- ਸੈਂਕੜੇ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ – ਡਿਪਟੀ ਕਮਿਸ਼ਨਰ ਸੁਰਭੀ ਮਲਿਕ
- ਕਲਾਤਮਕ ਪ੍ਰਤਿਭਾ ਨੂੰ ਦਰਸਾਉਂਦੀਆਂ ਬੱਚਿਆਂ ਦੀਆਂ 3500 ਤੋਂ ਵੱਧ ਐਂਟਰੀਆਂ ਹੋਈਆਂ ਪ੍ਰਾਪਤ
- ਸਰਵੋਤਮ ਵਿਦਿਆਰਥੀਆਂ ਨੂੰ ਇਨਾਮ ਵੰਡੇ ਜਾਣਗੇ, ਉੱਤਮ ਕਲਾਕ੍ਰਿਤੀਆਂ ਨੂੰ ਵੀ ਪ੍ਰਬੰਧਕੀ ਕੰਪਲੈਕਸ ‘ਚ ਕੀਤਾ ਜਾਵੇਗਾ ਸਥਾਪਤ
DMT : ਲੁਧਿਆਣਾ : (15 ਅਪ੍ਰੈਲ 2023) : – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ਵ ਕਲਾ ਦਿਵਸ ਮੌਕੇ ਕਲਾ ਪ੍ਰਤੀਯੋਗਤਾ ‘ਹੁਨਰ’ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੈਂਕੜੇ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਵਲੋਂ ਬੱਚਿਆਂ ਦੀ ਬੇਮਿਸਾਲ ਪ੍ਰਤਿਭਾ ਨੂੰ ਦੇਖਦਿਆਂ ਹੈਰਾਨੀ ਪ੍ਰਗਟਾਈ ਗਈ ਅਤੇ ਉਨ੍ਹਾਂ ਮਾਪਿਆਂ ਤੇ ਸਕੂਲ ਮੁਖੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਚੰਗੀ ਸੇਧ ਸਦਕਾ ਕਮਾਲ ਦੀ ਕਲਾਤਮਕ ਪ੍ਰਤਿਭਾ ਨੂੰ ਦਰਸਾਉਂਦੀਆਂ ਬੱਚਿਆਂ ਦੀਆਂ 3500 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਮੁਸ਼ਕਿਲ ਦੀ ਘੜੀ ਸੀ ਕਿ ਇਨ੍ਹਾਂ ਸਾਰੀਆਂ ਖੂਬਸੁਰਤ ਕਲਾਕ੍ਰਿਤੀਆਂ ਵਿੱਚੋਂ ਜੇਤੂ ਵਿਦਿਆਰਥੀਆਂ ਦੀ ਚੋਣ ਕਿਵੇਂ ਕੀਤੀ ਜਾਵੇ ਪਰੰਤੂ ਐਲੀਮੀਨੇਸ਼ਨ ਦੇ ਸ਼ੁਰੂਆਤੀ ਦੌਰ ਤੋਂ ਬਾਅਦ, ਜੇਤੂਆਂ ਦੀ ਅੰਤਿਮ ਸੂਚੀ ਲਈ 500 ਐਂਟਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਕੂਲੀ ਬੱਚਿਆਂ ਦੀ ਹੌਂਸਲਾ ਅਫਜਾਈ ਅਤੇ ਉਨ੍ਹਾਂ ਦੇ ਹੁਨਰ ਵਿੱਚ ਹੋਰ ਨਿਖਾਰ ਲਿਆਉਣ ਦੇ ਮੰਤਵ ਨਾਲ, ਸਹਾਇਕ ਕਮਿਸ਼ਨਰ ਅਪਰਨਾ ਐਮ.ਬੀ. (ਆਈ.ਏ.ਐਸ. ਅੰਡਰ ਟ੍ਰੇਨਿੰਗ) ਦੀ ਪਹਿਲਕਦਮੀ ਤਹਿਤ ਇਸ ਕਲਾ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਅੱਗੇ ਦੱਸਿਆ ਗਿਆ ਕਿ ਸ਼ਾਰਟਲਿਸਟ ਕੀਤੀਆਂ ਗਈਆਂ 50 ਦੇ ਕਰੀਬ ਐਂਟਰੀਆਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਇਨ੍ਹਾਂ ਕਲਾਕ੍ਰਿਤੀਆਂ ਨੂੰ ਜ਼ਿਲ੍ਹੇ ਭਰ ਦੀਆਂ ਸਰਕਾਰੀ ਇਮਾਰਤਾਂ ਵਿੱਚ ਫਰੇਮ ਕਰਕੇ ਪ੍ਰਦਰਸ਼ਿਤ ਕੀਤਾ ਜਾਵੇਗਾ।
ਕਲਾ ਦੀ ਗੁਣਵੱਤਾ ਇੰਨੀ ਪ੍ਰਸ਼ੰਸਾਯੋਗ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਕੀ ਬਚੀਆਂ ਕਲਾਕ੍ਰਿਤੀਆਂ ਨੂੰ ਬਾਅਦ ਦੀਆਂ ਤਰੀਕਾਂ ਨੂੰ ਪ੍ਰਦਰਸ਼ਨੀਆਂ ਰਾਹੀਂ ਪ੍ਰਦਰਸ਼ਿਤ ਕਰਨ ਦੀ ਸੰਭਾਵਨਾ ਦਾ ਸੰਕੇਤ ਵੀ ਦਿੱਤਾ ਹੈ।
ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਇਸ ਪ{ਰੇ ਮੁਕਾਬਲੇ ਦੀ ਖੁਦ ਨਿਗਰਾਨੀ ਕੀਤੀ ਗਈ ਅਤੇ ਕਿਹਾ ਕਿ ਅੰਤਿਮ ਸ਼ਾਰਟਲਿਸਟਾਂ ਦੇ ਨਾਵਾਂ ਦਾ ਐਲਾਨ ਸੋਮਵਾਰ ਤੱਕ ਕਰ ਦਿੱਤਾ ਜਾਵੇਗਾ।