DMT : ਲੁਧਿਆਣਾ : (23 ਜਨਵਰੀ 2023) : – ਦੇਸ਼ ਅੰਦਰ 18 ਵੀ ਲੋਕ ਸਭਾ ਲਈ ਅਗਲੇ ਸਾਲ 2024 ਦੇ ਸ਼ੁਰੂ ਵਿਚ ਚੋਣਾਂ ਹੋਣਗੀਆਂ। 2019 ਚੋਣਾਂ ਵਿਚ ਬੀਜੇਪੀ ਨੇ 542 ਵਿਚੋਂ 303 ਸੀਟਾਂ ਜਿੱਤ ਕੇ ਦੂਜੀ ਵਾਰ ਨੇਰੇਂਦਰ ਮੋਦੀ ਦੀ ਅਗਵਾਈ ਵਿਚ ਐਨਡੀਏ ਦੀ ਸਰਕਾਰ ਬਣਾਈ ਸੀ। ਬੀਜੇਪੀ ਵਾਲੇ ਐਨਡੀਏ ਨੇ 353 ਸੀਟਾਂ ਅਤੇ ਕਾਂਗਰਸ ਵਾਲੇ ਯੂਪੀਏ ਨੂੰ ਸਿਰਫ 53 ਸੀਟਾਂ ਹੀ ਜਿੱਤੀਆਂ ਸਨ। ਬੀਜੇਪੀ ਹਿੱਸੇ 53.90% ਅਤੇ ਕਾਂਗਰਸ ਦੇ 9.18% ਵੋਟ ਸ਼ੇਅਰ ਸੀ । ਹੁਣ 2023 ਦੌਰਾਨ ਹਰ ਪਾਸੇ ਤੇਜ਼ ਚੋਣ ਗਤਿਵਿਧੀਆਂ ਹੀ ਦਿਖਾਈ ਦੇਣਗੀਆਂ। ਸੱਤਾਧਾਰੀ ਬੀਜੇਪੀ ਨੇਰੇਂਦਰ ਮੋਦੀ ਸਰਕਾਰ ਦੀਆਂ 5 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਪ੍ਰਚਾਰਕੇ ਮੁੜ ਸੱਤਾ ਹਾਸਿਲ ਕਰਨ ਲਈ ਹਮਾਇਤ ਮੰਗੇਗੀ ਅਤੇ ਵਿਰੋਧੀ ਧਿਰਾਂ ਸਰਕਾਰ ਦੀਆਂ ਖਾਮੀਆਂ ਭੰਡ ਕੇ ਸੱਤਾ ਪਲਟਣ ਦੇ ਯਤਨ ਕਰਨਗੀਆਂ। ਆਜ਼ਾਦੀ ਪਿੱਛੋਂ 75 ਸਾਲਾਂ ਵਿਚ ਚੋਣਾਂ ਤਾਂ ਬਹੁੱਤ ਹੋਈਆਂ, ਪਰ 80% ਗਰੀਬ ਵਸੋਂ ਦੇ ਪੱਲੇ ਕੁੱਝ ਪਿਆ ਨਜ਼ਰ ਨਹੀਂ ਆਉਂਦਾ। ਆਜ਼ਾਦੀ ਦਾ ਲਾਭ ਸਿਰਫ ਰਾਜਸੀ ਨੇਤਾਵਾਂ ਅਤੇ ਵੱਡੇ ਧੰਨ ਕੁਬੇਰਾਂ ਤੱਕ ਹੀ ਸੀਮਤ ਰਿਹੈ। ਫਿਰ ਵੀ ਪੰਜ ਸਾਲ ਪਿੱਛੋਂ ਜਨਤਾ ‘ਕੁੱਝ ਚੰਗਾ ਹੋਊ’ ਦੀ ਆਸ ਵਿਚ ਇਨਾਂ ਵਿਚੋਂ ਹੀ ਇਕ ਨੂੰ ਚੁਣਨ ਲਈ ਮਜਬੂਰ ਹੁੰਦੀ ਹੈ। ਇਸ ਵਾਰ ਵੀ ਕੁੱਝ ਅਜਿਹਾ ਹੀ ਹੋਣ ਦੀਆਂ ਸੰਭਾਵਨਾਵਾਂ ਜਾਪਦੀਆਂ ਨੇ। ਇਸ ਸਮੇਂ ਕੋਈ ਵੀ ਇਕੱਲੀ ਪਾਰਟੀ ਕੇਂਦਰ ਵਿਚੋਂ ਸੱਤਾਧਾਰੀ ਬੀਜੇਪੀ ਨੂੰ ਵੱਡੀ ਟੱਕਰ ਦੇਣ ਦੀ ਸਥਿਤੀ ਵਿਚ ਨਹੀਂ ਹੈ ਅਤੇ ਵਿਰੋਧੀ ਰਾਜਨੀਤੀ ਵਿਚ ਗੰਭੀਰ ਟਕਰਾਅ ਦਿਖਦੈ। ਉਂਝ ਬਹੁੱਤ ਸਾਰੇ ਵਿਰੋਧੀ ਲੀਡਰ ਮਜਬੂਤ ਗੱਠਬੰਧਨ ਬਣਾਉਣ ਦੇ ਯਤਨਾਂ ਵਿਚ ਲੱਗੇ ਹੋਏ ਨੇ, ਪਰ ਬਹੁਤੇ ਥਾਈਂ ਇਨਾਂ ਦੇ ਹਿੱਤਾਂ ਵਿਚ ਟਕਰਾਅ ਹੈ। ਇਸ ਸਮੇਂ ਦੇਸ਼ ਦੇ 13 ਸੂਬਿਆਂ ਵਿਚ ਬੀਜੇਪੀ, 3 ਵਿਚ ਕਾਂਗਰਸ ਅਤੇ ਬਾਕੀ ਵਿਚ ਖੇਤਰੀ ਪਾਰਟੀਆਂ ਦੀਆਂ ਸਰਕਾਰਾਂ ਚਲ ਰਹੀਆਂ ਨੇ।
* ਚੋਣਾਂ ਦਾ ਸੈਮੀਫਾਈਨਲ*
ਤਿਂਨ ਛੋਟੇ ਸੂਬਿਆਂ ਤ੍ਰਿਪੁਰਾ (16 ਫਰਵਰੀ) , ਮੇਘਾਲਿਆ ਅਤੇ ਨਾਗਾਲੈਂਡ (27 ਫਰਵਰੀ) ਨੂੰ 60-60 ਸੀਟਾਂ ਵਾਲੀਆਂ ਵਿਧਾਨ ਸਭਾਵਾਂ ਲਈ ਵੋਟਾਂ ਪੈਣਗੀਆਂ ਅਤੇ ਨਤੀਜੇ 2 ਮਾਰਚ ਨੂੰ ਆਉਣਗੇ। ਲੋਕ ਸਭਾ ਚੋਣਾਂ ਤੋ ਪਹਿਲਾਂ 6 ਹੋਰ ਅਹਿਮ ਸੂਬਿਆਂ ਰਾਜਸਥਾਨ, ਛੱਤੀਸਗੜ, ਮੱਧ ਪ੍ਰਦੇਸ਼ ਕਰਨਾਟਕਾ, ਤੇਲੇਂਗਾਨਾ ਅਤੇ ਮਿਜ਼ੋਰਮ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਨੇ। ਇਨਾਂ ਚੋਣਾਂ ਲੋਕ ਸਭਾ ਦੀਆਂ ਚੋਣਾਂ ਦਾ ਸੈਮੀ ਫਾਇਨਲ ਮੰਨੀਆਂ ਜਾਣਗੀਆਂ ਅਤੇ ਇਨਾਂ ਦੇ ਨਤੀਜੇ ਕਾਫੀ ਹੱਦ ਤੱਕ ਆਉਣ ਵਾਲੀ ਲੋਕ ਸਭਾ ਦੀ ਰੂਪ ਰੇਖਾ ਵਲ ਸੰਕੇਤ ਕਰਨਗੇ।
*ਬੀਜੇਪੀ ਦੀ ਤਿਆਰੀ*
