DMT : ਲੁਧਿਆਣਾ : (01 ਮਾਰਚ 2023) : – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੇ ਹੁਕਮਾਂ ਤਹਿਤ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਲ੍ਹਾ ਲੁਧਿਆਣਾ ਵਿੱਚ ਬਾਲ ਵਿਆਹ ਰੋਕੂ ਐਕਟ, 2006 ਦੇ ਤਹਿਤ ਬਾਲ ਵਿਆਹ ਰੋਕਣ ਦੀ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਸ਼ਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਲੜਕੀ ਦੀ ਉਮਰ 18 ਸਾਲ ਅਤੇ ਲੜਕੇ ਦੀ ਉਮਰ 21 ਸਾਲ ਤੋਂ ਘੱਟ ਹੈ, ਉਹ ਵਿਆਹ ਕਰਦੇ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ 1 ਲੱਖ ਰੁਪਏ ਜੁਰਮਾਨਾ ਅਤੇ 2 ਸਾਲ ਦੀ ਕੈਦ ਦੀ ਸਜਾ ਹੋਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਵਿਆਹ ਕਰਵਾਉਣ ਵਿੱਚ ਸ਼ਾਮਲ ਪਾਰਟੀ ਜਿਵੇਂ ਕਿ ਮੈਰਿਜ ਪੈਲੇਸ ਦੇ ਮਾਲਕ, ਹਲਵਾਈ, ਟੈਂਟ ਹਾਊਸ, ਪੰਡਿਤ, ਪਾਦਰੀ, ਗੁਰਦੁਆਰਾ ਸਾਹਿਬ ਦੇ ਗਿਆਨੀ, ਪ੍ਰਿਟਿੰਗ ਪ੍ਰੈਸ, ਬੈਂਡ ਪਾਰਟੀ, ਸਜਾਵਟ ਕਰਨ ਵਾਲਿਆਂ ਆਦਿ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਵੀ ਕੋਈ ਵਿਅਕਤੀ ਵਿਆਹ ਦੀ ਬੁਕਿੰਗ ਲਈ ਆਉਂਦਾ ਹੈ ਤਾਂ ਪਹਿਲਾਂ ਲੜਕੇ-ਲੜਕੀ ਦੀ ਉਮਰ ਵੈਰੀਫਾਈ ਕੀਤੀ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਦੇ ਆਸ-ਪਾਸ ਕੋਈ ਬਾਲ ਵਿਆਹ ਹੋ ਰਿਹਾ ਹੈ ਜਾਂ ਹੋ ਚੁੱਕਿਆ ਹੈ ਜਾਂ ਭਵਿੱਖ ਵਿੱਚ ਹੋਣ ਵਾਲਾ ਹੈ ਤਾਂ ਦਫਤਰ, ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਸਮਾਜ ਭਲਾਈ ਕੰਪਲੈਕਸ, ਸ਼ਿਮਲਾਪੁਰੀ, ਨੇੜੇ ਗਿੱਲ ਨਹਿਰ, ਲੁਧਿਆਣਾ ਦੇ ਦਫਤਰ ਵਿਖੇ ਪਹੁੰਚ ਕਰਕੇ ਜਾਂ ਫੋਨ ਨੰ: 0161-5126456 ਅਤੇ ਫੋਨ ਨੰ: 9988448434 (ਸ਼੍ਰੀਮਤੀ ਰਸ਼ਮੀ, ਜਿਲ੍ਹਾ ਬਾਲ ਸੁਰੱਖਿਆ ਅਫਸਰ, ਲੁਧਿਆਣਾ) ਨੰਬਰਾਂ ‘ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।