DMT : ਲੁਧਿਆਣਾ : (04 ਅਪ੍ਰੈਲ 2023) : – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਰੋਡ ਰੇਜ’ ਮਾਮਲੇ ਵਿੱਚ 10 ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ 1 ਅਪ੍ਰੈਲ ਨੂੰ ਰਿਹਾਅ ਹੋਏ ਨੇ। ਪਟਿਆਲਾ ਜੇਲ ਤੋਂ ਬਾਹਰ ਆਉਣ ਤੇ ਸਿੱਧੂ ਦਾ ਸਮੱਰਥਕਾਂ ਨੇ ਢੋਲ ਢਮੱਕੇ ਨਾਲ ਸੁਆਗਤ ਕੀਤਾ। ਸਿੱਧੂ 34 ਸਾਲ ਪੁਰਾਣੇ ‘ਰੋਡ ਰੇਜ’ ਦੇ ਕੇਸ ਵਿੱਚ ਮਾਨਯੋਗ ਸੁਪਰੀਮ ਕੋਰਟ ਵਲੋਂ ਸੁਣਾਈ ਇੱਕ ਸਾਲ ਦੀ ਸਜਾ ਕੱਟ ਕੇ ਪਟਿਆਲਾ ਜੇਲ ਤੋਂ ਬਾਹਰ ਆਏ ਨੇ। ਸਿੱਧੂ ਦੇ ਜੇਲ ਚੋਂ ਛੁੱਟਣ ਤੇ ਸੂਬੇ ਦੀ ਰਾਜਨੀਤੀ ਪੂਰੀ ਤਰਾ ਗਰਮਾ ਗਈ ਹੈ। ਅਕਸਰ ਸਜਾ ਕੱਟਣ ਪਿੱਛੋਂ ਵਿਅੱਕਤੀ ਦਾ ਮਜ਼ਾਜ਼ ਠੰਡਾ ਹੁੰਦੈ। ਪਰ ਬਾਹਰ ਆਉਂਦੇ ਹੀ ਸਿੱਧੂ ਦੇ ਤੇਵਰ ਪਹਿਲਾਂ ਦੀ ਤਰਾਂ ਆਕੱਰਮਕ ਨਜ਼ਰ ਆਏ। ਉਨਾਂ ਨੇ ਆਪਣੇ ਤੇਜ਼ ਤਰਾਰ ਅੰਦਾਜ਼ ਵਿਚ ਆਪਣੀ ਰਾਜਨੀਤਕ ਦਿਸ਼ਾ ਦਾ ਸੰਕੇਤ ਦੇ ਦਿੱਤਾ । ਪਹਿਲੇ ਬਿਆਨ ਤੋਂ ਸਪੱਸ਼ਟ ਹੈ ਕਿ ਨਵੀਂ ਪਾਰਟੀ ਦੀ ਬਜਾਏ ਕਾਂਗਰਸ ਵਿਚ ਹੀ ਭਵਿਖ ਤਲਾਸ਼ਣਗੇ। ਉਨਾਂ ਦੀ ਰਿਹਾਈ ਤੇ ਪ੍ਰਮੁੱਖ ਕਾਂਗਰਸ ਨੇਤਾਵਾਂ ਨੇ ਫਿਲਹਾਲ ਚੁੱਪ ਰਹਿਣਾ ਹੀ ਬਿਹਤਰ ਸਮਝਿਐ। ਉਂਝ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਅਤੇ ਰਾਜਿੰਦਰ ਕੌਰ ਭੱਠਲ ਨੇ ਰਿਹਾਈ ਤੇ ਖੁਸ਼ੀ ਜਾਹਿਰ ਕੀਤੀ ਹੈ। ਸਿੱਧੂ ਨੇ ਰਾਹੁਲ ਗਾਂਧੀ ਦੇ ਕਸੀਦੇ ਕੱਢਦੇ ਉਸ ਨੂੰ ਭਵਿਖ ਦੀ ਕ੍ਰਾਂਤੀ ਦੱਸਿਆ ਅਤੇ ਕਿਹਾ ਕਿ ਉਹ ਲੋਕਤੰਤਰ ਅਤੇ ਸੰਵਿਧਾਨਿਕ ਸੰਸਥਾਵਾਂ ਦੀ ਆਜਾਦੀ ਲਈ ਲੜ ਰਿਹੈ। ਬੀਜੇਪੀ ਸਰਕਾਰ ਦੀਆਂ ਨੀਤੀਆਂ ਨੂੰ ਦਮਨਕਾਰੀ ਦੱਸਕੇ ਤਿੱਖੇ ਹਮਲੇ ਕੀਤੇ। ਤੰਜ ਕੱਸਿਆ ਕਿ ਬੀਜੇਪੀ ਰਾਜ ਵਿਚ ਇਨਸਾਫ਼ ਦੀ ਆਸ ਖਤਮ ਹੋ ਚੁੱਕੀ ਹੈ ਅਤੇ ਲੋਕਾਂ ਦੀ ਤਾਕਤ ਲੋਕਾਂ ਕੋਲ ਨਹੀਂ ਰਹੀ। ਉਨਾਂ ਕਿਹਾ ਕਿ ਜੇ ਪੰਜਾਬ ਨੂੰ ਕਮਜ਼ੋਰ ਕਰੋਗੇ ਤਾਂ ਦੇਸ਼ ਕੰਮਜ਼ੋਰ ਹੋਵੇਗਾ। ਸਿੱਧੂ ਨੇ ਸਪੱਸ਼ਟ ਕੀਤਾ ਕਿ ਪੰਜਾਬ ਹੀ ਉਸ ਦੀ ਅਸਲ ਕਰਮ ਭੂਮੀ ਰਹੇਗਾ ਅਤੇ ਇਸ ਨੂੰ ਦਲ ਦਲ ਵਿਚੋਂ ਕੱਢਣਾ ਉਸ ਦਾ ਮਿਸ਼ਨ ਹੈ। ਸਿੱਧੂ ਨੇ ਦੂਜੇ ਹੀ ਦਿਨ ਉਘੇ ਗਾਇਕ ਸਿੱਧੂ ਮੂਸੇਵਾਲੇ ਦੇ ਪਿੰਡ ਪੁੱਜ ਕੇ ਉਸ ਦੇ ਮਾਤਾ ਪਿਤਾ ਨਾਲ ਅਫਸੋਸ ਪ੍ਰਗਟਾਇਆ। ਦੂਜੇ ਹੀ ਦਿਨ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਪਿੰਡ ਮੂਸੇਵਾਲਾ ਪੁੱਜ ਕੇ ਅਫਸੋਸ ਪ੍ਰਕਟ ਕਰਕੇ ਸਰਗਰਮੀ ਸ਼ੁਰੂ ਕਰ ਦਿੱਤੀ। ਉਨਾਂ ਕਿਹਾ ਕਿ ਪਿੱਛੋਂ ਸਾਲ ਲੰਘਣ ਦੇ ਬਾਵਯੂਦ ਪਰਵਾਰ ਇੰਨਸਾਫ ਲਈ ਭਟਕ ਰਿਹੈ। ਪੰਜਾਬ ਦੇ ਵਿਗੜੇ ਹਾਲਾਤਾਂ ਲਈ ਸੂਬਾ ਸਰਕਾਰ ਤੇ ਵੀ ਸਿੱਧੇ ਸਵਾਲ ਉਠਾਉਂਦੇ ਕਿਹਾ ਕਿ ਸਰਕਾਰ ਹਰ ਮੁਹਾਜ ਤੇ ਫੇਲ ਹੈ। ਮੁੱਖ ਮੰਤਰੀ ਤੇ ਤਿੱਖੇ ਹਮਲੇ ਕਰਦੇ ਫੋਕੇ ਵਾਅਦਿਆਂ ਰਾਹੀਂ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ। ਵਿਗੜੀ ਕਾਨੂੰਨ ਵਿਵੱਸਥਾ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਬਰਾਬਰ ਦੀ ਜ਼ਿੰਮੇਵਾਰ ਦੱਸਿਆ। ਪਤਨੀ ਦੇ ਕੈਂਸਰ ਨਾਲ ਪੀੜਤ ਹੋਣ ਦਾ ਦਰਦ ਵੀ ਚੇਹਰੇ ਤੇ ਝਲਕਦਾ ਦਿਖਾਈ ਦਿੱਤਾ।
