DMT : ਲੁਧਿਆਣਾ : (13 ਫਰਵਰੀ 2023) : – ਇਸ ਸਮੇਂ ਪੰਜਾਬ ਦੇ ਆਰਥਿਕ ਅਤੇ ਰਾਜਨੀਤਕ ਹਾਲਾਤ ਅਤਿ ਨਿਰਾਸ਼ਾਜਨਕ ਚੱਲ ਰਹੇ ਨੇ। ਪਿੱਛਲੇ ਢਾਈ ਦਹਾਕਿਆਂ ਦੌਰਾਨ ਸਰਕਾਰਾਂ ਦੀ ਮਾਫੀਆਂ ਰਾਹੀਂ ਲੁੱਟ ਅਤੇ ਮਾਰੂ ਨੀਤੀਆਂ ਕਾਰਨ ਕਰਜਾ ਵਧਦਾ ਗਿਆ। ਇਸ ਸਮੇਂ ਸੂਬੇ ਉਪਰ ਜਨਤਕ ਅਦਾਰਿਆਂ ਸਮੇਤ ਤਿੰਨ ਲੱਖ ਕਰੋਡ਼ ਰੁਪਏ ਤੋਂ ਵਧੇਰੇ ਕਰਜਾ ਚੜ੍ਹ ਚੁੱਕੈ। ਜਿਸ ਦੀ ਸਾਲਾਨਾ ਵਿਆਜ ਸਮੇਤ ਕਿਸ਼ਤ 36000 ਕਰੋੜ ਰੁਪਏ ਅਦਾ ਕਰਨੀ ਪੈ ਰਹੀ ਹੈ। ਸੂਬੇ ਦੀ ਆਰਥਿਕ ਮੰਦਹਾਲੀ ਬਾਵਯੂਦ ਵੋਟਾਂ ਖਾਤਿਰ ‘ਆਪ’ ਵਲੋਂ ਵੱਡੇ ਵੱਡੇ ਚੋਣ ਵਾਅਦੇ ਕੀਤੇ ਹੋਏ ਨੇ। ਉਂਝ ਜਨਤਾ ਨੇ ਰਵਾਇਤੀ ਪਾਰਟੀਆਂ ਦੀ ਲੁੱਟ ਅਤੇ ਬੱਦਇੰਤਜਾਮੀ ਤੋਂ ਖਫਾ ਹੋ ਕੇ ‘ਆਪ’ ਨੂੰ ਬੇਮਿਸਾਲ ਬਹੁਮੱਤ ਦਿੱਤਾ ਹੈ। ਪ੍ਰੰਤੂ ‘ਆਪ’ ਲੀਡਰ ਇਸ ਨੂੰ ਦਿੱਲੀ ਮਾਡਲ ਦੀ ਜਿੱਤ ਸਮਝ ਬੈਠੇ ਨੇ। ਰਵਾਇਤੀ ਪਾਰਟੀਆਂ ਦੇ ਲੀਡਰਾਂ ਵਾਂਗ ਹੀ ਪ੍ਰਚਾਰ ਰਾਹੀਂ ਧੌਂਸ ਜਮਾਉਣ ਵਿਚ ਮਸ਼ਰੂਫ ਨੇ। ਹੁਣ ਤੱਕ ਤਾਂ ਸਰਕਾਰ ਪਾਰਟੀ ਸੁਪਰੀਮੋਂ ਦੀ ਚੰਡੀਗੜ੍ਹ ਬੈਠੀ ਟੀਮ ਵਲੋਂ ਚਲਾਏ ਜਾਣ ਦਾ ਪ੍ਰਭਾਵ ਦੇ ਰਹੀ ਹੈ। ਉੱਚ ਪੱਧਰੀ ਅਹਿਮ ਮੀਟਿੰਗਾਂ ਵਿਚ ਅਣਅਧਿਕਾਰਿਤ ਵਿਅੱਕਤੀਆਂ ਦੀ ਮੌਜੂਦਗੀ ਦੇ ਰੋਜ਼ਾਨਾਂ ਮੀਡੀਆ ਵਿਚ ਚਰਚੇ ਸੂਬੇ ਦੀ ਲੀਡਰਸ਼ਿਪ ਦੇ ਅਕਸ਼ ਨੂੰ ਵੱਡੀ ਢਾਅ ਲਗਾ ਰਹੇ ਨੇ। ਇਸੇ ਉਭਰੇ ਅਕਸ਼ ਦੇ ਕਾਰਨ ਸੰਗਰੂਰ ਲੋਕ ਸਭਾ ਸੀਟ ਦੀ ਜਿਮਨੀ ਚੋਣ ਵਿਚ ਪਾਰਟੀ ਨਤੀਜਾ ਭੁੱਗਤ ਚੱਕੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨਾਲ ਦਿੱਲੀ ਦੀ ਤਰਜ਼ ਤੇ ਬਣਿਆ ਟਕਰਾਅ ਵੀ ਸੂਬਾ ਸਰਕਾਰ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਰਿਹੈ। ਸੂਬੇ ਦੀ ਰਾਜਨੀਤਕ ਸਥਿਤੀ ਵੀ ਕਾਫੀ ਉਥਲ ਪੁਥਲ ਵਿਚੋਂ ਗੁਜ਼ਰ ਰਹੀ ਹੈ। ਵਿਰੋਧੀ ਰਵਾਇਤੀ ਪਾਰਟੀਆਂ ਵੀ ਆਪਣਾ ਖੋਇਆ ਆਧਾਰ ਤਲਾਸ਼ਣ ਲਈ ਤਰਲੋ ਮੱਛੀ ਹੋ ਦਿਸਦੀਆਂ ਨੇ। ਫਿਰ ਵੀ ਪਿੱਛਲੇ ਦਿੰਨੀ ਸਿਖਿਆ ਅਤੇ ਸਿਹਤ ਖੇਤਰਾਂ ਦੇ ਸੁਧਾਰ ਸਬੰਧੀ ਲਏ ਗਏ ਫੈਸਲੇ ਅੱਛੇ ਸੰਕੇਤ ਦਿੰਦੇ ਨੇ।
*ਵਿਗੜਿਆ ਅਮਨ ਕਨੂੰਨ*
ਸੂਬੇ ਅੰਦਰ ਗੈੰਗਸਟਰਾਂ ਅਤੇ ਗੈਰਕਨੂੰਨੀ ਅਨਸਰਾਂ ਵਲੋਂ ਕਤਲ ਅਤੇ ਫਿਰੌਤੀਆਂ ਦੀਆਂ ਸ਼ਰੇਆਮ ਵਾਰਦਾਤਾਂ ਨਾਲ ਜਨਤਾ ਦਾ ਸਰਕਾਰ ਪ੍ਰਤੀ ਗੁੱਸਾ ਵਧ ਰਿਹੈ। ਦੇਸ਼ ਅਤੇ ਵਿਦੇਸ਼ਾਂ ਵਿਚ ਫੈਲੇ ਗੈਂਗਸਟਰਾਂ ਦੇ ਗਿਰੋਹ ਸ਼ਰੇਆਮ ਕਤਲਾਂ ਨੂੰ ਅੰਜ਼ਾਮ ਦੇ ਰਹੇ ਨੇ ਅਤੇ ਜੇਲਾਂ ਵਿਚੋਂ ਹੀ ਫਿਰੌਤੀਆਂ ਉਗਰਾਹ ਰਹੇ ਨੇ। ਸੂਬੇ ਵਿਚ ਹੋਈਆਂ ਵੱਡੀਆਂ ਵਾਰਦਾਤਾਂ ਨਾਲ ਗੈਂਗਵਾਦ ਦੀ ਖਤਰਨਾਕ ਤਸਵੀਰ ਉਭਰੀ ਹੈ। 15 ਮਾਰਚ ਤੋਂ ਜਲੰਧਰ ਦੇ ਪਿੰਡ ਮੱਲੀਆਂ ਕਲਾਂ ਵਿੱਚ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਨਾਲ ਸ਼ੁਰੂ ਹੋਇਆ। ਮੁਹਾਲੀ ਅਤੇ ਸਰਹਾਲੀ ਵਿੱਚ ਰਾਕਟ ਨਾਲ ਹਮਲੇ ਅੱਤਵਾਦ ਦੇ ਮੁੜ ਸਿਰ ਚੁਕਣ ਦੇ ਸਪੱਸ਼ਟ ਸੰਕੇਤ ਨੇ। 