DMT : ਲੁਧਿਆਣਾ : (19 ਅਪ੍ਰੈਲ 2023) : – ਲੁਧਿਆਣਾ ਜ਼ਿਲੇ ਦੇ ਰਾਏਕੋਟ ਨੇੜੇ ਬੱਸੀਆਂ ਕੋਠੀ ਦੇ ਨਾਂ ਨਾਲ ਮਸ਼ਹੂਰ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਵਿਖੇ ਕਰਵਾਏ ਗਏ ਪੰਜਾਬੀ ਸੱਭਿਆਚਾਰਕ ਕਲਾ ਉਤਸਵ ਦੇ ਦਰਸ਼ਕ ਉਸ ਸਮੇਂ ਖੁਸ਼ ਅਤੇ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੂੰ ਢੋਲ ਦੀ ਤਾਜ ‘ਤੇ ਪੰਜਾਬੀ ਕਲਾਕਾਰਾਂ ਨਾਲ ਨੱਚਦੇ ਹੋਏ ਦੇਖਿਆ।
ਇਹ ਸਮਾਗਮ ਨੌਜਵਾਨ ਪੀੜ੍ਹੀ ਨੂੰ ਸੂਬੇ ਦੇ ਅਮੀਰ ਸੱਭਿਆਚਾਰ, ਵਿਰਸੇ, ਇਤਿਹਾਸ ਅਤੇ ਪਰੰਪਰਾ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਇਆ ਗਿਆ। ਅਰੋੜਾ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਸਮੇਤ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਖੁੱਲੇ ਅਸਮਾਨ ਹੇਠ ਕਰਵਾਏ ਗਏ ਲੋਕ ਸਾਜ਼ ਵਜਾਉਣ, ਮਲਵਈ ਗਿੱਧਾ ਅਤੇ ਰਵਾਇਤੀ ਸਿਆਲਕੋਟੀ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਸਮੇਤ ਵੱਖ-ਵੱਖ ਸੱਭਿਆਚਾਰਕ ਅਤੇ ਸੰਗੀਤਕ ਪ੍ਰੋਗਰਾਮਾਂ ਦਾ ਆਨੰਦ ਲੈਣ ਲਈ ਦੇਰ ਸ਼ਾਮ ਤੱਕ ਉੱਥੇ ਰਹੇ।
ਕੈਬਨਿਟ ਮੰਤਰੀ ਨੇ ਬੱਸੀਆਂ ਕੋਠੀ ਦੀ ਸਾਂਭ-ਸੰਭਾਲ ਅਤੇ ਇਸ ਨੂੰ ਸੈਰ ਸਪਾਟਾ ਸਥਾਨ ਬਣਾਉਣ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਅਰੋੜਾ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨਾਲ ਮਿਲ ਕੇ ਪ੍ਰਸਿੱਧ ਸੂਫੀ ਗਾਇਕ ਮੁਹੰਮਦ ਇਰਸ਼ਾਦ ਦੁਆਰਾ ਸੂਫੀ ਨਾਈਟ ਦਾ ਉਦਘਾਟਨ ਵੀ ਕੀਤਾ, ਜਿਸ ਨੇ ਆਪਣੀ ਰੂਹਾਨੀ ਸੂਫੀ ਪੇਸ਼ਕਾਰੀ ਨਾਲ ਪੇਂਡੂ ਅਤੇ ਸ਼ਹਿਰੀ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਇਸ ਪ੍ਰੋਗਰਾਮ ਨੂੰ ਦੇਖਣ ਲਈ ਲੁਧਿਆਣਾ ਦੇ ਕਈ ਉਦਯੋਗਪਤੀ ਅਤੇ ਉੱਘੇ ਲੋਕ ਵੀ ਉੱਥੇ ਪੁੱਜੇ।
ਅਰੋੜਾ ਨੇ ਆਪਣੇ ਸੰਬੋਧਨ ਵਿੱਚ ਬੱਸੀਆਂ ਕੋਠੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਅਸਥਾਨ 200 ਸਾਲ ਤੋਂ ਵੱਧ ਸਿੱਖ ਵਿਰਾਸਤ ਦੀ ਯਾਦਗਾਰ ਹੈ। ਉਨ੍ਹਾਂ ਅਜਿਹੀਆਂ ਥਾਵਾਂ ਦੀ ਸਾਂਭ ਸੰਭਾਲ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਵਿਰਾਸਤੀ ਸਥਾਨਾਂ ਨੂੰ ਨਾ ਸਿਰਫ਼ ਚੰਗੀ ਤਰ੍ਹਾਂ ਸੰਭਾਲਿਆ ਜਾਣਾ ਚਾਹੀਦਾ ਹੈ ਸਗੋਂ ਸੂਬੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵੀ ਵਰਤਿਆ ਜਾਣਾ ਚਾਹੀਦਾ ਹੈ।
ਅਰੋੜਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਾਡੇ ਅਮੀਰ ਇਤਿਹਾਸ, ਸੱਭਿਆਚਾਰ ਅਤੇ ਪਰੰਪਰਾਵਾਂ ਤੋਂ ਜਾਣੂ ਕਰਵਾਉਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਬੱਸੀਆਂ ਕੋਠੀ ਨੂੰ ਹੋਰ ਅਪਗ੍ਰੇਡ ਕਰਨ ਲਈ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਹੈ ਤਾਂ ਜੋ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇੱਥੋਂ ਦੇ ਆਲੇ-ਦੁਆਲੇ ਦੇ ਅਸਲ ਪੇਂਡੂ ਜੀਵਨ ਅਤੇ ਸੱਭਿਆਚਾਰ ਨੂੰ ਸਮਝਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਅਰੋੜਾ ਨੇ ਜ਼ਿਲ੍ਹਾ ਪ੍ਰਸ਼ਾਸਨ ਖਾਸਕਰ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਬੁਲਾਇਆ ਗਿਆ ਜਿਸ ਦੌਰਾਨ ਉਨ੍ਹਾਂ ਨੇ ਇਤਿਹਾਸ ਬਾਰੇ ਬਹੁਤ ਕੁਝ ਸਿੱਖਿਆ। ਉਨ੍ਹਾਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੀ ਦੇਖ-ਰੇਖ ਹੇਠ ਇਹ ਸਮਾਗਮ ਕਰਵਾਇਆ ਗਿਆ।
ਅਰੋੜਾ ਨੇ ਬੱਸੀਆਂ ਕੋਠੀ ਲਈ ਐਮ.ਪੀ.ਐਲ.ਏ.ਡੀ. ਫੰਡ ਵਿੱਚੋਂ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸੁਰਜੀਤ ਪਾਤਰ ਸਮੇਤ ਸਮੂਹ ਕਲਾਕਾਰਾਂ, ਗਾਇਕਾਂ ਅਤੇ ਕਵੀਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਗੁਰਦਾਸਪੁਰ ਦੀ ਭੰਗੜਾ ਟੀਮ ਨੂੰ ਆਪਣੀ ਜੇਬ ਵਿੱਚੋਂ ਇੱਕ ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਅਰੋੜਾ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਹੋਰਨਾਂ ਨਾਲ ਮਿਲ ਕੇ ਪ੍ਰਸਿੱਧ ਫੋਟੋ ਕਲਾਕਾਰ ਹਰਪ੍ਰੀਤ ਸਿੰਘ ਸੰਧੂ ਵੱਲੋਂ ਤਿਆਰ ਕੀਤੀ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬਾਰੇ ਦਸਤਾਵੇਜ਼ੀ ਫਿਲਮ ਵੀ ਲਾਂਚ ਕੀਤੀ।
ਅਰੋੜਾ ਸਮੇਤ ਹੋਰਨਾਂ ਨੇ ਵੀ ਸੈਲਫੀ ਪੁਆਇੰਟ ‘ਤੇ ਸੈਲਫੀ ਪੁਆਇੰਟ ‘ਤੇ ਤਸਵੀਰਾਂ ਖਿਚਵਾਈਆਂ।