*ਕਾਂਗਰਸ ਵਿਚ ਭੂਮਿਕਾ*
ਜਿਥੇ ਉਸ ਦੇ ਹਮਾਇਤੀ ਕਾਫੀ ਉਤਸ਼ਾਹਿਤ ਦਿਸਦੇ ਨੇ, ਉਥੇ ਪਾਰਟੀ ਦੇ ਵੱਡੇ ਲੀਡਰਾਂ ਵਿਚ ਚਿੰਤਾ ਉਭਰਦੀ ਦਿਸਦੀ ਹੈ। ਉਹ ਹਮੇਸ਼ਾਂ ਭ੍ਰਿਸ਼ਟ ਰਾਜਨੀਤੀ ਨੂੰ ਬਦਲ ਕੇ ਪੰਜਾਬ ਨੂੰ ਵਿੱਤੀ ਸੰਕਟ ਵਿਚੋਂ ਉਭਾਰਨ ਦੀ ਗੱਲ ਕਰਦੇ ਰਹੇ ਨੇ ਅਤੇ ਆਪਣਾ ਵਿਯਨ ਪੇਸ਼ ਕਰ ਚੁੱਕੇ ਨੇ। ਰਾਹੁਲ ਗਾਂਧੀ ਅਤੇ ਪਿ੍ਯੰਕਾ ਗਾਂਧੀ ਨਾਲ ਨੇੜਤਾ ਹੋਣ ਕਾਰਨ ਪਾਰਟੀ ਵਿਚ ਵੱਡੀ ਜ਼ਿੰਮਵਾਰੀ ਮਿਲਣੀ ਤੈਅ ਸਮਝੀ ਜਾ ਰਹੀ ਹੈ। ਇਸ ਸਮੇਂ ਸੂਬੇ ਵਿਚ ਕਾਂਗਰਸ ਕਈ ਧੜਿਆਂ ਵਿਚ ਵੰਡੀ ਹੋਈ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪਰਤਾਪ ਸਿੰਘ ਬਾਜਵਾ, ਮੌਜੂਦਾ ਪ੍ਰਧਾਨ ਰਾਜਾ ਵੜਿੰਗ, ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਗਲੇ ਮੁੱਖ ਮੰਤਰੀ ਬਣਨ ਦੇ ਸੁੱਪਨੇ ਲੈ ਰਹੇ ਨੇ। ਇਸੇ ਕਾਰਨ ਇਹ ਸਾਰੇ ਨੇਤਾ ਸਿੱਧੇ ਜਾਂ ਅਸਿੱਧੇ ਨਵਜ਼ੋਤ ਸਿੱਧੂ ਦੇ ਵਿਰੋਧ ਵਿਚ ਇਕੱਠੇ ਦਿੱਖਦੇ ਨੇ। ਸਿੱਧੂ ਦੇ ਉਭਾਰ ਵਿਚ ਇਹ ਆਗੂ ਆਪਣੀ ਰਾਜਨੀਤੀ ਦਾ ਅੰਤ ਮੰਨ ਕੇ ਚਲਦੇ ਨੇ ਅਤੇ ਕਿਸੇ ਵੀ ਹਾਲਤ ਵਿਚ ਇਹ ਸਿੱਧੂ ਦੀ ਅਗਵਾਈ ਲਈ ਰਾਜ਼ੀ ਹੁੰਦੇ ਨਹੀਂ ਜਾਪਦੇ। ਉਂਝ ਰਾਜਨੀਤੀ ਵਿਚ ਕੁੱਝ ਵੀ ਵਾਪਰਨ ਦੀ ਗੁੰਜਾਇਸ਼ ਬਣੀ ਰਹਿੰਦੀ ਹੈ। ਫਿਲਹਾਲ ਪੰਜਾਬ ਵਿਚ ਕਾਂਗਰਸ ਦੇ ਮੁੜ ਉਭਾਰ ਦੀ ਉਮੀਦ ਘੱਟ ਹੀ ਦਿੱਸਦੀ ਹੈ। ਸਿੱਧੂ ਭ੍ਰਿਸ਼ਟਾਚਾਰ ਵਿਰੁੱਧ ਬੇਬਾਕ ਬੋਲਦੇ ਰਹੇ ਨੇ। ਇਸੇ ਕਾਰਨ ਪਾਰਟੀ ਵਿਚ ਉਨਾਂ ਦੇ ਦੋਸਤ ਘੱਟ ਅਤੇ ਦੁਸ਼ਮਣ ਵਧੇਰੇ ਪੈਦਾ ਹੋ ਚੁੱਕੇ ਨੇ। ਇਸ ਸਮੇਂ ਪੰਜਾਬ ਵਿਚ ਜਲੰਧਰ ਲੋਕ ਸਭਾ ਹਲਕੇ ਦੀ ਚੋਣ ਪ੍ਰੀਕਿ੍ਆ ਸ਼ੁਰੂ ਹੋ ਚੁੱਕੀ ਹੈ। ਇਹ ਸੀਟ ਕਾਂਗਰਸ ਦੀ ਵਕਾਰੀ ਸੀਟ ਹੈ, ਬਹੁੱਤੀ ਵਾਰ ਇਥੋਂ ਕਾਂਗਰਸੀ ਉਮੀਦਵਾਰ ਹੀ ਜਿੱਤੇ ਨੇ। ਚੋਣ ਪ੍ਰਚਾਰ ਲਈ ਪਾਰਟੀ ਆਗੂਆਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਨੇ। ਪਰ ਨਾਲ ਹੀ ਕਰਨਾਟਕਾ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਪ੍ਰਚਾਰ ਸ਼ੁਰੂ ਹੈ, ਜੋ ਪਾਰਟੀ ਲਈ ਬਹੁੱਤ ਅਹਿਮ ਹੈ। ਜਾਪਦੈ, ਇਸ ਸਮੇਂ ਜਲੰਧਰ ਸੀਟ ਤੇ ਚੋਣ ਪ੍ਰਚਾਰ ਵਿਚ ਸਿੱਧੂ ਦਾ ਖਾਸ ਰੋਲ ਨਹੀਂ ਰਹੇਗਾ। ਪਾਰਟੀ ਸਿੱਧੂ ਨੂੰ ਕਰਨਾਟਕਾ ਚੋਣ ਪ੍ਰਚਾਰ ਲਈ ਹੀ ਵਰਤੇਗੀ। ਹਾਲਾਤਾਂ ਅਨੁਸਾਰ ਵਕਤੀ ਤੌਰ ਤੇ ਸਿੱਧੂ ਕੌਮੀ ਰਾਜਨੀਤੀ ਵਿਚ ਸਰਗਰਮ ਭੂਮਿਕਾ ਨਿਭਾਉੰਦੇ ਨਜ਼ਰ ਆ ਸਕਦੇ ਨੇ। ਸਿੱਧੂ ਕੌਮੀ ਪੱਧਰ ਤੇ ਚੰਗਾ ਅਕਸ਼ ਰੱਖਦੇ ਨੇ , ਉਹ 2024 ਲੋਕ ਸਭਾ ਚੋਣਾਂ ਵਿਚ ਸਾਰੇ ਦੇਸ਼ ਅੰਦਰ ਕਾਂਗਰਸ ਲਈ ਸਟਾਰ ਪ੍ਰਚਾਰਕ ਤਾਂ ਹੋਣਗੇ ਹੀ। ਜਲੰਧਰ ਚੋਣ ਪਿੱਛੋਂ ਸਿੱਧੂ ਦੇ ਪੰਜਾਬ ਦੀ ਰਾਜਨੀਤੀ ਵਿਚ ਪੂਰੇ ਸਰਗਰਮ ਹੋਣਗੇ।
*ਸਿੱਧੂ ਦੀ ਕਾਰਜਸ਼ੈਲੀ*
