤੋਂ ਬਚਾਅ ਅਤੇ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਨੂੰ ਕਾਬੂ ਕਰਨ ਲਈ ਟੀਕਾਕਰਨ, ਪਸ਼ੂਆਂ ਦੀ ਜਾਂਚ ਅਤੇ ਸਹੀ ਮਿਕਦਾਰ ਵਿੱਚ ਦਵਾਈਆਂ ਦੇਣ ਪ੍ਰਤੀ ਜਾਗਰੂਕ ਕੀਤਾ। ਉਨਾਂ ਕਿਹਾ ਕਿ ਯੂਨੀਵਰਸਿਟੀ ਆਪਣੇ ਮਾਹਿਰ ਭੇਜ ਕੇ ਫਾਰਮ ਦੀ ਬਿਹਤਰੀ ਲਈ ਹਰ ਸੰਭਵ ਸਹਾਇਤਾ ਕਰੇਗੀ।
ਉਨਾਂ ਨੇ ਪਸ਼ੂਆਂ ਦੇ ਸ਼ੈੱਡ, ਸਾਈਲੇਜ ਯੂਨਿਟ, ਫੀਡ ਸਟੋਰ, ਮਿਲਕਿੰਗ ਪਾਰਲਰ ਅਤੇ ਬਾਇਓ ਗੈਸ ਪਲਾਂਟ ਸੰਬੰਧੀ ਵੀ ਆਪਣੇ ਸੁਝਾਅ ਦਿੱਤੇ। ਉਨਾਂ ਨੇ ਟਰੱਸਟ ਵੱਲੋਂ ਸਥਾਪਿਤ ਬੁਨਿਆਦੀ ਢਾਂਚੇ ਦੀ ਪ੍ਰਸੰਸਾ ਕੀਤੀ ਕਿ ਪਸ਼ੂਆਂ ਦੀ ਸਾਂਭ- ਸੰਭਾਲ ਲਈ ਬੜੇ ਵਧੀਆ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਪੰਜਾਬ ਵਿਚ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਡੇਅਰੀ ਫਾਰਮ ਸਥਾਪਿਤ ਹਨ, ਜੇ ਇਹ ਸਥਾਨ ਡੇਅਰੀ ਫਾਰਮ ਨੂੰ ਵਿਗਿਆਨਕ ਲੀਹਾਂ ਤੇ ਚਲਾਉਣਗੇ ਤਾਂ ਉਨ੍ਹਾਂ ਦੇ ਸ਼ਰਧਾਲੂ ਵੀ ਉਸੇ ਢੰਗ ਨਾਲ ਪਸ਼ੂ ਪਾਲਣ ਕਰਨਗੇ।
ਡਾ. ਇੰਦਰਜੀਤ ਸਿੰਘ ਨੇ ਸ. ਬਾਵਾ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਆਪਣੇ ਟਰੱਸਟ ਵਲੋਂ ਚਲਾਏ ਜਾ ਰਹੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਯੂਨੀਵਰਸਿਟੀ ਦਾ ਦੌਰਾ ਕਰਵਾਉਣ ਤਾਂ ਜੋ ਉਨ੍ਹਾਂ ਵਿੱਚ ਪਸ਼ੂ ਪਾਲਣ ਵਿਗਿਆਨ ਦੀ ਸਿੱਖਿਆ ਪ੍ਰਤੀ ਰੁਚੀ ਵਿਕਸਿਤ ਹੋਵੇ।
ਬਾਬਾ ਬਲਜਿੰਦਰ ਸਿੰਘ ਜੀ, ਮੁਖੀ ਸੰਪ੍ਰਦਾਇ ਰਾੜਾ ਸਾਹਿਬ ਨੇ ਵੀ ਉਪ-ਕੁਲਪਤੀ ਨਾਲ ਪਸ਼ੂ ਪਾਲਣ ਅਤੇ ਸਿੱਖਿਆ ਖੇਤਰ ਦੀਆਂ ਕਈ ਵਿਚਾਰ ਸਲਾਹਾਂ ਕੀਤੀਆਂ। ਉਨਾਂ ਨੇ ਡਾ. ਇੰਦਰਜੀਤ ਸਿੰਘ ਅਤੇ ਨਾਲ ਗਏ ਅਧਿਕਾਰੀਆਂ ਨੂੰ ਯਾਦਗਾਰੀ ਨਿਸ਼ਾਨੀਆਂ ਵੀ ਭੇਟ ਕੀਤੀਆਂ।