ਐਮ.ਪੀ ਅਰੋੜਾ ਨੇ ਨਰਾਇਣਾ ਈ-ਟੈਕਨੋ ਸਕੂਲ ਦੀ ਪਹਿਲੀ ਵਰ੍ਹੇਗੰਢ ਮੌਕੇ ਕੀਤੀ ਪ੍ਰਧਾਨਗੀ

Ludhiana Punjabi

DMT : ਲੁਧਿਆਣਾ : (04 ਮਾਰਚ 2023) : – ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਆਡੀਟੋਰੀਅਮ ਵਿਖੇ ਸ਼ਨੀਵਾਰ ਨੂੰ
ਨਰਾਇਣਾ ਈ-ਟੈਕਨੋ ਸਕੂਲ, ਲੁਧਿਆਣਾ ਦੇ ਪਹਿਲੇ ਸਲਾਨਾ ਦਿਵਸ ਅਤੇ ਇਨਾਮ ਵੰਡ ਸਮਾਰੋਹ ‘ਐਨ-ਵਿਸਟਾ’ ਦੀ ਪ੍ਰਧਾਨਗੀ ਕਰਦਿਆਂ, ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਨਰਾਇਣਾ ਟੀਮ ਨੂੰ 800 ਵਿਦਿਆਰਥੀਆਂ ਦੇ ਨਾਲ ਸਕੂਲ ਦਾ ਇੱਕ ਸਾਲ ਸਫਲਤਾਪੂਰਵਕ ਪੂਰਾ ਕਰਨ ਲਈ ਵਧਾਈ ਦਿੱਤੀ।

ਉਨ੍ਹਾਂ ਇਸ ਸਫਲਤਾ ਲਈ ਸਕੂਲ ਪ੍ਰਿੰਸੀਪਲ ਡਾ: ਨੀਤੂ ਸ਼ਰਮਾ, ਏ.ਜੀ.ਐਮ ਵਨੀਤ ਆਹੂਜਾ ਅਤੇ ਡੀ.ਜੀ.ਐਮ ਵਰੁਣ ਗਾਂਧੀ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਪੂਰੇ ਸੂਬੇ ਵਿੱਚ ਆਪਣੀ ਹੋਂਦ ਦਾ ਅਹਿਸਾਸ ਕਰਵਾਏਗਾ। ਉਨ੍ਹਾਂ ਕਿਹਾ ਕਿ ਇਹ ਸਕੂਲ ਆਪਣੇ ਵਿਦਿਆਰਥੀਆਂ ਨੂੰ 360 ਡਿਗਰੀ ਸਿੱਖਣ ਦਾ ਮਾਹੌਲ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਲੁਧਿਆਣਾ ਦੇ ਸਭ ਤੋਂ ਵਧੀਆ ਸਕੂਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਪੜ੍ਹਾਈ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਹੈਮਪਟਨ ਹੋਮਸ ਵਿੱਚ ਸਥਿਤ ਹੈ, ਜੋ ਕਿ ਸ਼ਹਿਰ ਦਾ ਇੱਕ ਪ੍ਰਮੁੱਖ ਪ੍ਰੋਜੈਕਟ ਹੈ।

ਅਰੋੜਾ ਨੇ ਕਿਹਾ ਕਿ ਇਹ ਸਕੂਲ ਨਾ ਸਿਰਫ਼ ਲੁਧਿਆਣਾ ਲਈ ਸਗੋਂ ਪੰਜਾਬ ਲਈ ਵੀ ਬਹੁਤ ਵੱਡੀ ਸੰਪੱਤੀ ਹੈ ਕਿਉਂਕਿ ਇਹ ਚਾਰ ਦਹਾਕੇ ਪੁਰਾਣੇ  ਨਰਾਇਣਾ ਗਰੁੱਪ ਦੁਆਰਾ ਚਲਾਇਆ ਜਾਂਦਾ ਹੈ, ਜਿਸ ਦੇ ਦੇਸ਼ ਭਰ ਵਿੱਚ ਕੁੱਲ 650 ਸਕੂਲ ਹਨ, ਜਿਨ੍ਹਾਂ ਵਿਚ ਲਗਭਗ 6 ਲੱਖ ਵਿਦਿਆਰਥੀਆਂ ਸਿਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਆਮ ਤੌਰ ‘ਤੇ ਸੀਬੀਐਸਈ ਸਿਲੇਬਸ ਪੜ੍ਹਾਉਂਦਾ ਹੈ, ਪਰ ਕਿਉਂਕਿ ਇਹ ਸਕੂਲ ਇੱਕ “ਈ-ਟੈਕਨੋ ਸਕੂਲ” ਹੈ, ਇਹ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਮੈਡੀਕਲ ਅਤੇ ਇੰਜੀਨੀਅਰਿੰਗ ਕੋਰਸਾਂ ਵਿੱਚ ਸ਼ਾਮਲ ਹੋਣ ਲਈ ਵੀ ਤਿਆਰ ਕਰਦਾ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਪੜ੍ਹਾਈ ਬਹੁਤ ਜ਼ਰੂਰੀ ਹੈ ਪਰ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਵੀ ਓਨੀ ਹੀ ਜ਼ਰੂਰੀ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਖੇਡਣ ਤੋਂ ਨਾ ਰੋਕਣ। ਉਨ੍ਹਾਂ  ਜ਼ੋਰ ਦੇ ਕੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਵਿਚਕਾਰ ਸੰਤੁਲਨ ਬਣਾਉਣ ਦਾ ਫੈਸਲਾ ਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਮਾਪੇ ਆਪਣੇ ਬੱਚਿਆਂ ਨੂੰ ਬੇਲੋੜੇ ਮੁਕਾਬਲੇ ਵਿੱਚ ਨਾ ਪਾਉਣ। ਉਨ੍ਹਾਂ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਦਾ ਆਦਰ ਕਰਨ ਵਰਗੇ ਕੁਝ ਬੁਨਿਆਦੀ ਸ਼ਿਸ਼ਟਾਚਾਰ ਸਿਖਾਉਣ।

ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਅਰੋੜਾ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ।

Leave a Reply

Your email address will not be published. Required fields are marked *