ਖਹਿਰਾ ਦੀ ਗ੍ਰਿਫਤਾਰੀ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਤੂਫ਼ਾਨ

Ludhiana Punjabi
  • ‘ਆਪ’ ਵਧਾਇਕਾਂ ਤੇ ਲੱਗੇ ਨਾਜਾਇਜ਼ ‘ਰੇਤ ਮਾਈਨਿੰਗ’ ਦੇ ਦੋਸ਼

DMT : ਲੁਧਿਆਣਾ : (02 ਅਕਤੂਬਰ 2023) : – ਰਾਜਨੀਤੀ ਵਿੱਚ ਕਈ ਵਾਰ ਇੱਕੋ ਗਲਤ ਫੈਸਲਾ ਸਰਕਾਰਾਂ ਤੇ ਭਾਰੀ ਪੈ ਜਾਂਦੈ। ਪੰਜਾਬ ਪੁਲਿਸ ਨੇ ਵਿਰੋਧੀ ਧਿਰ ਦੇ ਵੱਡੇ ਆਗੂ ਸੁਖਪਾਲ ਖਹਿਰਾ ਨੂੰ ਤੜਕਸਾਰ ਚੰਡੀਗੜ੍ਹ ਉਸ ਦੇ ਘਰ ਘੁਸਕੇ ਗ੍ਰਿਫਤਾਰ ਕਰਨ ਨਾਲ ਪੰਜਾਬ ਸਰਕਾਰ ਦੀ ਖੂਬ ਕਿਰਕਿਰੀ ਹੋ ਰਹੀ ਹੈ । ਇੰਡੀਆ ਗਠਜੋੜ ਵਿੱਚ ਸ਼ਾਮਿਲ ਕਾਂਗਰਸ ਅਤੇ ਆਪ ਇਸ ਨਾਲ ਪੰਜਾਬ ਵਿੱਚ ਪੂਰੀ ਤਰ੍ਹਾਂ ਸਾਹਮਣੇ ਆ ਖੜੀਆਂ ਨੇ। ਹੁਣ ਸੂਬੇ ਵਿੱਚ ਲੋਕ ਸਭਾ ਚੋਣਾਂ ਇਕੱਠੇ ਲੜਨ ਦੀਆਂ ਸੰਭਾਵਨਾਵਾਂ ਖਤਮ ਹੋ ਚੁੱਕੀਆਂ ਨੇ। ਦੂਜੇ ਪਾਸੇ ਰੇਤ ਮਾਈਨਿੰਗ ਦੇ ਦੋਸ਼ਾਂ ‘ਚ ਘਿਰੇ ਵਧਾਇਕ ਦੀ ਤਰਫਦਾਰੀ ਕਰਕੇ ਸ਼ਾਨਦਾਰ ਅਕਸ਼ ਵਾਲੇ ਪੁਲਿਸ ਅਧਿਕਾਰੀ ਨੂੰ ਬਦਲਣ ਨਾਲ ਸਰਕਾਰ ਦੇ ਕੱਟੜ ਇਮਾਨਦਾਰੀ ਵਾਲੇ ਦਾਵਿਆਂ ਦੀਆਂ ਵੀ ਧੱਜੀਆਂ ਉਡਦੀਆਂ ਦਿਖਦੀਆਂ ਨੇ। ਗਿਰਫਤਾਰੀ ਨਾਲ ਖਹਿਰਾ ਬਣੇ ਹੀਰੋ ਇਸ ਸਮੇਂ ਕਾਂਗਰਸ ਪਾਰਟੀ ਦੇ ਤੇਜ਼ ਤਰਾਰ ਸਮਝੇ ਜਾਂਦੇ ਆਗੂ ਸੁਖਪਾਲ ਖਹਿਰਾ ਦੀ ਅਠ ਸਾਲ ਪੁਰਾਣੇ ਨਸ਼ਾ ਤਸਕਰੀ ਦੇ ਇਕ ਕੇਸ ਵਿੱਚ ਹੋਈ ਗ੍ਰਿਫਤਾਰ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਭੁਚਾਲ ਆਇਆ ਹੋਇਐ। ਜਿਸ ਤਰ੍ਹਾਂ 28 ਸਤੰਬਰ ਨੂੰ ਫਾਜ਼ਿਲਕਾ ਪੁਲਿਸ ਵਲੋਂ ਚੰਡੀਗੜ ਪੁਲਿਸ ਨੂੰ ਨਾਲ ਬਗੈਰ ਸਵੇਰੇ 5 ਵਜੇ ਉਨ੍ਹਾਂ ਦੇ ਚੰਡੀਗੜ ਘਰ ਵਿਚ ਘੁਸ ਕੇ ਸੁਖਪਾਲ ਖਹਿਰਾ ਨੂੰ ਗਿਰਫ਼ਤਾਰ ਕੀਤਾ ਗਿਆ ਇਸ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਪੂਰਾ ਘਮਸਾਨ ਮਚ ਚੁਕੈ। ਇਸ ਸਮੇਂ ਸਮੁੱਚੀ ਕਾਂਗਰਸ ਪਾਰਟੀ ਇਸ ਨੂੰ ਬਦਲਾਖੋਰੀ ਦੀ ਕਾਰਵਾਈ ਦਸਦੀ ਖਹਿਰਾ ਦੇ ਪਿੱਛੇ ਖੜੀ ਹੋ ਚੁੱਕੀ ਹੈ। ਦੋ ਦਿਨ ਦੇ ਪੁਲਿਸ ਰਿਮਾਂਡ ਤੇ ਜਲਾਲਾਬਾਦ ਥਾਣੇ ਵਿਚ ਬੰਦ ਖਹਿਰਾ ਨੂੰ ਮਿਲਣ ਗਏ ਸੂਬੇ ਦੇ ਸੀਨੀਅਰ ਆਗੂਆਂ ਨੂੰ ਮਿਲਣ ਤਕ ਨਹੀਂ ਦਿੱਤਾ ਗਿਆ। ਰਿਮਾਂਡ ਖਤਮ ਹੋਣ ਤੇ ਅਦਾਲਤ ਵਿੱਚ ਪੇਸ਼ੀ ਸਮੇਂ 7 ਦਿਨਾਂ ਦਾ ਹੋਰ ਪੁਲਿਸ ਰਿਮਾਂਡ ਹੋਰ ਮੰਗਿਆ ਗਿਆ। ਅਦਾਲਤ ਵਲੋਂ ਪਹਿਲੇ 2 ਦਿਨ ਦੇ ਰਿਮਾਂਡ ਦੌਰਾਨ ਕੀਤੀ ਪੁੱਛ ਗਿੱਛ ਦੇ ਨਤੀਜੇ ਬਾਰੇ ਰਿਪੋਰਟ ਮੰਗੀ ਤਾਂ ਸਰਕਾਰੀ ਪਖ ਨੇ ਦਸਿਆ ਕਿ ਉੱਚ ਅਧਿਕਾਰੀ ਰੁੱਝੇ ਹੋਣ ਕਾਰਨ ਪੁੱਛ ਗਿੱਛ ਲਈ ਸਮਾਂ ਨਹੀਂ ਦੇ ਸਕੇ। ਅਦਾਲਤ ਨੇ ਪੁਲਿਸ ਰਿਮਾਂਡ ਵਿਚ ਵਾਧਾ ਕਰਨ ਦੀ ਅਪੀਲ ਠੁਕਰਾ ਕੇ ਖੈਹਰਾ ਨੂੰ ਨਿਆਇਕ ਹਿਰਾਸਤ ਵਿਚ ਨਾਭਾ ਜੇਲ ਭੇਜ ਦਿੱਤਾ। ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਨੇਤਾਵਾਂ ਨੇ ਇਕ ਵਧਾਇਕ ਨੂੰ ਜਲੀਲ ਕਰਕੇ ਗਿਰਫ਼ਤਾਰ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਨੂੰ ਮੁੱਖ ਮੰਤਰੀ ਦਾ ਹੰਕਾਰ ਦਸਿਆ ਹੈ। ਉਂਝ ਸੂਬੇ ਦੇ ਪ੍ਰੋਟੋਕੋਲ ਵਿਚ ਐਮਐਲਏ ਦਾ ਰੁਤਬਾ ਮੁੱਖ ਸਕੱਤਰ ਤੋਂ ਉਪਰ ਰਖਿਆ ਗਿਆ ਹੈ। ਸਮਝਿਆ ਜਾਂਦੈ ਕਿ ਪਿਛਲੇ ਦਿਨੀਂ ਸੁਖਪਾਲ ਖਹਿਰਾ ਵੱਲੋਂ “ਆਪ” ਲੀਡਰ ਰਾਗਵ ਚਢਾ ਦੀ ਰਾਜਸਥਾਨ ਦੇ ਆਲੀਸ਼ਾਨ ਪੈਲੇਸ ਵਿਚ ਹੋਈ ਸ਼ਾਦੀ ਦੇ ਖਰਚੇ ਤੇ ਸਵਾਲ ਖੜੇ ਕੀਤੇ ਸਨ। ਹੁਣ ਜਿਵੇਂ ਕਾਂਗਰਸ ਇਸ ਮਾਮਲੇ ਤੇ ਸਰਕਾਰ ਉਪਰ ਹਮਲੇ ਕਰ ਰਹੀ ਹੈ, ਉਸ ਤੋਂ ਸਪਸ਼ਟ ਹੈ ਕਿ ਪੰਜਾਬ ਵਿੱਚ “ਇੰਡੀਆ” ਗਠਜੋੜ ਦਾ ਭੋਗ ਪੈ ਚੁੱਕੈ। ਉਂਝ ਅਰਵਿੰਦ ਕੇਜਰੀਵਾਲ ‘ਇੰਡੀਆ’ ਗੱਠਜੋੜ ਕਾਇਮ ਰੱਖਣ ਲਈ ਬਜਿੱਦ ਨੇ। ਇਸ ਘਟਨਾ ਪਿੱਛੋਂ ਕਾਂਗਰਸ ਪ੍ਰਧਾਨ ਖੜ੍ਹਗੇ ਨੇ ਵੀ ਪੰਜਾਬ ਦੀ ਲੀਡਰਸ਼ਿਪ ਨਾਲ ਵਿਚਾਰ ਕਰਕੇ ਹੀ ‘ਆਪ’ ਨਾਲ ਇੱਕਠੇ ਚੋਣ ਲੜਨ ਦੀ ਗੱਲ ਆਖੀ ਹੈ। ਖਹਿਰਾ ਅਮੁਸਰ ਇਹ 2015 ਦਾ ਪੁਰਾਣਾ ਕੇਸ ਹੈ ਤੇ ਇਸ ‘ਚ 8-9 ਸਾਲ ਬਾਅਦ ਮੈਨੂੰ ਹੁਣ ਨਾਮਜ਼ਦ ਕੀਤਾ ਗਿਆ, ਜਦ ਕਿ 2017 ‘ਚ ਸੁਪਰੀਮ ਕੋਰਟ ਨੇ ਫਾਜ਼ਿਲਕਾ ਕੋਰਟ ਦੇ ਸੰਮਨ ‘ਤੇ ਰੋਕ ਲਗਾਈ ਸੀ। ਖਹਿਰਾ ਹਮਾਇਤੀ ਕਾਂਗਰਸ ਆਗੂਆਂ ਨੂੰ ਥਾਣੇ ਵਿਚ ਉਨ੍ਹਾਂ ਨਾਲ ਪੁਲੀਸ ਨੇ ਨਹੀਂ ਮਿਲਣ ਦਿੱਤਾ। ਰਾਜਾ ਵੜਿੰਗ ਕਹਿੰਦੇ ਨੇ ਕਿ ਚੰਡੀਗੜ੍ਹ ’ਚ ਖਹਿਰਾ ਦੀ ਗ੍ਰਿਫ਼ਤਾਰੀ ਗੈਰਕਾਨੂੰਨੀ ਢੰਗ ਨਾਲ ਹੋਈ। ਕਿਸੇ ਪੁਲਿਸ ਅਧਿਕਾਰੀ ਦੀ ਬਜਾਏ “ਆਪ” ਦੇ ਬੁਲਾਰੇ ਨੇ ਗ੍ਰਿਫਤਾਰੀ ਨੂੰ ਸਹੀ ਦਸਦੇ ਕਿਹਾ ਕਿ ਖਹਿਰਾ ਖਿਲਾਫ ਐਸਆਈਟੀ ਦੀ ਪੜਤਾਲ ਪਿੱਛੋਂ ਐਨਡੀਪੀਐਸ ਕਨੂੰਨ ਦੀ ਧਰਾ 27- ਏ ਅਧੀਨ ਕੇਸ ਦਰਜ ਕੀਤਾ ਗਿਐ ਅਤੇ ਇਸ ਨੂੰ ਬਦਲਾਉ ਕਾਰਵਾਈ ਕਹਿਣਾ ਸਹੀ ਨਹੀਂ । ਉਂਝ ਅਕਾਲੀ ਦਲ ਸਰਕਾਰ ਸਮੇਂ ਖਹਿਰਾ ਨੂੰ ਨਾਮਜ਼ਦ ਕੀਤੇ ਜਾਣ ਤੇ ਖੁਦ ਮੁੱਖ ਮੰਤਰੀ ਭਗਵੰਤ ਨਾਲ ਨੇ ਇਸ ਨੂੰ ਝੂਠਾ ਅਤੇ ਬਦਲੇ ਦੀ ਭਾਵਨਾ ਨਾਲ ਦਰਜ ਕੀਤਾ ਕੇਸ ਦਸਿਆ ਸੀ। 