DMT : ਲੁਧਿਆਣਾ : (15 ਫਰਵਰੀ 2023) : – ਪੀ ਏ ਯੂ ਦੇ ਥਾਪਰ ਹਾਲ ਸਾਹਮਣੇ ਯੂਨੀਵਰਸਿਟੀ ਅਧਿਆਪਕਾਂ ਦਾ ਸੱਤਵੇਂ ਤਨਖਾਹ ਕਮਿਸ਼ਨ ਲਈ ਜਾਰੀ ਧਰਨਾ ਅੱਜ ਵੀ ਪੂਰੇ ਜੋਸ਼ ਤੇ ਰੋਹ ਨਾਲ ਭਰਿਆ ਰਿਹਾ। ਖੇਤੀਬਾੜੀ ਅਤੇ ਵੈਟਨਰੀ ਯੂਨੀਵਰਸਿਟੀਆਂ ਦੀਆਂ ਅਧਿਆਪਕ ਜੱਥੇਬੰਦੀਆਂ ਨੇ ਤਨਖਾਹ ਕਮਿਸ਼ਨ ਦੀ ਨੋਟੀਫਿਕੇਸ਼ਨ ਜਾਰੀ ਹੋਣ ਤਕ ਕਿਸੇ ਵੀ ਤਰ੍ਹਾਂ ਦੇ ਕੰਮ ਨਾ ਕਰਨ ਦਾ ਆਪਣਾ ਅਹਿਦ ਦੁਹਰਾਇਆ।
ਧਰਨੇ ਨੂੰ ਸੰਬੋਧਨ ਕਰਦਿਆਂ ਸਰਕਾਰੀ ਕਾਲਜ ਅਧਿਆਪਕ ਜੱਥੇਬੰਦੀ ਦੇ ਆਗੂ ਪ੍ਰੋ ਜੈਪਾਲ ਸਿੰਘ ਨੇ ਸਿੱਖਿਆ ਅਤੇ ਸਿਹਤ ਲਈ ਮੌਜੂਦਾ ਸਰਕਾਰ ਵਲੋਂ ਕੀਤੀ ਜਾ ਰਹੀ ਅਣਦੇਖੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਅਧਿਆਪਕਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਉਹ ਬੇਹੱਦ ਸ਼ਰਮਨਾਕ ਹੈ।
ਵੈਟਨਰੀ ਯੂਨੀਵਰਸਿਟੀ ਦੇ ਡਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਦਾ ਭਰੋਸਾ ਉੱਠ ਚੁੱਕਾ ਹੈ। ਅਧਿਆਪਕਾਂ ਦਾ ਆਪਣੇ ਕਾਰਜ ਛੱਡ ਕੇ ਸੰਘਰਸ਼ ਦੇ ਰਾਹ ਪੈਣਾ ਬਹੁਤ ਦੁਰਭਾਗਪੂਰਨ ਗੱਲ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਪੀ ਏ ਯੂ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ ਹਰਮੀਤ ਸਿੰਘ ਕਿੰਗਰਾ ਨੇ ਕਿਹਾ ਕਿ ਆਉਂਦੇ ਦਿਨੀਂ ਸੰਘਰਸ਼ ਨੂੰ ਹੋਰ ਤਿਖੇਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡਾ ਏ ਪੀ ਐੱਸ ਬਰਾੜ ਤੇ ਪੀ ਏ ਯੂ ਟੀਚਰਜ਼ ਐਸੋਸੀਏਸ਼ਨ ਦੇ ਸਕੱਤਰ ਡਾ ਮਨਦੀਪ ਸਿੰਘ ਗਿੱਲ ਦੇ ਨਾਲ ਡਾ ਗੁਰਵੀਰ ਕੌਰ ਨੇ ਵੀ ਸੰਬੋਧਨ ਕੀਤਾ।
ਅਧਿਆਪਕਾਂ ਨੇ ਆਪਣੀਆਂ ਮੰਗਾਂ ਮੰਨੇ ਜਾਣ ਤੇ ਇਸਦੀ ਬਕਾਇਦਾ ਨੋਟੀਫਿਕੇਸ਼ਨ ਜਾਰੀ ਹੋਣ ਤਕ ਕੰਮ ਕਾਜ ਠੱਪ ਰੱਖਣ ਨੂੰ ਦੁਹਰਾਇਆ। ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਸਹਿਯੋਗੀ ਜਥੇਬੰਦੀਆਂ ਦੇ ਨੁਮਾਇੰਦੇ ਤੇ ਸਾਬਕਾ ਅਧਿਆਪਕ ਵੀ ਮੌਜੂਦ ਰਹੇ।
ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਨਾਨ ਟੀਚੰਗ ਯੂਨੀਅਨ ਦੇ ਪ੍ਰਧਾਨ ਸ ਦੀਦਾਰ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਹ ਵੀ ਸੋਮਵਾਰ ਤੋਂ ਮੁਕੰਮਲ ਧਰਨਾ ਸ਼ੁਰੂ ਕਰ ਦੇਣਗੇ। ਇਸਦੇ ਨਾਲ ਹੀ ਗਡਵਾਸੂ ਦੇ ਵਿਦਿਆਰਥੀਆਂ ਦੀ ਜਥੇਬੰਦੀ ਨੇ ਵੀ ਅਧਿਆਪਕਾਂ ਦੀ ਹੜਤਾਲ ਨੂੰ ਸਮਰਥਨ ਦਿੰਦਿਆਂ ਇਸ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ।