‘ਜੀਵਨ ਬਚਾਓ’ ਵਿਸ਼ੇ ’ਤੇ ਵੈਟਨਰੀ ਯੂਨੀਵਰਸਿਟੀ ਵਿਖੇ ਕਰਵਾਈ ਗਈ ਵਿਸ਼ੇਸ਼ ਸਿਖਲਾਈ

Ludhiana Punjabi

DMT : ਲੁਧਿਆਣਾ : (10 ਫਰਵਰੀ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਸੀ ਐਲ ਆਈ ਓ, ਮਦਰ ਅਤੇ ਚਾਈਲਡ ਸੰਸਥਾ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਵਿਸ਼ਾ ‘ਜੀਵਨ ਬਚਾਓ’ ਸੀ, ਜਿਸ ਤਹਿਤ ਬਿਨਾਂ ਕਿਸੇ ਔਜ਼ਾਰ ਅਤੇ ਖਾਲੀ ਹੱਥਾਂ ਨਾਲ ਆਪਾਤਕਾਲ ਵਿਚ ਕਿਸੇ ਦਾ ਜੀਵਨ ਬਚਾਉਣ ਸੰਬੰਧੀ ਬੁਨਿਆਦੀ ਪਹਿਲੂਆਂ ਬਾਰੇ ਡਾਕਟਰੀ ਗਿਆਨ ਦਿੱਤਾ ਗਿਆ। ਡਾ. ਵਿਕਾਸ ਬਾਂਸਲ ਅਤੇ ਡਾ. ਮਹਿਕ ਬਾਂਸਲ ਨੇ ਵਿਦਿਆਰਥੀਆਂ ਨੂੰ ਆਪਾਤਕਾਲੀ ਸਥਿਤੀਆਂ ਵਿਚ ਲੋਕਾਂ ਦੀ ਸਹਾਇਤਾ ਕਰਨ ਸੰਬੰਧੀ ਅਤੇ ਜੀਵਨ ਰੱਖਿਅਕ ਨੁਕਤਿਆਂ ਸੰਬੰਧੀ ਚਾਨਣਾ ਪਾਇਆ।

          ਡਾ. ਬਾਂਸਲ ਨੇ ਕਿਹਾ ਕਿ ਅਜਿਹੇ ਜੀਵਨ ਬਚਾਓ ਨੁਕਤੇ ਵਿਦਿਆਰਥੀਆਂ ਦੇ ਪਾਠਕ੍ਰਮ ਵਿਚ ਸ਼ਾਮਿਲ ਹੋਣੇ ਚਾਹੀਦੇ ਹਨ। ਡਾ. ਵੀਨਸ ਬਾਂਸਲ ਨੇ ਪ੍ਰਸੂਤੀ ਸਮੱਸਿਆਵਾਂ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਇਹ ਨੁਕਤੇ ਛੋਟੇ ਜਾਨਵਰਾਂ ਸੰਬੰਧੀ ਵੀ ਕਾਰਗਰ ਹਨ। ਡਾ. ਐਸ ਕੇ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਹੋਇਆਂ ਕਿਹਾ ਕਿ ਬਤੌਰ ਵੈਟਨਰੀ ਮਾਹਿਰ, ਵਿਦਿਆਰਥੀ ਪਸ਼ੂਆਂ ਤੇ ਜਾਨਵਰਾਂ ਦੇ ਬਚਾਅ ਲਈ ਬਹੁਤ ਕੁਝ ਕਰ ਸਕਦੇ ਹਨ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ। ਡਾ. ਲਛਮਣ ਦਾਸ ਸਿੰਗਲਾ ਨੇ ਮਾਹਿਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਹਿਤੈਸ਼ੀ ਕਾਰਜਾਂ ਲਈ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਵਲੋਂ ਬਹੁਤ ਸਹਿਯੋਗ ਅਤੇ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਦਾ ਵੀ ਉਨ੍ਹਾਂ ਵਲੋਂ ਹਰ ਮੌਕੇ ਦਿੱਤੇ ਜਾਂਦੇ ਮੁੱਲਵਾਨ ਯੋਗਦਾਨ ਦਾ ਧੰਨਵਾਦ ਪ੍ਰਗਟਾਇਆ। ਡਾ. ਪਰਮਜੀਤ ਕੌਰ ਨੇ ਇਸ ਗਤੀਵਿਧੀ ਨੂੰ ਬਤੌਰ ਸੰਯੋਜਕ ਬਹੁਤ ਨਿਪੁੰਨਤਾ ਨਾਲ ਸੰਪੂਰਨ ਕੀਤਾ।

Leave a Reply

Your email address will not be published. Required fields are marked *