29 ਮਈ ਨੂੰ ਪਿੰਡ ਜਵਾਹਰ ਸਿੰਘ ਵਾਲਾ ਵਿਚ ਦਿਨ ਦਿਹਾੜੇ ਸ਼ਰੇਆਮ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲ ਦੇ ਕਤਲ ਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਦੇ ਕਨੇਡਾ ਬੈਠੇ ਗੋਲਡੀ ਬਰਾੜ ਨੇ ਲਈ। ਬਹੁਤੇ ਦੋਸ਼ੀ ਦਿੱਲੀ ਪੁਲਿਸ ਦੀ ਕਰਾਇਮ ਬਰਾਂਚ ਵਲੋਂ ਦਬੋਚੇ ਗਏ। ਫਿਰ 11 ਅਕਤੂਬਰ ਨੂੰ ਤਰਨ ਤਾਰਨ ਦੇ ਪਿੰਡ ਰਸੂਲਪੁਰ ਵਿਚ ਗਾਰਮੈਂਟ ਸਟੋਰ ਮਾਲਕ ਗੁਰਜੰਟ ਸਿੰਘ ਜੰਟਾ ਦਾ ਫਿਰੌਤੀ ਲਈ ਸ਼ਰੇਆਮ ਕਤਲ ਹੋਇਆ। ਜਿੰਮੇਵਾਰੀ ਕਨੇਡਾ ਰਹਿੰਦੇ ਗੈਂਗਸਟਰ ਲਖਵੀਰ ਸਿੰਘ ਲੰਢਾ ਨੇ ਪੋਸਟ ਪਾ ਕੇ ਲਈ। ਮੁੱਖ ਮੰਤਰੀ ਨੇ ਅਮਰੀਕਾ ਵਿਚ ਗੋਲਡੀ ਬਰਾੜ ਦੀ ਗਿ੍ਫਤਾਰੀ ਬਾਰੇ ਦਾਅਵਾ ਜਰੂਰ ਕਰ ਦਿੱਤਾ, ਪ੍ਰੰਤੂ ਪ੍ਰਮਾਣ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ। ਫਿਰ 5 ਅਕਤੂਬਰ ਨੂੰ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਦੇ ਭਾਰੀ ਸੁਰੱਖਿਆ ਦੌਰਾਨ ਹੋਏ ਕਤਲ ਨੇ ਪੁਲਿਸ ਪ੍ਰਸਾਸ਼ਨ ਤੇ ਸਵਾਲ ਖੜੇ ਕੀਤੇ। ਕੋਟਕਪੂਰਾ ‘ਚ 10 ਨਵੰਬਰ ਨੂੰ ਬੇਅਦਬੀ ਦੇ ਮੁਲਜਿਮ ਡੇਰਾ ਪ੍ਰੇਮੀ ਪਰਦੀਪ ਸਿੰਘ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਇਸ ਤੋਂ ਗੈਂਗਸਟਰਾਂ ਅਤੇ ਗਰਮ ਖਿਆਲੀ ਗਰੁੱਪਾਂ ਵਿਚ ਤਾਲਮੇਲ ਝਲਕਦੈ। 