- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਕਾਂਗਰਸੀਆਂ ਨੂੰ ਬੂਸਟ (ਉਤਸ਼ਾਹਿਤ) ਕੀਤਾ ਅਤੇ ਭਾਰਤ ਵਾਸੀਆਂ ਅੱਗੇ ਭਾਜਪਾ ਦੀ ਅਸਲੀਅਤ ਪੇਸ਼ ਕੀਤੀ
DMT : ਲੁਧਿਆਣਾ : (15 ਮਾਰਚ 2023) : – ਅੱਜ ਕੁੱਲ ਹਿੰਦ ਕਾਂਗਰਸ ਵੱਲੋਂ ਓ.ਬੀ.ਸੀ. ਵਿਭਾਗ ਦੇ ਨਿਯੁਕਤ ਕੀਤੇ ਨੈਸ਼ਨਲ ਕੋਆਰਡੀਨੇਟਰ ਕ੍ਰਿਸ਼ਨ ਕੁਮਾਰ ਬਾਵਾ ਨੇ ਗਿੱਲ ਰੋਡ ਓ.ਬੀ.ਸੀ. ਦਫ਼ਤਰ ਵਿਖੇ ਮੀਟਿੰਗ ਕੀਤੀ ਜਿਸ ਵਿਚ ਓ.ਬੀ.ਸੀ. ਵਿਭਾਗ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ, ਜਗਦੀਪ ਸਿੰਘ ਲੋਟੇ, ਕਨਵੀਨਰ ਬਲਵਿੰਦਰ ਸਿੰਘ ਗੋਰਾ, ਪਾਲ ਸਿੰਘ ਮਠਾੜੂ ਜ਼ਿਲ੍ਹਾ ਚੇਅਰਮੈਨ, ਇਕਬਾਲ ਸਿੰਘ ਮੁੱਖ ਤੌਰ ‘ਤੇ ਹਾਜ਼ਰ ਹੋਏ।
ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ 71 ਜਾਤੀਆਂ ਦੀ (35% ਅਬਾਦੀ) ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਹਨਾਂ ਕਿਹਾ ਕਿ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਪੰਜਾਬ ‘ਚ ਲੁਬਾਣਾ, ਗੁੱਜਰ, ਬੈਰਾਗੀ (ਵੈਸ਼ਨਵ), ਲੁਹਾਰ, ਰਾਮਗੜ੍ਹੀਆਂ, ਕ੍ਰਿਸਚੀਅਨ, ਸੋਨੀ, ਸੈਣੀ, ਰਾਏ ਸਿੱਖ, ਧੋਬੀ, ਮਹਿਰਾ ਰਾਜਪੂਤ, ਸਨਿਆਸੀ ਬਾਵਾ, ਸੋਨੀ ਰਾਜਪੂਤ, ਕਸ਼ਚਪ, ਬਾਗੜੀਆ, ਕੰਬੋਜ, ਹਜਾਮ, ਘੁਮਾਰ, ਛੀਂਬਾ, ਝੀਵਰ ਆਦਿ ਹਨ ਪਰ ਪੰਜਾਬ ਸਰਕਾਰ ਵੱਲੋਂ ਮਿਊਂਸੀਪਲ ਕਮੇਟੀਆਂ ‘ਚ ਦਿੱਤੀ ਪ੍ਰਤੀਨਿਧਤਾ ਨਾ ਦੇ ਬਰਾਬਰ ਹੈ ਜੋ ਇਹਨਾਂ ਜਾਤੀਆਂ ਨਾਲ ਮਜ਼ਾਕ ਤੋਂ ਸਿਵਾ ਕੁਝ ਵੀ ਨਹੀਂ ਜੋ ਕਿ ਅਬਾਦੀ ਦੇ ਅਧਾਰ ‘ਤੇ 35% ਹਰ ਖੇਤਰ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ ਬਣਦੀ ਹੈ।
ਉਹਨਾਂ ਕਿਹਾ ਕਿ ਭਾਰਤ ਦਾ ਚੋਣ ਕਮਿਸ਼ਨ ਜਨ ਗਣਨਾ ਸਮੇਂ ਪਛੜੀਆਂ ਸ਼੍ਰੇਣੀਆਂ ਦਾ ਵੀ ਕਾਲਮ ਬਣਾਏ ਤਾਂ ਕਿ ਅਬਾਦੀ ਦੀ ਗਿਣਤੀ ਦਾ ਸਹੀ ਪਤਾ ਲੱਗ ਸਕੇ। ਉਹਨਾਂ ਕਿਹਾ ਕਿ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਲੋਕ ਗੈਰ ਕਾਸ਼ਤਕਾਰ ਹਨ। ਇਹ ਲੋਕ ਸੱਚੀ ਸੁੱਚੀ ਕਿਰਤ ਕਰਕੇ ਆਪਣੇ ਜੀਵਨ ਦਾ ਨਿਰਭਾ ਕਰਦੇ ਹਨ। ਉਹਨਾਂ ਕਿਹਾ ਕਿ ਇਹਨਾਂ ਨੇ ਕਿਰਤ ਰਾਹੀਂ ਨਵੀਂਆਂ ਕਾਢਾ ਕੱਢ ਕੇ ਭਾਰਤ ਦਾ ਨਾਮ ਦੁਨੀਆ ਵਿਚ ਰੌਸ਼ਨ ਕੀਤਾ ਹੈ ਜਿਨ੍ਹਾਂ ਵਿਚ ਰਾਮਗੜ੍ਹੀਆ ਕੌਮ ਪ੍ਰਮੁੱਖ ਸਥਾਨ ਰੱਖਦੀ ਹੈ।