DMT : ਲੁਧਿਆਣਾ : (14 ਅਪ੍ਰੈਲ 2023) : – ਡਾ. ਸੁਖਦੇਵ ਸਿੰਘ ਗਰੇਵਾਲ ਉੱਘੇ ਅਰਥ ਸ਼ਾਸਤਰੀ, ਸਾਬਕਾ ਪ੍ਰੋਫ਼ੈਸਰ ਤੇ ਮੁਖੀ, ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ, ਪੀ ਏ ਯੂ ਦੇ ਦਾ 88 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ `ਲੋਕਾਂ ਦੇ ਅਰਥ ਸ਼ਾਸਤਰੀ` ਵਜੋਂ ਜਾਣੇ ਜਾਂਦੇ ਸਨ ਕਿਉਂਕਿ ਉਹ ਸਮਾਜ ਦੀਆਂ ਸਾਰੀਆਂ ਜ਼ਮੀਨੀ ਅਤੇ ਸਮਾਜਿਕ-ਆਰਥਿਕ ਸਮੱਸਿਆਵਾਂ ਤੋਂ ਜਾਣੂ ਸਨ। ਉਨ੍ਹਾਂ ਨੇ ਸਾਰੀ ਉਮਰ ਪੇਂਡੂ ਮਾਹੌਲ ਵਿੱਚ ਹੀ ਨਹੀਂ ਗੁਜ਼ਾਰੀ ਸਗੋਂ ਅਸਲ ਅਰਥਾਂ ਵਿੱਚ ‘ਧਰਤ ਪੁੱਤਰ’ ਬਣ ਕੇ ਜੀਵੇ ।
ਡਾ. ਗਰੇਵਾਲ ਨੇ ਫਾਰਮ ਪ੍ਰਬੰਧਨ, ਖੇਤੀਬਾੜੀ ਮੰਡੀਕਰਨ ਅਤੇ ਪਸਾਰ ਸਿੱਖਿਆ ਵਰਗੇ ਵਿਭਿੰਨ ਵਿਸਿ਼ਆਂ `ਤੇ ਅਰਥ ਸ਼ਾਸਤਰੀ ਪਹਿਲੂ ਤੋਂ ਬਹੁਤ ਜਿ਼ਆਦਾ ਖੋਜ ਕਾਰਜ ਕੀਤਾ। ਉਹ ਪੰਜਾਬ ਵਿੱਚ ਖੇਤੀ ਵਿਭਿੰਨਤਾ ਬਾਰੇ ਪੰਜਾਬ ਸਰਕਾਰ ਦੀ ਮਾਹਿਰ ਕਮੇਟੀ ਦੇ ਮੈਂਬਰ ਸਨ, ਜਿਸ ਦੀ ਪ੍ਰਧਾਨਗੀ ਡਾ. ਐਸ.ਐਸ. ਜੌਹਲ ਨੇ ਕੀਤੀ ਸੀ। ਡਾ. ਗਰੇਵਾਲ ਨੇ 1990 ਵਿੱਚ `ਪੰਜਾਬ ਦੇ ਜਲ ਸਰੋਤ – ਭਵਿੱਖ ਦੀ ਖੇਤੀ ਲਈ ਇੱਕ ਗੰਭੀਰ ਚਿੰਤਾ` ਵਿਸ਼ੇ `ਤੇ ਸਹਿ-ਲੇਖਕ ਵਜੋਂ ਰਿਪੋਰਟ ਦਿੱਤੀ, ਜਿਸ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਵੱਧ ਰਹੇ ਸ਼ੋਸ਼ਣ ਅਤੇ ਇਸ ਦੇ ਭਵਿੱਖ ਦੇ ਪ੍ਰਭਾਵਾਂ ਬਾਰੇ ਚਿੰਤਾਵਾਂ ਨੂੰ ਉਭਾਰਿਆ ਗਿਆ ਸੀ। ਉਨ੍ਹਾਂ ਦਾ ਬੁਲੇਟਿਨ “ਪੰਜਾਬ ਵਿੱਚ ਖੇਤੀ – ਜਲਵਾਯੂ ਖੇਤਰ` ਨੂੰ ਪੰਜਾਬ ਦੇ ਵਿਗਿਆਨਕ ਜਲਵਾਯੂ ਵਿਭਾਗ ਵੱਲੋਂ ਵਿਆਪਕ ਤੌਰ `ਤੇ ਸਵੀਕਾਰ ਕੀਤਾ ਗਿਆ ਅਤੇ ਖੋਜ ਦੇ ਵਿਹਾਰਕ ਉਦੇਸ਼ਾਂ ਲਈ ਵਰਤਿਆ ਜਾ ਰਿਹਾ ਹੈ।
ਡਾ. ਗਰੇਵਾਲ ਨੇ ਪੰਜਾਬ ਅਤੇ ਭਾਰਤ ਸਰਕਾਰ ਦੀਆਂ ਵੱਖ-ਵੱਖ ਮਾਹਿਰ ਕਮੇਟੀਆਂ ਦੀ ਨੁਮਾਇੰਦਗੀ ਵੀ ਕੀਤੀ ਅਤੇ ਪੰਜਾਬ ਵਿੱਚ ਖੇਤੀਬਾੜੀ ਦੀਆਂ ਸਮੱਸਿਆਵਾਂ, ਪੇਂਡੂ ਰੁਜ਼ਗਾਰ ਅਤੇ ਆਰਥਿਕਤਾ, ਰਾਵੀ ਬਿਆਸ ਦਰਿਆ ਦੇ ਪਾਣੀ ਦਾ ਵਿਵਾਦ, ਫਸਲਾਂ ਦੇ ਉਤਪਾਦਨ `ਤੇ ਲਾਗਤਾਂ ਨੂੰ ਘਟਾਉਣ ਲਈ ਨੀਤੀਆਂ ਸੁਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ ।
ਡਾ. ਗਰੇਵਾਲ ਦਾ ਭੋਗ ਅਤੇ ਅੰਤਿਮ ਅਰਦਾਸ 16 ਅਪ੍ਰੈਲ, 2023 ਦਿਨ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬੱਲੋਵਾਲ ਨੇੜੇ ਜੋਧਾਂ, ਲੁਧਿਆਣਾ ਵਿਖੇ ਦੁਪਹਿਰ 11.00-1.00 ਵਜੇ ਦਰਮਿਆਨ ਹੋਵੇਗੀ।