ਕੇਂਦਰ ਨੇ ਪੰਜਾਬ ਲਈ ਧਾਰਿਆ ਸ਼ੈਤਾਨ ਦਾ ਰੂਪ – ਨਵਜੋਤ ਸਿੱਧੂ

Amrtisar Punjabi

DMT : ਅੰਮ੍ਰਿਤਸਰ : (26 ਅਕਤੂਬਰ 2020): – – ਅੱਜ ਦੁਸਹਿਰੇ ਦੇ ਵਿਸ਼ੇਸ਼ ਦਿਨ ‘ਤੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਲਾਈਵ ਹੋਏ ਹਨ। ਉਹਨਾਂ ਨੇ ਆਪਣੇ ਭਾਸ਼ਣ ਵਿਚ ਮੋਦੀ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਖਿਲਾਫ਼ ਡਟ ਕੇ ਖੜ੍ਹੇ ਹੋਣਾ ਪਵੇਗਾ ਤੇ ਜਿਵੇਂ ਰਾਵਣ ਦਾ ਅਹੰਕਾਰ ਟੁੱਟਿਆ ਸੀ, ਅੱਜ ਕੇਂਦਰ ਦੀ ਸਰਕਾਰ ਦਾ ਵੀ ਹੰਕਾਰ ਜ਼ਰੂਰ ਟੁੱਟੇਗਾ।

ਪੰਜਾਬ ਦੇ ਕਿਸਾਨਾਂ ਬਾਰੇ ਉਹਨਾਂ ਕਿਹਾ ਕਿ ਜਦੋਂ ਸਾਡਾ ਹਿੰਦੁਸਤਾਨ ਭੁੱਖਮਰੀ ਨਾਲ ਮਰ ਰਿਹਾ ਸੀ ਤਾਂ ਸਾਡੇ ਪੰਜਾਬ ਦੇ ਕਿਸਾਨ ਨੇ 80 ਕਰੋੜ ਲੋਕਾਂ ਦਾ ਢਿੱਡ ਭਰਿਆ ਤੇ ਹੁਣ ਮਹਿੰਗਾਈ ਦੇ ਨਾਲ-ਨਾਲ ਇਕ ਵਾਰ ਫਿਰ ਭੁੱਖਮਰੀ ਆਵੇਗੀ। ਉਹਨਾਂ ਕਿਹਾ ਕਿ ਗੋਦਾਮਾਂ ‘ਚ ਆਨਾਜ ਤਾਂ ਹੋਵੇਗਾ ਪਰ ਇਹ ਗਰੀਬਾਂ ਦੀ ਪਹੁੰਚ ਤੋਂ ਬਹੁਤ ਦੂਰ ਹੋਵੇਗਾ।

ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਸਾਡਾ ਜੀ ਐਸ ਟੀ ਦਾ ਬਕਾਇਆ ਵੀ ਦੱਬੀ ਬੈਠੀ ਹੈ ਤੇ ਲੰਮੇ ਸਮੇਂ ਤੋਂ ਬਕਾਇਆ ਵਾਪਸ ਨਹੀਂ ਕੀਤਾ। ਉਹਨਾਂ ਕਿਹਾ ਕਿ ਕਿਸਾਨੀ ਦੀ ਲੜਾਈ ਸਿਰਫ਼ ਐਮ ਐਸ ਪੀ ਤੇ ਮੰਡੀਆਂ ਤੱਕ  ਸੀਮਤ ਨਹੀਂ ਹੈ ਕਿਸਾਨ ਦੀ ਲੜਾਈ ਪਾਣੀਆਂ ਨੂੰ ਲੈ ਕੇ ਅਤੇ ਉਹਨਾਂ ਨੂੰ ਉਹਨਾਂ ਦੀ ਫਸਲ ਦਾ ਬਣਦਾ ਹੱਕ ਨਾ ਮਿਲਣ ਕਰ ਕੇ ਵੀ ਹੈ।

ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਹਰ ਮਸਲੇ ਦਾ ਹੱਲ ਕੱਢ ਸਕਦੀ ਹੈ ਪਰ ਸਾਰੀਆਂ ਸਿਆਸੀ ਧਿਰਾਂ ਕ੍ਰੈਡਿਟ ਲੈਣ ‘ਚ ਜੁਟੀਆਂ ਹੋਈਆਂ ਹਨ ਹਰ ਇਕ ਪਾਰਟੀ ਹਰ ਮੁੱਦੇ ਵਿਚੋਂ ਆਪਣਾ ਲਾਭ ਲੈ ਰਹੀ ਹੈ। ਨਵਜੋਤ ਸਿੱਧੂ ਨੇ ਦੇਸੀ ਉਗਾਈਏ ਤੇ ਦੇਸੀ ਖਾਈਏ ਦਾ ਨਾਅਰਾ ਵੀ ਦਿੱਤਾ ਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਖੇਤੀਬਾੜੀ ਵਿਚ ਵੀ ਨਿਵੇਸ਼ ਕਰਨਾ ਚਾਹੀਦਾ ਹੈ। 

Share:

Leave a Reply

Your email address will not be published. Required fields are marked *