7 ਦਸੰਬਰ ਨੂੰ ਨਕੋਦਰ ਵਿਚ ਕਪੜਾ ਵਪਾਰੀ ਭੁਪਿੰਦਰ ਸਿੰਘ ਅਤੇ ਗੰਨਮੈਨ ਦਾ ਫਿਰੋਤੀ ਨਾਂ ਦੇਣ ਤੇ ਦਿਨ ਦਿਹਾੜੇ ਕਤਲ ਹੋਇਆ। ਸੂਬੇ ਵਿੱਚ ਅਸਲੇ ਦੀ ਵਰਤੋਂ ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਵੀ ਵਾਧਾ ਹੋਇਆ ਹੈ। ਚੋਣਾਂ ਦੌਰਾਨ ਗੁਰੂ ਗਰੰਥ ਸਾਹਿਬ ਦੀ ਬੇਅੱਦਬੀ ਅਤੇ ਕੋਟਕਪੂਰਾ/ਬਹਿਬਲ ਕਲਾਂ ਗੋਲੀਕਾਂਡ ਦੇ ਪਾਰਟੀ ਸੁਪਰੀਮੋ ਕੇਜਰੀਵਾਲ ਵਲੋਂ ਦੋ ਦਿਨ ਵਿਚ ਹੀ ਇਨਸਾਫ ਦਵਾਉਣ ਦਾ ਵਾਅਦੇ ਪੂਰੇ ਨਹੀ ਹੋਇਆ। ਅਜੇ ਤੱਕ ਸਿੱਟਾਂ ਪੜ੍ਤਾਲ ਹੀ ਮੁਕੰਮਲ ਨਹੀਂ ਕਰ ਸਕੀਆਂ। ਪਰ ਇਹ ਮਾਮਲਾ ਲਮਕਾਉਣ ਨਾਲ ਖਹਿੜਾ ਛੱਡਣ ਵਾਲਾ ਨਹੀਂ ਜਾਪਦਾ, ਲੋਕ ਸੜਕ ਜਾਮ ਕਰੀ ਬੈਠੇ ਨੇ।
*ਨੌਜਵਾਨੀ ਵਿਦੇਸ਼ਾਂ ਵਲ*
ਉਂਝ ਤਾਂ ਸਮੁਚੇ ਦੇਸ਼ ਵਿਚ ਪਿੱਛਲੇ ਸਾਲਾਂ ਦੌਰਾਨ ਕਰੋਡ਼ਾਂ ਰੁਜ਼ਗਾਰ ਖਤਮ ਹੋਏ ਨੇ। ਪਰ ਗਵਾਂਡੀ ਰਾਜਾਂ ਨੂੰ ਟੈਕਸਾਂ ਵਿਸ਼ੇਸ਼ ਰਿਆਇਤਾਂ ਦੇਣ ਕਾਰਨ ਪੰਜਾਬ ਵਿਚ ਵੱਡੀਆਂ ਸਨਅੱਤਾਂ ਲਗਣੀਆਂ ਬੰਦ ਹੋ ਚੁੱਕੀਆਂ ਨੇ, ਨਾਲ ਹੀ ਸੂਬੇ ਦੇ ਬਹੁਤੇ ਸਨਅੱਤਕਾਰ ਵੀ ਗਵਾਂਡੀ ਰਾਜਾਂ ਦੇ ਰੁੱਖ ਕਰ ਰਹੇ ਨੇ। ਇਸ ਦੇ ਚਲਦੇ ਸੂਬੇ ਵਿਚ ਰੁਜ਼ਗਾਰ ਦੇ ਮੌਕੇ ਖਤਮ ਹੋ ਰਹੇ ਨੇ। ਚੰਗੇ ਭਵਿਖ ਦੀ ਤਾਲਾਸ਼ ਵਿਚ ਨੌਜਵਾਨ ਵਿਦੇਸ਼ਾਂ ਵਲ ਭੱਜ ਰਹੇ ਨੇ। ਸੂਬੇ ਵਿਚੋਂ ਹਰ ਸਾਲ 30 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਪੈਸਾ ਵਿਦੇਸ਼ਾਂ ਵਿਚ ਜਾ ਰਿਹੈ। ਸੂਬੇ ਵਿਚ ਤਕਨੀਕੀ ਸੰਸਥਾਵਾਂ ਵਿਚ ਸੀਟਾਂ ਖਾਲੀ ਰਹਿੰਦੀਆਂ ਨੇ । ਪਿਛਲੇ ਦੋ ਸਾਲਾਂ ਦੌਰਾਨ 29 ਕਾਲਜ ਬੰਦ ਵੀ ਹੋ ਚੁੱਕੇ ਨੇ। ਅਜੇ ਵੀ ਮੁੱਖ ਮੰਤਰੀ ਵਿਦੇਸ਼ੀਂ ਗਈ ਜਵਾਨੀ ਨੂੰ ਵਾਪਿਸ ਪਿਆਉਣ ਦੇ ਸੁਪਨੇ ਦਿਖਾ ਰਹੇ ਨੇ।
*ਨਸ਼ਾ ਵਪਾਰ*
ਸੂਬੇ ਵਿਚ ਚਲ ਰਿਹਾ ਨਸ਼ਾ ਵਪਾਰ ਸਰਕਾਰ ਦੇ ਗਲੇ ਦੀ ਹੱਡੀ ਬਣ ਚੁਕੈ। ਪਿੰਡਾਂ ਵਿਚ ਸ਼ਰੇਆਮ ਆਸਾਨੀ ਨਾਲ ਨਸ਼ਾ ਵਿਕਣ ਦੀਆਂ ਖਬਰਾਂ ਲਗਾਤਾਰ ਮੀਡੀਆ ਵਿਚ ਆ ਰਹੀਆਂ ਨੇ। ਸੂਬੇ ਦੇ
ਰਾਜਪਾਲ ਖੁੱਦ 1 ਅਤੇ 2 ਜਨਵਰੀ ਨੂੰ ਸਰਹੱਦੀ ਜਿਲਿਆਂ ਵਿਚ ਮੀਟਿੰਗਾਂ ਦੌਰਾਨ ਮੁੱਖ ਸਕੱਤਰ ਅਤੇ ਡੀਜੀਪੀ ਦੀ ਹਵਜਰੀ ਵਿਚ ਨਸ਼ੇ ਸਟੋਰਾਂ ਤੇ ਵਿਕਣ ਤੱਕ ਦੀ ਗੱਲ ਕਰ ਚੁੱਕੇ ਨੇ। ਨਸ਼ਿਆਂ ਦਾ ਇਨੀਂ ਵੱਡੀ ਤੇ ਵਪਾਰ ਪੁਲਿਸ ਪ੍ਰਸਾਸ਼ਨ ਦੀ ਮਿਲੀ ਭੁਗਤ ਤੋਂ ਬਗੈਰ ਸੰਭਵ ਨਹੀਂ ਜਾਪਦਾ। ਸਰਹੱਦ ਤੋਂ 50 ਕਿ.ਮੀ. ਤੱਕ ਬੀਐਸਐਫ ਦਾ ਕੰਟਰੋਲ ਵਧਾਉਣ ਦੇ ਬਾਵਯੂਦ ਲਗਾਤਾਰ ਨਸ਼ੇ ਅਤੇ ਹਥਿਆਰ ਡਰੋਨਾਂ ਰਾਹੀਂ ਸਮੱਗਲ ਹੋ ਰਹੇ ਨੇ। ਪਿੱਛਲੇ ਸਮੇਂ ਵਿਚ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਵੀ ਨਸ਼ੇ ਦੀਆਂ ਵੱਡੀਆਂ ਖੇਪਾਂ ਫੜੀਆਂ ਜਾ ਚੁੱਕੀਆਂ ਨੇ। ਬੇਸ਼ਕ ਕੇਂਦਰੀ ਗ੍ਰਹਿ ਵਿਭਾਗ ਨਸ਼ੇ ਰੋਕਣ ਲਈ ਵੱਡੇ ਕਦਮ ਚੁੱਕਣ ਦੇ ਦਾਅਵੇ ਕਰਦੈ, ਪਰ ਜਮੀਨੀ ਪੱਧਰ ਤੇ ਅਸਰ ਦਿਖਾਈ ਨਹੀਂ ਦਿੰਦਾ। ਹੁਣ ਤਾਂ ਮੰਤਰੀ ਵੀ ਅਫੀਮ ਦੀ ਖੇਤੀ ਦੇ ਪੱਖ ਵਿਚ ਬੋਲਣ ਲਗੇ ਨੇ, ਅਜੇਹੇ ਵਿਚ ਨਸ਼ੇ ਬੰਦ ਹੋਣ ਦੇ ਆਸਾਰ ਬਹੁੱਤ ਮੱਧਮ ਜਾਪਦੇ ਨੇ।
*ਅਫਸਰਸ਼ਾਹੀ ਨਾਲ ਰੱਫੜ*
ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਨਾਲ ਵਿਜ਼ੀਲੈਂਸ ਕੇਸਾਂ ਕਾਰਨ ਪਿਆ ਰੱਫੜ ਵੀ ਰੰਗ ਦਿਖਾ ਰਿਹੈ। ਬੇਵਿਸ਼ਵਾਸੀ ਕਾਰਨ ਦਰਜਨ ਸੀਨੀਅਰ ਆਈਏਐਸ ਅਫਸਰ ਕੇਂਦਰ ਸਰਕਾਰ ਵਿਚ ਡੈਪੂਟੇਸ਼ਨ ਤੇ ਜਾਣ ਲਈ ਲਿੱਖ ਚੁੱਕੇ ਨੇਂ। ਸਥਿਤੀ ਵਿਗੜਦੀ ਦੇਖ ਸਰਕਾਰ ਨੇ ਪਿੱਛੇ ਹੱਟ ਕੇ ਵਿਜ਼ੀਲੈਂਸ ਬਿਓਰੋ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਅਗਾਉਂ ਪ੍ਰਵਾਨਗੀ ਲੈਣ ਲਈ ਕਹਿ ਦਿੱਤੈ। ਇਸੇ ਕਾਰਨ ਆਈਏਐਸ ਨੀਲਿਮਾਂ ਖਿਲਾਫ ਪੜਤਾਲ ਅੱਗੇ ਨਹੀਂ ਵਧ ਸਕੀ। ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵੀ ਪ੍ਰਭਾਵਿਤ ਦਿੱਖਦੀ ਹੈ। ਉਂਝ ਭ੍ਰਿਸ਼ਟਾਚਾਰੀਆਂ ਵਿਰੁੱਧ ਵਿਜ਼ੀਲੈਂਸ ਦੀ ਕਾਰਵਾਈ ਨਾਲ ਮੁੱਖ ਮੰਤਰੀ ਦਾ ਅਕਸ਼ ਉਭਰਿਆ ਦਿਖਾਈ ਦਿੰਦੈ।
*ਕੇਂਦਰ ਦੀ ਬੇਰੁੱਖੀ*
ਸੂਬਾ ਅਤੇ ਕੇਂਦਰ ਸਰਕਾਰਾਂ ਵਿਚ ਲਗਾਤਾਰ ਟਕਰਾਅ ਦਾ ਮਹੌਲ ਵੀ ਸੂਬੇ ਵਿਕਾਸ ਲਈ ਮਾਰੂ ਸਾਬਿਤ ਹੋ ਰਿਹੈ। ਸੂਬਾ ਸਰਕਾਰ ਵਲੋਂ ਮੁਫਤ ਬਿਜਲੀ ਦੇਣ ਪਿੱਛੋਂ ਕੇੰਦਰ ਨੇ ਗਰਾਂਟਾਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ ਨੇ। ਰੇਲ ਦੀ ਬਜਾਏ ਕੋਲਾ ਸਮੁੰਦਰੀ ਜਹਾਜਾਂ ਰਾਹੀਂ ਲਿਆਉਣ ਅਤੇ ਇਸ ਸਾਲ 85000 ਡਿਜੀਟਲ ਬਿਜਲੀ ਮੀਟਰ ਲਗਾਉਣ ਦੀ ਸ਼ਰਤਾਂ ਲਗਾਈ ਹੈ। ਦਬਾਅ ਕਾਰਨ ਸਰਕਾਰ ਨੇ ਦਫਤਰਾਂ 31 ਮਾਰਚ ਤੱਕ ਅਜੇਹੇ ਮੀਟਰ ਲਗਾਉਣ ਦੇ ਆਦੇਸ਼ ਜਾਰੀ ਕੀਤੇ ਨੇ। ਮੁੱਖ ਮੰਤਰੀ ਦੀ ਰਾਜਪਾਲ ਰਾਹੀਂ ਬਾਂਹ ਮਰੋੜਨਾਂ ਤਾਂ ਆਮ ਜਿਹਾ ਵਰਤਾਰਾ ਬਣ ਚੁੱਕੈ। ਸੂਬਾ ਸਰਕਾਰ ਅਤੇ ਕੇਂਦਰ ਦੇ ਮਾੜੇ ਸਬੰਧਾਂ ਦੀ ਮਾਰ ਲੰਮੇ ਸਮੇਂ ਤੋਂ ਪੰਜਾਬ ਝੱਲ ਰਿਹੈ।
ਆਮ ਕਰਕੇ ਸੱਤਾਧਾਰੀ ਪਾਰਟੀ ਦੇ ਲੀਡਰਾਂ ਦੁਆਲੇ ਚਾਪਲੂਸਾਂ ਦਾ ਘੇਰਾ ਬਣ ਜਾਂਦੈ, ਜੋ ਤਾਰੀਫਾਂ ਨਾਲ ਆਪਣਾ ਉਲੂ ਸਿੱਧਾ ਕਰਦੇ ਨੇ। ਅਜੇਹੇ ਲੋਕ ਹੀ ਨੇਤਾਵਾਂ ਨੂੰ ਚੰਗੇ ਲਗਦੇ ਨੇ ਅਤੇ ਸਵਾਲ ਉਠਾਉਣ ਵਾਲਿਆਂ ਤੋਂ ਲੀਡਰ ਕੰਨੀ ਕਤਰਾਉਂਦੇ ਨੇ। ਜਨਤਕ ਮੁੱਦਿਆਂ ਤੇ ਫੈਸਲੇ ਮੋਰਚੇ ਭਖਣ ਪਿਛੋਂ ਲੈਣ ਦਾ ਚਲਣ ਘਾਤਿਕ ਬਣਦਾ ਜਾ ਰਿਹੈ। ਆਉੰਦੇ ਸਮੇਂ ਵਿਚ ਸਥਾਨਿਕ ਸੰਸਥਾਵਾਂ ਅਤੇ ਜਲੰਧਰ ਲੋਕ ਸਭਾ ਚੋਣ ਵੀ ਸਰਕਾਰ ਲਈ ਵੱਡੀ ਚੁਨੌਤੀ ਨੇ। ਅਜੇਹੇ ਵਿਚ ਸਰਕਾਰ ਲਈ ਜਨਤਾ ਵਿਚ ਜਾ ਕੇ ਮਸਲਿਆਂ ਦੇ ਹੱਲ ਲਈ ਸਖਤ ਫੈਸਲੇ ਕਰਨੇ ਹੋਣਗੇ।
ਦਰਸ਼ਨ ਸਿੰਘ ਸ਼ੰਕਰ
ਜਿਲ੍ਹਾ ਲੋਕ ਸੰਪਰਕ ਅਫਸਰ (ਰਿਟਾ.)