2017 ਵਿਚ ਖਹਿਰਾ ‘ ਆਪ ‘ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਜਿੱਤ ਕੇ ਵਰੋਧੀ ਧਿਰ ਦੇ ਨੇਤਾ ਵੀ ਰਹੇ। ਬਾਅਦ ਵਿਚ ਕੇਜਰੀਵਾਲ ਨੇ ਟਵੀਟ ਕਰਕੇ ਹਟਾ ਦਿੱਤਾ ਸੀ ਅਤੇ ਖਹਿਰਾ ਕਾਜ਼ਗ੍ਰਸ ਵਿਚ ਚਲੇ ਗਏ। ਪੁਲਿਸ ਦੇ ਮਨੋਬਲ ਨੂੰ ਵੱਡਾ ਧੱਕਾ ਜਦੋਂ ਪੁਲਿਸ ਅਧਿਕਾਰੀ ਸਰਕਾਰ ਦੀਆਂ ਹਦਾਇਤਾਂ ਤੇ ਮਾਫੀਆ ਖਿਲਾਫ ਕਾਰਵਾਈ ਕਰਦੇ ਨੇ, ਤਾਂ ਸਰਕਾਰ ਨੂੰ ਉਨਾਂ ਨਾਲ ਖੜਨਾ ਹੁੰਦੈ। ਜੇਕਰ ਸਰਕਾਰ ਅਫਸਰ ਦੀ ਬਜਾਏ ਮਾਫੀਏ ਦੇ ਨਾਲ ਦਿਖੇ, ਅਧਿਕਾਰੀ ਦਾ ਮਨੋਬੱਲ ਟੁੱਟਣਾ ਲਾਜ਼ਮੀ ਹੈ। ਅਜਿਹਾ ਹੀ ਤਰਨਤਾਰਨ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨਾਲ ਵਾਪਰਿਆ। ਉਸ ਵੱਲੋਂ ਰੇਤ ਮਾਫੀਆ ਖਿਲਾਫ ਕਾਰਵਾਈ ਕਰਨ ਤੇ ਸਰਾਹਨਾ ਦੀ ਬਜਾਏ ਤਬਾਦਲਾ ਕੀਤਾ ਗਿਆ। ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨਜਾਇਜ਼ ਮਾਈਨਿੰਗ ਕਰਵਾਉਂਦੇ ਜੀਜੇ ਨੂੰ ਗਿਰਫ਼ਤਾਰ ਕਰਨ ਦੀ ਸਜ਼ਾ ਸ਼ਾਨਦਾਰ ਅਕਸ਼ ਵਾਲੇ ਅਫਸਰ ਨੂੰ ਭੁਗਤਣੀ ਪਈ। ਕੇਜਰੀਵਾਲ ਵੱਲੋਂ ਅੰਮ੍ਰਿਤਸਰ ਵਿਖੇ ਸਕੂਲ ਆਫ ਐਮਿਨੇਂਸ ਦੇ ਉਦਘਾਟਨ ਪਿੱਛੋਂ ਵਿਧਾਇਕ ਨੇ ਐਸਐਸਪੀ ਖਿਲਾਫ ਰਿਸ਼ਵਤਖੋਰੀ ਅਤੇ ਨਸ਼ੇ ਵਿਕਵਾਉਣ ਦੇ ਦੋਸ਼ ਲਗਾਏ। ਪੁਲਿਸ ਰੇਤ ਮੈਨਿੰਗ ਖਿਲਾਫ ਕਾਰਵਾਈ ਵਿੱਚ ਐਮਐਲਏ ਦੇ ਜੀਜਾ ਨਿਸ਼ਾਨ ਸਿੰਘ ਸਮੇਤ 10 ਵਿਅਕਤੀ, 10 ਟਿੱਪਰ ਅਤੇ ਇਕ ਪੋਕਲੈਨ ਮਸ਼ੀਨ ਕਾਬੂ ਕੀਤੇ ਗਏ। ਇਸ ਤੇ ਭੜਕੇ ਵਿਧਾਇਕ ਨੇ ਸੋਸ਼ਲ ਮੀਡੀਆ ਤੇ ਐਸਐਸਪੀ ਖਿਲਾਫ ਹਮਲਾਵਰ ਹੁੰਦੇ ਵਰਦੀ ਉਤਾਰ ਕੇ ਆਉਣ ਦਾ ਚੈਲੰਜ ਕੀਤਾ ਅਤੇ ਕਿਹਾ ਕਿ ਉਹ ਵੀ ਆਪਣੀ ਐਮਐਲਏ ਦੀ ਕੁਰਸੀ ਛੱਡ ਕੇ ਆਉਣਗੇ, ਤਾਂ ਕਿ ਇੱਕ ਦੂਜੇ ਨਾਲ ਸੁਲਝਿਆ ਜਾਏ। ਉਂਝ ਕਿਸੇ ਅਧਿਕਾਰੀ ਵਿਰੁੱਧ ਅਜਿਹੇ ਸੰਗੀਨ ਦੋਸ਼ ਲਗਾਉਣਾ ਗੰਭੀਰ ਅਪਰਾਧ ਹੈ। ਵਿਧਾਇਕ ਅਤੇ ਐਸਐਸਪੀ ਦਾ ਝਗੜਾ ਮੀਡੀਆ ‘ਚ ਉਛਲਣ ਨਾਲ ਸਰਕਾਰ ਦੀ ਭਾਰੀ ਕਿਰਕਰੀ ਹੋਈ। ਸਮਝਿਆ ਜਾਂਦਾ ਸੀ ਕਿ ਮੁੱਖ ਮੰਤਰੀ ਅਫਸਰ ਨਾਲ ਖੜਨਗੇ ਅਤੇ ਪਾਰਟੀ ਵਿਧਾਇਕ ਨੂੰ ਨਾਜਾਇਜ਼ ਗਤੀਵਿਧੀਆਂ ਤੋਂ ਵਰਜੇਗੀ। ਪਰ ਐਸਐਸਪੀ ਤੇ ਕਾਰਵਾਈ ਨਾਲ ਪੁਲਿਸ ਦਾ ਮੌਰਾਲ ਜਰੂਰ ਡਿਗੇਗਾ । ਐੱਸਐੱਸਪੀ ਦਾ ਕਹਿਣੈ ਕਿ ਉਸ ਨੇ ਕੋਈ ਗਲਤੀ ਨਹੀਂ ਕੀਤੀ, ਬਲਕਿ ਆਪਣੀ ਡਿਊਟੀ ਕੀਤੀ ਸੀ। ਅੱਗੋਂ ਅਧਿਕਾਰੀ ਮਾਫੀਆ ਖਿਲਾਫ ਕਾਰਵਾਈ ਕਰਨ ਤੋਂ ਝਿਜ਼ਕਣਗੇ। ਜੇਕਰ ਸਰਕਾਰ ਨੇ ਪੁਲਿਸ ਅਧਿਕਾਰੀ ਦੀ ਕਾਰਵਾਈ ਨੂੰ ਝੂਠੀ ਮੰਨਿਆ ਹੈ, ਤਾਂ ਫਿਰ ਅਫਸਰ ਅਤੇ ਰੇਡ ਕਰਨ ਵਾਲੇ ਮੁਲਾਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਹੈ। ਮਾਫੀਆ ਰਾਜ ਅਤੇ ਨਸ਼ਿਆਂ ਨੂੰ ਖਤਮ ਕਰਨ ਅਤੇ ਕੱਟੜ ਇਮਾਨਦਾਰੀ ਦੇ ਦਾਅਵੇ ਵਾਲੀ ਸਰਕਾਰ ਅੱਜ ਗੰਭੀਰ ਦੋਸ਼ਾਂ ਵਿੱਚ ਉਲਝੀ ਨਜ਼ਰ ਆ ਰਹੀ ਹੈ। ਇਸ ਦੇ ਬਹੁਤ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਖਿਲਾਫ ਮਾਫੀਆ ਅਤੇ ਭਰਿਸ਼ਟਾਚਾਰ ਦੇ ਦੋਸ਼ ਲੱਗਣ ਨਾਲ ਸਰਕਾਰ ਦਾ ਅਕਸ਼ ਕਾਫੀ ਧੁੰਦਲਾ ਹੋ ਚੁੱਕਾ ਹੈ। ਪਹਿਲਾਂ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਵੱਲੋਂ ਉਸ ਦੇ ਹਲਕੇ ਤੋਂ ਸ਼ੁਰੂ ਕੀਤੀ ਗਈ ਸਕੂਲ ਆਫ ਐਮੀਨੈਂਸ ਸਕੀਮ ਤੇ ਸਵਾਲ ਉਠਾਉਣ ਅਤੇ ਹੁਣ ਵਿਧਾਇਕ ਲਾਲਪੁਰਾ ਵੱਲੋਂ ਪੁਲਿਸ ਅਧਿਕਾਰੀਆਂ ਤੇ ਰਿਸ਼ਵਤ ਅਤੇ ਨਸ਼ਾ ਤਸਕਰੀ ਦੇ ਦੋਸ਼ ਕੱਟੜ ਇਮਾਨਦਾਰੀ ਦੇ ਦਾਵਿਆਂ ਦੀ ਫੂਕ ਕੱਢ ਰਹੇ ਨੇ। ਤਰਨਤਾਰਨ ਪੁਲਿਸ ਵਲੋਂ ਐਸਐਸਪੀ ਗੁਰਮੀਤ ਸਿੰਘ ਚੌਹਾਨ ਉਪਰ ਫੁੱਲਾਂ ਦੀ ਵਰਖਾ ਕਰਕੇ ਜੇਤੂ ਜਰਨੈਲ ਵਾਲੀ ਵਿਦਾਇਗੀ ਦਿੱਤੀ ਗਈ, ਉਸ ਤੋਂ ਸਪਸ਼ਟ ਹੈ ਕਿ ਸਰਕਾਰ ਖਿਲਾਫ ਪੁਲਿਸ ਮੁਲਾਜ਼ਮਾਂ ਵਿਚ ਰੋਸ ਝਲਕਦੇ। ਵਰੋਧੀ ਨੇਤਾਵਾਂ ਤੋਂ ਇਲਾਵਾ ਸੂਬੇ ਦੇ ਰਾਜਪਾਲ ਬਹੁਤ ਵਾਰ ਨਸ਼ਾ ਵਪਾਰ ਅਤੇ ਅਮਨ ਕਨੂੰਨ ਦੀ ਵਿਗੜੀ ਹਾਲਤ ਦੇ ਮਾਮਲੇ ਉਠਾ ਚੁੱਕੇ ਨੇ। ਪਰ ਮੁੱਖ ਮੰਤਰੀ ਪਾਰਟੀ ਵਧਾਇਕਾਂ ਦੇ ਗੈਰਕਨੂੰਨੀ ਵਰਤਾਰੇ ਨੂੰ ਬਰਦਾਸ਼ਤ ਕਰਨ ਲਈ ਮਜਬੂਰ ਜਾਪਦੈ ਨੇ। ਇਨ੍ਹਾਂ ਦੋਵੇਂ ਮਾਮਲਿਆਂ ਵਿਚ ਸਰਕਾਰ ਦੀ ਕਾਰਵਾਈ ਨਾਲ ਸਰਕਾਰ ਤੇ ਹਰ ਪਾਸੇ ਤੋਂ ਉਂਗਲਾਂ ਉਠੀਆਂ ਦਿਸਦੀਆਂ ਨੇ ਅਤੇ ਕਈ ਚੰਗੇ ਕੰਮਾਂ ਦੇ ਬਾਵਯੂਦ ਸਰਕਾਰ ਦਾ ਅਕਸ਼ ਧੁੰਦਲਾ ਪੈਂਦਾ ਦਿਖਦੈ। ਕੁਲ ਮਿਲਾ ਕੇ ਦੇਖਿਆ ਜਾਏ ਤਾਂ ਬਦਲਾਅ ਦੀ ਹਨੇਰੀ ਨਾਲ ਆਈ ‘ਆਪ’ ਸਰਕਾਰ ਤੋਂ ਜਨਤਾ ਦਾ ਮੋਹ ਲਗਾਤਾਰ ਭੰਗ ਹੋ ਰਿਹੈ ਅਤੇ ਇਸ ਦਾ ਖਮਿਆਜ਼ਾ ਪਾਰਟੀ ਨੂੰ ਚੋਣਾਂ ਵਿੱਚ ਭੁਗਤਣਾ ਪੈ ਸਕਦੈ। ਦਰਸ਼ਨ ਸਿੰਘ ਸ਼ੰਕਰ ਜਿਲ੍ਹਾ ਲੋਕ ਸੰਪਰਕ ਅਫ਼ਸਰ ( ਰਿਟਾ.)

Leave a Reply

Your email address will not be published. Required fields are marked *