ਗ਼ਜ਼ਲ ਮੰਚ ਬਰਨਾਲਾ ਵੱਲੋਂ ਵੱਡ ਆਕਾਰੀ ਗ਼ਜ਼ਲ ਪੁਸਤਕ “ਅੱਖਰ ਅੱਖਰ “ ਦਾ ਲੁਧਿਆਣਾ ਵਿੱਚ ਸਨਮਾਨ

Ludhiana Punjabi

DMT : ਲੁਧਿਆਣਾ : (18 ਅਗਸਤ 2023) : – ਗ਼ਜ਼ਲ ਮੰਚ ਬਰਨਾਲਾ ਵੱਲੋਂ  ਅੱਜ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਵੱਡ ਆਕਾਰੀ ਗ਼ਜ਼ਲ ਪੁਸਤਕ “ਅੱਖਰ ਅੱਖਰ” ਦੇ ਲੇਖਕ ਗੁਰਭਜਨ ਗਿੱਲ ਦੇ ਗ੍ਰਹਿ ਵਿਖੇ ਪਹੁੰਚ ਕੇ ਵਿਸ਼ੇਸ਼ ਗ਼ਜ਼ਲ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਹ ਪੁਸਤਕ ਮਈ 2023 ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਰਵੀ ਸਾਹਿੱਤ ਪ੍ਰਕਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ।
ਗ਼ਜ਼ਲ ਮੰਚ ਬਰਨਾਲਾ ਦੇ ਪ੍ਰਧਾਨ ਜਗਜੀਤ ਸਿੰਘ ਗੁਰਮ ਤੇ ਜਨਰਲ ਸਕੱਤਰ ਗੁਰਪਾਲ ਬਿਲਾਵਲ ਨੇ ਇਸ ਪੁਸਤਕ ਦੀਆਂ ਕੁਝ ਕਾਪੀਆਂ ਮੰਗਵਾ ਕੇ ਸੁਚੇਤ ਪਾਠਕਾਂ ਨੂੰ ਪੜ੍ਹਾਈਆਂ ਤੇ ਸਰਵੇਖਣ ਦੇ ਆਧਾਰ ਤੇ 5100/- ਰੁਪਏ ਦਾ ਪੁਰਸਕਾਰ ਕਿਤਾਬ ਨੂੰ ਸ਼ਗਨ ਰੂਪ ਵਿੱਚ ਦੇਣ ਦਾ ਪਿਛਲੇ ਮਹੀਨੇ ਫੈਸਲਾ ਕੀਤਾ ਸੀ।
ਗ਼ਜ਼ਲ ਮੰਚ ਦੇ ਸਰਪ੍ਰਸਤ ਤੇ ਪ੍ਰਸਿੱਧ ਸ਼ਾਇਰ ਬੂਟਾ ਸਿੰਘ ਚੌਹਾਨ ਤੇ ਸਃ ਜਗਮੇਲ ਸਿੰਘ ਸਿੱਧੂ ਨੇ ਇਹ ਪੁਰਸਕਾਰ ਲੁਧਿਆਣੇ ਪੁੱਜ ਕੇ “ਅੱਖਰ ਅੱਖਰ” ਦੇ ਲੇਖਕ ਗੁਰਭਜਨ ਗਿੱਲ ਨੂੰ ਇਹ ਸਨਮਾਨ ਸੌਂਪਿਆ।
ਇਸ ਮੌਕੇ ਬੋਲਦਿਆਂ ਗ਼ਜ਼ਲ ਮੰਚ ਦੇ ਮੁੱਖ ਸਰਪ੍ਰਸਤ ਸਃ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਲੇਖਕਾਂ ਦੇ ਬਹੁਤ ਸਨਮਾਨ ਹੋ ਰਹੇ ਹਨ ਪਰ ਕਿਤਾਬ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ। ਗ਼ਜ਼ਲ ਮੰਚ ਦੇ ਸਾਰੇ ਮੈਬਰ ਇਹ ਕਿਤਾਬ ਪੜ੍ਹ ਕੇ ਇੱਕ ਮੱਤ ਸਨ ਕਿ ਪਿਛਲੇ ਪੰਜਾਹ ਸਾਲ ਦੀ ਗ਼ਜ਼ਲ ਸਾਧਨਾ ਵਿੱਚੋਂ ਨਿਕਲੀਆਂ ਲਗਪਗ 900 ਗ਼ਜ਼ਲਾਂ ਸਿਰਫ਼ ਗਿਣਤੀ ਪੱਖੋਂ ਨਹੀ ਸਗੋਂ ਗੁਣ ਪੱਖੋਂ ਵੀ। ਨਵੇਕਲੀਆਂ ਹਨ। ਗ਼ਜ਼ਲ ਮੰਚ ਦੇ ਸਰਪ੍ਰਸਤ ਸਃ ਜਗਮੇਲ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ 50ਸਾਲਾਂ ਵਿੱਚ ਗੁਰਭਜਨ ਗਿੱਲ ਦੇ ਅੱਠ ਗ਼ਜ਼ਲ ਸੰਗ੍ਰਹਿ ਹਰ ਧੁਖਦਾ ਪਿੰਡ ਮੇਰਾ ਹੈ ਤੋਂ ਲੈ ਕੇ ਸੁਰਤਾਲ ਤੀਕ ਆਏ ਹਨ ਤੇ ਇਨ੍ਹਾਂ ਅੱਠ ਕਿਤਾਬਾਂ ਨੂੰ ਇੱਕੋ ਜਿਲਦ ਵਿੱਚ 472ਪੰਨਿਆਂ ਚ ਸੰਭਾਲਣਾ ਵਡਿਆਉਣ ਯੋਗ ਕਾਰਜ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਪਿਛਲੇ ਚਾਲੀ ਸਾਲ ਤੋਂ ਮੈ ਗੁਰਭਜਨ ਗਿੱਲ ਦੀ ਸ਼ਾਇਰੀ ਦਾ ਹਮਰਾਜ਼ ਹਾਂ। ਮੈਨੂੰ ਮਾਣ ਹੈ ਕਿ ਇਸ ਪੁਸਤਕ ਦੀ ਪ੍ਰਵੇਸ਼ਿਕਾ ਵਜੋ ਮੇਰਾ ਲਿਖਿਆ ਕਾਵਿ ਚਿਤਰ ਇਸ ਕਿਤਾਬ  ਵਿੱਚ ਸ਼ਾਮਿਲ ਹੈ।
ਇਸ ਮੌਕੇ ਸਾਬਕਾ ਮੰਤਰੀ ਸਃ ਮਲਕੀਤ ਸਿੰਘ ਦਾਖਾ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪੰਜਾਬ ਖੇਤੀ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ (ਟੀ ਵੀ ਤੇ ਰੇਡੀਉ) ਡਾਃ ਅਨਿਲ ਸ਼ਰਮਾ, ਪੰਜਾਬ ਸਰਕਾਰ ਵਿੱਚ ਪਰਵਾਸੀ ਮਾਮਲਿਆਂ ਦੇ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਦੇ ਓ ਐੱਸ ਡੀ ਡਾਃ ਦੇਵਿੰਦਰ ਤਿਵਾੜੀ ਤੇ ਸਃ ਆਕਾਸ਼ਦੀਪ ਸਿੰਘ ਚੌਹਾਨ ਵੀ ਹਾਜ਼ਰ ਸਨ।
ਧੰਨਵਾਦ ਕਰਦਿਆਂ “ਅੱਖਰ ਅੱਖਰ” ਗ਼ਜ਼ਲ ਪੁਸਤਕ ਦੇ ਲੇਖਕ ਗੁਰਭਜਨ ਗਿੱਲ ਨੇ ਸਭ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗ਼ਜ਼ਲ ਸਿਰਜਣਾ ਦੇ ਰਾਹ ਉਨ੍ਹਾਂ ਨੂੰ ਪ੍ਰਿੰਸੀਪਲ ਤਖ਼ਤ ਸਿੰਘ ਜੀ ਨੇ ਤੋਰਿਆ ਤੇ ਸ ਸ ਮੀਸ਼ਾ, ਡਾਃ ਜਗਤਾਰ,ਸਰਦਾਰ ਪੰਛੀ, ਸੁਰਜੀਤ ਪਾਤਰ, ਰਣਧੀਰ ਸਿੰਘ ਚੰਦ , ਅਜਾਇਬ ਚਿਤਰਕਾਰ, ਕ੍ਰਿਸ਼ਨ ਅਦੀਬ ਤੇ ਪ੍ਰੋਃ ਨਰਿੰਜਨ ਤਸਨੀਮ ਨੇ ਥਾਪੜਾ ਦੇ ਕੇ ਅੱਗੇ ਵਧਣ ਵਿੱਚ ਮਦਦ ਕੀਤੀ। ਇਹ ਇਨਾਮ ਭਾਵੇਂ ਰਕਮ ਪੱਖੋਂ ਬਹੁਤਾ ਵੱਡਾ ਨਹੀਂ ਹੈ ਪਰ ਭਾਵਨਾ ਪੱਖੋਂ ਸਰਵੋਤਮ ਹੈ। ਇਸ ਨਾਲ ਮੈਨੂੰ ਹੋਰ ਅੱਗੇ ਤੁਰਨ ਦਾ ਬਲ ਮਿਲੇਗਾ।
ਉਨ੍ਹਾਂ ਕਿਹਾ ਕਿ ਅੱਜ ਮੇਰੇ ਵੱਡੇ ਭੈਣ ਜੀ ਦਾ 85ਵਾਂ ਜਨਮ ਦਿਨ ਹੈ ਅਤੇ ਇਹ ਕਿਤਾਬ ਵੀ ਮੈਂ ਉਨ੍ਹਾਂ ਨੂੰ ਸਮਰਪਿਤ ਕੀਤੀ ਹੋਈ ਹੈ ਕਿਉਂਕਿ ਜ਼ਿੰਦਗੀ ਚ ਪਹਿਲਾ ਅੱਖਰ ਊੜਾ ਮੈਨੂੰ ਚੁੱਲ੍ਹੇ ਅੱਗੇ ਸਿਆਹ ਖਿਲਾਰ ਕੇ ਉਨ੍ਹਾਂ ਹੀ ਲਿਖਣਾ ਸਿਖਾਇਆ ਸੀ।

Leave a Reply

Your email address will not be published. Required fields are marked *