ਪੰਜਾਬੀ ਇਮਾਨਦਾਰੀ ਅਤੇ ਬੇਬਾਕੀ ਕਾਰਨ ਸਿੱਧੂ ਤੇ ਵਿਸ਼ਵਾਸ ਕਰਦੇ ਨੇ ਅਤੇ ਸੂਬੇ ਦੀ ਦਸ਼ਾ ਸੁਧਾਰਨ ਦੀ ਆਸ ਵੀ ਰੱਖਦੇ ਨੇ। ਚੰਗੇ ਬੁਲਾਰੇ ਨੇ ਅਤੇ ਲੱਛੇਦਾਰ ਸ਼ਾਇਰੀ ਨਾਲ ਪ੍ਰਭਾਵਤ ਕਰਨ ਦੇ ਮਾਹਰ ਵੀ ਨੇ। ਬੀਤੇ ਵਿਚ ਉਨਾਂ ਬੀਜੇਪੀ ਅਤੇ ਕਾਂਗਰਸ ਲਈ ਸਟਾਰ ਪ੍ਰਚਾਰਕ ਵਜੋਂ ਆਪਣੀ ਨਵੇਕਲੀ ਛਾਪ ਛੱਡੀ ਹੈ। ਪਰ ਉਹ ਜਥੇਬੰਦੀ ਦੀ ਮਜਬੂਤੀ ਅਤੇ ਸਾਥੀਆਂ ਨੂੰ ਨਾਲ ਲੈ ਕੇ ਕੰਮ ਕਰਨ ਤੋਂ ਕੋਰੇ ਨੇ ਅਤੇ ਪਾਰਟੀ ਪ੍ਰਧਾਨ ਰਹਿਣ ਦੇ ਬਾਵਯੂਦ ਸਿੱਧੂ ਪਾਰਟੀ ਵਿਚ ਵੱਢਾ ਧੜਾ ਨਹੀਂ ਬਣਾ ਸਕੇ। ਪਹਿਲਾਂ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਲਾਹੁਣ ਵਿਚ ਮੁੱਖ ਭੂਮਿਕਾ ਰਹੀ। ਫਿਰ ਚਰਨਜੀਤ ਚੰਨੀ ਨਾਲ ਵੀ ਇੱਟ ਖੜਿਕਾ ਚਲਦਾ ਰਿਹੈ। ਜਾਪਦੈ ਕਿ ਸੂਬੇ ਦੇ ਟਕਸਾਲੀ ਕਾਂਗਰਸੀ ਲੀਡਰ ਅਤੇ ਵਰਕਰ ਆਸਾਨੀ ਨਾਲ ਸਿੱਧੂ ਦੀ ਅਗਵਾਈ ਮੰਨਣ ਵਾਲੇ ਨਹੀਂ।
*ਸਿੱਧੂ ਦੀ ਅਸਲ ਪ੍ਰੀਖਿਆ*
ਇਸ ਸਮੇਂ ਪੰਜਾਬ ਰਾਜਨੀਤਕ ਖਲਾਅ ਦੇ ਦੌਰ ਚੋਂ ਲੰਘ ਰਿਹੈ। ਅਕਾਲੀ ਦਲ ਅਤੇ ਬੀਜੇਪੀ ਵਾਂਗ ਕਾਂਗਰਸ ਨੂੰ ਵੀ ਜਨਤਾ ਮੂੰਹ ਲਾਉਣ ਨੂੰ ਤਿਆਰ ਨਹੀਂ ਦਿੱਸਦੀ। ਬਦਲਾਅ ਦੀ ਲਹਿਰ ਨਾਲ ਸੱਤਾ ਵਿਚ ਆਈ ‘ਆਪ’ ਦਾ ਗਰਾਫ ਵੀ ਦਿਨੋਂ ਦਿਨ ਨੀਚੇ ਡਿੱਗ ਰਿਹੈ। ਹਿਮਾਚਲ ਅਤੇ ਗੁਜਰਾਤ ਵਿਚ ਮਿਲੀਆਂ ਹਾਰਾਂ ਨਾਲ ‘ਆਪ’ ਵਰਕਰਾਂ ਵਿਚ ਨਿਮੋਸ਼ੀ ਦਾ ਮਹੌਲ ਹੈ। ਜਨਤਾ ਬਦਲਾਵ ਲਈ ਲਿਆਂਦੀ ‘ਆਪ’ ਸਰਕਾਰ ਤੋਂ ਖਫਾ ਹੈ।ਇਸ ਵਕਤ ਸਿੱਧੂ ਇਕੋ ਇਕ ਇਮਾਨਦਾਰ ਅਕਸ਼ ਵਾਲੇ ਲੀਡਰ ਦਿਖਾਈ ਦਿੰਦੇ ਨੇ, ਜੋ ਕਾਂਗਰਸ ਪਾਰਟੀ ਨੂੰ ਸੂਬੇ ਵਿਚ ਮੁੜ ਤੋਂ ਉਭਾਰਨ ਦੇ ਸਮੱਰਥ ਹੋ ਸਕਦੇ ਨੇ। ਪਰ ਬਹੁਤੇ ਲੀਡਰ ਉਨਾਂ ਦੀ ਅਗਵਾਈ ਕਬੂਲਣ ਲਈ ਤਿਆਰ ਨਹੀਂ ਹੋਣਗੇ। ਇਹ ਵੀ ਚਰਚਾਵਾਂ ਰਹੀਆਂ ਨੇ ਕਿ ਸਿੱਧੂ ਆਪਣੀ ਪਾਰਟੀ ਬਣਾ ਸਕਦੇ ਨੇ, ਪਰ ਨਵੀਂ ਪਾਰਟੀ ਖੜੀ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਜੇਲ੍ਹ ਜਾਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਵਿਗੜਦੀ ਕਾਨੂੰਨ ਵਿਵੱਸਥਾ ਨੂੰ ਪੰਜਾਬ ‘ਚ ਵੱਡਾ ਮੁੱਦਾ ਬਣਾਇਆ ਸੀ। ਪਰ ਪੂਰਾ ਇਕ ਸਾਲ ਉਹ ਸੂਬੇ ਦੀ ਰਾਜਨੀਤੀ ਤੋਂ ਲਾਂਭੇ ਰਹੇ ਨੇ। ਇਸ ਸਮੇਂ ਗੈੰਗਸਟਰਾਂ ਦੀ ਸਰਗਰਮੀ ਅਤੇ ਅਮਿ੍ਤਪਾਲ ਸਿੰਘ ਦੇ ਮਾਮਲੇ ਕਾਰਨ ਸੂਬੇ ਦਾ ਮਹੌਲ ਕਾਫੀ ਖਰਾਬ ਚੱਲ ਰਿਹੈ। ਸਾਰੀਆਂ ਪਾਰਟੀਆਂ ਵੀ ਸਿੱਧੂ ਨੂੰ ਵੱਡਾ ਖਤਰਾ ਸਮਝ ਰਹੀਆਂ ਨੇ। ਸੱਤਾਧਾਰੀ ਪਾਰਟੀ ਨੇ ਤਾਂ ਸਿੱਧੂ ਨੂੰ ਡਰਾਮੇਬਾਜ਼ ਦੱਸਕੇ ਹਮਲਾ ਸ਼ੁਰੂ ਵੀ ਕਰ ਦਿੱਤੈ। ਸਿੱਧੂ ਸਾਹਮਣੇ ਇਸ ਸਮੇਂ ਵਿਰੋਧੀਆਂ ਨਾਲ ਸਿੱਝਣ ਦੇ ਨਾਲ ਆਪਣੀ ਪਾਰਟੀ ਵਿਚੋਂ ਪੂਰੀ ਹਮਾਇਤ ਹਾਸਿਲ ਕਰਨ ਦਾ ਵੱਡਾ ਚੈਲਿੰਜ਼ ਹੈ। ਸਿੱਧੂ ਦੀ ਅੱਖੜ ਵਰਤਾਰੇ ਅਤੇ ਬੇਬਾਕ ਭਾਸ਼ਾ ਕਾਰਨ ਦੂਜੇ ਲੀਡਰ ਉਸ ਤੋਂ ਪਾਸਾ ਵੱਟ ਜਾਂਦੇ ਨੇ। ਸਿੱਧੂ ਨੂੰ ਪਾਰਟੀ ਕੇਡਰ ਨਾਲ ਜੋੜਨ ਲਈ ਆਪਣੀ ਕਾਰਜਸ਼ੈਲੀ ਅਤੇ ਭਾਸ਼ਾ ਵਿਚ ਸੁਧਾਰ ਕਰਨਾ ਹੋਏਗਾ। ਆਉਂਦੇ ਦਿਨਾਂ ਵਿਚ ਪਤਾ ਲਗੇਗਾ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਕਿਸ ਤਰਾਂ ਅਤੇ ਕਿੰਨੇ ਖਰੇ ਉਤਰਦੇ ਨੇ।
ਦਰਸ਼ਨ ਸਿੰਘ ਸ਼ੰਕਰ
ਜਿਲ੍ਹਾ ਲੋਕ ਸੰਪਰਕ ਅਫਸਰ (ਰਿਟਾ.)