ਕੇਂਦਰ ਵਿਚ ਸੱਤਾਧਾਰੀ ਬੀਜੇਪੀ ਵਿਸ਼ੇਸ਼ ਵਿਚਾਰਧਾਰਾ ਵਾਲੀ ਪੂਰੀ ਤਰਾਂ ਸੰਗੱਠਿਤ ਅਤੇ ਅਨੁਸਾਸ਼ਿਤ ਪਾਰਟੀ ਹੈ। ਸਹੀ ਯੋਜਨਾਬੰਦੀ ਕਰਕੇ ਚੋਣਾਂ ਵਿਚ ਪ੍ਰਧਾਨ ਮੰਤਰੀ ਨੇਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖੁੱਦ ਅੱਗੇ ਹੋ ਕੇ ਪ੍ਰਚਾਰ ਦੀ ਕਮਾਨ ਸੰਭਾਲਦੇ ਨੇ ਅਤੇ ਚੋਣਾਂ ਜਿੱਤਣ ਲਈ ਹਰ ਹੀਲਾ ਵਸੀਲਾ ਵਰਤਦੇ ਨੇ। 2014 ਅਤੇ 2019 ਦੀਆਂ ਚੋਣਾਂ ਬੀਜੇਪੀ ਨੇ ਮੋਦੀ ਲਹਿਰ ਸਹਾਰੇ ਜਿੱਤੀਆਂ। ਤਿਆਰੀ ਲਈ ਬੀਜੇਪੀ ਦੀ ਕੌਮੀ ਕਾਰਜਕਾਰਣੀ ਦਾ ਦੋ ਦਿਨਾਂ ਸਮੇਲਨ 16 ਅਤੇ 17 ਜਨਵਰੀ ਨੂੰ ਦਿੱਲੀ ਵਿਚ ਕੀਤਾ ਗਿਆ। ਜਿਸ ਵਿਚ ਨੇਰੇਂਦਰ ਮੋਦੀ, ਅਮਿਤਸ਼ਾਹ, ਜੇਪੀ ਨੱਢਾ, ਬੀਜੇਪੀ ਸਾਸ਼ਿਤ ਰਾਜਾਂ ਦੇ ਮੁੱਖ ਮੰਤਰੀਆਂ ਸਮੇਤ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿੱਪ ਸ਼ਾਮਿਲ ਹੋਈ। ਕੌਮੀ ਪ੍ਰਧਾਨ ਜੇ ਪੀ ਨੱਢਾ ਨੂੰ ਦੁਬਾਰਾ ਜੂਨ 2024 ਤੱਕ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਮੰਤਰੀ ਨੇ ਸਮੁੱਚੇ ਕੇਡਰ ਨੂੰ ਤੁਰੰਤ ਪਾਰਟੀ ਪ੍ਰਚਾਰ ਵਿਚ ਲੱਗ ਜਾਣ ਲਈ ਉਤਸ਼ਾਹਿਤ ਕੀਤਾ। ਪਿੱਛਲੇ 5 ਸਾਲ ਦੀਆਂ ਪ੍ਰਾਪਤੀਆਂ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਲਈ ਕਿਹਾ। ਇਸ ਦੇ ਨਾਲ ਹੀ ਬੀਜੇਪੀ ਵਲੋਂ ਸਾਰੀਆਂ ਸੂਬਾ ਇਕਾਈਆਂ ਦੀਆਂ ਮੀਟਿੰਗਾਂ ਕਰਕੇ ਚੋਣ ਮੁਹਿੰਮ ਵਿੱਢਣ ਦੀ ਪ੍ਰੀਕਿਆ ਅਰੰਭੀ ਗਈ। ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਵਿਚ ਮੋਦੀ ਦੇ ਨਾਮ ਤੇ ਬੀਜੇਪੀ ਨੂੰ ਇਤਿਹਾਸਕ ਜਿੱਤ ਨਾਲ ਕਾਫੀ ਉਤਸ਼ਾਹ ਮਿਲਿਐ, ਪਰ ਹਿਮਾਚਲ ਵਿਚ ਹਾਰ ਨਾਲ ਝੱਟਕਾ ਵੀ ਲੱਗ ਚੁੱਕੈ। ਐਨਡੀਏ ਖੇਮੇ ਵਿਚੋਂ ਨਿਤਿਸ਼ ਕੁਮਾਰ ਦੀ ਜੇਡੀਯੂ ਦੇ ਬਾਹਰ ਹੋਣ ਨਾਲ ਬੀਜੇਪੀ ਬਿਹਾਰ ਵਿਚ ਕੰਮਜ਼ੋਰ ਦਿਸਦੀ ਹੈ। ਚੋਣਾਂ ਵਿਚ ਸੂਬਿਆਂ ਸੂਬਾ ਸਰਕਾਰਾਂ ਦੀ ਕਾਰਗੁਜਾਰੀ ਦੀ ਵੀ ਪਰਖ ਹੋਵੇਗੀ। ਪੰਜ ਸਾਲਾਂ ਵਿਚ ਵਧੀ ਬੇਸ਼ੁਮਾਰ ਮਹਿੰਗਾਈ ਅਤੇ ਬੇਰੁਜ਼ਗਾਰੀ ਦਾ ਜਵਾਬ ਚੋਣਾਂ ਦੌਰਾਨ ਜਨਤਾ ਜਰੂਰ ਮੰਗੇਗੀ।
*ਕਾਂਗਰਸ ਦੀ ਢਿੱਲੀ ਚਾਲ*
ਇਸ ਸਮੇਂ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਗੰਭੀਰ ਸੰਕਟ ਵਿਚ ਹੈ। ਖਹਿਬਾਜ਼ੀ ਅਤੇ ਭਿ੍ਸ਼ਟਾਚਾਰ ਕਾਰਨ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਸ਼ਰਮਨਾਕ ਹਾਰਾਂ ਮਿਲਿਆਂ। ਇਸ ਦੇ ਬਹੁਤ ਸਾਰੇ ਕੇਂਦਰੀ ਅਤੇ ਸੂਬਾ ਪੱਧਰ ਦੇ ਵੱਡੇ ਲੀਡਰ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਨੇ। ਹੁਣ ਸਿਰਫ 3 ਸੂਬਿਆਂ ਰਾਜਸਥਾਨ, ਛਤੀਸਗੜ ਅਤੇ ਹਿਮਾਚਲ ਪ੍ਰਦੇਸ਼ ਵਿਚ ਹੀ ਕਾਂਗਰਸ ਸਰਕਾਰਾਂ ਨੇ। ਰਾਜਸਥਾਨ ਅਤੇ ਛਤੀਸਗੜ ਵਿਚ ਵੀ ਪਾਰਟੀ ਅੰਦਰ ਫੁੱਟ ਵਿਧਾਨ ਸਭਾ ਚੋਣਾਂ ‘ਚ ਨੁਕਸਾਨ ਕਰ ਸਕਦੀ ਹੈ। ਬੇਸ਼ਕ ਪਾਰਟੀ ਨੇ ਇਕ ਪਰਵਾਰ ਦੇ ਗਲਬੇ ਦਾ ਟੈਗ ਉਤਾਰਨ ਲਈ ਮਲਿਕਾਰਜੁਨ ਖੜਗੇ ਨੂੰ ਨਵਾਂ ਪ੍ਰਧਾਨ ਚੁਣਿਐ, ਪਰ ਸਾਰਾ ਕੰਟਰੋਲ ਉਸੇ ਪਰਵਾਰ ਪਾਸ ਹੈ। ਕੰਨਿਆ ਕੁਮਾਰੀ ਤੋਂ ਸ਼੍ਰੀ ਨਗਰ ਤੱਕ ਰਾਹੁਲ ਗਾਂਧੀ ਵਲੋਂ ਕੱਢੀ ਜਾ ਰਹੀ 3570 ਕ.ਮੀ. ਲੰਮੀ ‘ਭਾਰਤ ਜੋੜੋ ਯਾਤਰਾ’ ਨੂੰ ਮਿਲੇ ਭਰਮੇ ਹੰਗਾਰੇ ਨਾਲ ਪਾਰਟੀ ਅੰਦਰ ਜੋਸ਼ ਵਧਿਆ ਦਿਖਦੈ। ਯਾਤਰਾ ਦੌਰਾਨ ਰਾਹੁਲ ਲੋਕਾਂ ਨਾਲ ਮਿਲ ਕੇ ਮੁਲਕ ਵਿਚ ਚਲ ਰਹੀ ਨਫਰਤ ਦੀ ਰਾਜਨੀਤੀ ਤੇ ਚੋਟ ਕਰ ਰਹੇ ਨੇ। ਆਪਣੇ ਸਿਰੜ ਨਾਲ ਰਾਹੁਲ ਗਾਂਧੀ ਅਪਣੇ ਤੋਂ ਅਯੋਗ ਲੀਡਰ (ਪੱਪੂ) ਵਾਲਾ ਟੈਗ ਉਤਾਰਨ ਵਿਚ ਸਫਲ ਦਿਸਦੇ ਨੇ। ਜਨਤਾ ਵਲੋਂ ਮਿਲੇ ਭਰਵੇਂ ਹੁੰਗਾਰੇ ਦਾ ਅਸਰ ਤਾਂ 2024 ਵਿਚ ਹੀ ਪਤਾ ਲਗੇਗਾ। ਹਰ ਸੂਬੇ ਵਿਚ ਪਾਰਟੀ ਫੁੱਟ ਅਤੇ ਚਾਪਲੂਸੀ ਇਸ ਦਾ ਵੱਡਾ ਨੁਕਸਾਨ ਕਰ ਰਹੀ ਹੈ।
*ਵਿਰੋਧੀ ਏਕਤਾ ਦੇ ਯਤਨ*
ਬੀਜੇਪੀ ਵਿਰੋਧੀ ਖੇਤਰੀ ਪਾਰਟੀਆਂ ਦਾ ਸਾਂਝਾ ਮੋਰਚਾ ਬਣਾਉਣ ਦੇ ਉਪਰਾਲੇ ਵੀ ਹੋ ਰਹੇ ਨੇ। ਵੱਡਾ ਅੜਿਕਾ ਇਕ ਦੂਜੇ ਨਾਲ ਹਿਤਾਂ ਅਤੇ ਵਿਚਾਰਧਾਰਾ ਦੇ ਟਕਰਾਅ ਦਾ ਖੜਾ ਹੁੰਦੈ। ਦੱਖਣੀ ਸੂਬਿਆਂ ਵਿਚ ਅਜੇ ਤਕ ਬੀਜੇਪੀ ਦੇ ਪੈਰ ਨਹੀਂ ਲੱਗੇ। ਪੱਛਵੀਂ ਬੰਗਾਲ ਵਿਚ ਮਮਤਾ ਬੈਨਰਜੀ ਆਪਣੇ ਤੌਰ ਤੇ ਟੱਕਰ ਲੈ ਰਹੀ ਹੈ। ਮਹਾਰਾਸ਼ਟਰ ਵਿਚ ਸ਼ਰਦ ਪਵਾਰ ਅਤੇ ਸ਼ਿਵ ਸੈਨਾਂ ਵਾਲੇ ਮੁਕਾਬਲੇ ਵਿਚ ਨੇ। ਦਿੱਲੀ ਅਤੇ ਪੰਜਾਬ ਵਿਚ ਉਭਰੀ ਆਮ ਆਦਮੀ ਪਾਰਟੀ ਦੇ ਮੁੱਖੀ ਕੇਜਰੀਵਾਲ ਆਪੇ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਬਣੇ ਦਿਸਦੇ ਨੇ। ਵਿਰੋਧੀਆਂ ਦੀ ਤਾਕਤ ਤਾਂ ਦੇਸ਼ ਅੰਦਰ ਕਾਫੀ ਹੈ, ਪਰ ਇਕੱਠੇ ਹੋਣ ਵਿਚ ਦਿੱਕਤ ਹੈ। ਪਿਛਲੇ ਦਿਨੀਂ ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਰਾਓ ਦੀ ਪਹਿਲ ਤੇ ਚਾਰ ਮੁੱਖ ਮੰਤਰੀ ਅਤੇ ਐਸ ਪੀ ਲੀਡਰ ਅਖਿਲੇਸ਼ ਯਾਦਵ ਨੇ ਇਕੱਠੇ ਹੋ ਕੇ ਕੇਂਦਰ ਵਿਰੁੱਧ ਝੰਡਾ ਚੁੱਕਿਐ। ਇਸੇ ਤਰਾਂ ਮਮਤਾ ਬੈਨਰਜੀ, ਸ਼ਰਦ ਪਵਾਰ ਅਤੇ ਨੀਤੀਸ਼ ਕੁਮਾਰ ਵੀ ਆਪਣੇ ਤੌਰ ਤੇ ਵਿਰੋਧੀ ਏਕਤਾ ਲਈ ਯਤਨ ਕਰਦੇ ਦਿਸਦੇ ਨੇ। ਪਰ ਅਜੇ ਤੱਕ ਮਜਬੂਤ ਗੱਠਜੋੜ ਦੀ ਸੰਭਾਵਨਾਂ ਘੱਟ ਜਾਪਦੀ ਹੈ। ਕੇਂਦਰ ਤੋਂ ਵਧੇਰੇ ਫੰਡ ਲੈਣ ਦੇ ਲਈ ਕਈ ਖੇਤਰੀ ਪਾਰਟੀਆਂ ਖੁੱਲ ਕੇ ਆਵਾਜ਼ ਉਠਾਉਣ ਤੋਂ ਝਿਜ਼ਕਦੀਆਂ ਨੇ।
*ਪੰਜਾਬ ਦਾ ਦਿ੍ਸ਼*
ਪਿੱਛਲੀਆਂ ਲੋਕ ਸਭਾ ਚੋਣਾਂ ਵਿਚ ਸੂਬੇ ਦੀਆਂ 13 ਵਿਚੋਂ ਕਾਂਗਰਸ ਨੇ 8 ਭਾਜਪਾ, ਅਕਾਲੀ ਦਲ ਨੇ 2-2 ਅਤੇ ਆਮ ਆਦਮੀ ਪਾਰਟੀ ਨੇ 1 ਸੀਟ ਜਿੱਤੀਆਂ ਸਨ। ਪੰਜਾਬ ਅੰਦਰ ਰਾਜਨੀਤਕ ਪਾਰਟੀਆਂ ਭਾਰੀ ਉਥਲ ਪੁਥਲ ਵਿਚ ਨੇ। ਕਾਂਗਰਸ ਅਤੇ ਅਕਾਲੀ ਦਲ ਅੰਦਰੂਨੀ ਕਲੇਸ਼ ਦਾ ਸ਼ਿਕਾਰ ਨੇ ਅਤੇ ਬੀਜੇਪੀ ਆਧਾਰ ਵਧਾਉਣ ਲਈ ਯਤਨਸ਼ੀਲ ਹੈ। ਸੱਤਾਧਾਰੀ ‘ਆਪ’ ਵੀ ਜਨਤਾ ਦੇ ਦਿਲੋਂ ਉਤਰਦੀ ਜਾ ਰਹੀ ਹੈ। ਬੀਜੇਪੀ ਕਾਂਗਰਸ ਅਤੇ ਅਕਾਲੀ ਦਲ ਵਿਚੋਂ ਆਏ ਲੀਡਰਾਂ ਕਾਰਨ ਉਤਸ਼ਾਹ ਵਿਚ ਹੈ। ਇਸ ਨੂੰ ਸ਼ਹਿਰਾਂ ਦੇ ਨਾਲ ਦਿਹਾਤੀ ਹਲਕਿਆਂ ਵਿਚੋਂ ਸਮੱਰਥਨ ਦੀ ਆਸ ਬੱਝੀ ਹੈ। ਦਲਬਦਲੂਆਂ ਨੂੰ ਵੱਧ ਅਹਿਮੀਅਤ ਦੇਣ ਨਾਲ ਪੁਰਾਣੇ ਭਾਜਪਾਈਆਂ ਵਿਚ ਕਾਫੀ ਰੋਸ ਵੀ ਚਲ ਰਿਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਜਲਦੀ ਪੰਜਾਬ ਆ ਕੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਨੇ। ਸੱਤਾਧਾਰੀ ‘ਆਪ’ ਦੀ ਸਰਕਾਰ ਦਾ ਇਹ ਪਹਿਲਾ ਵੱਡਾ ਟੈਸਟ ਹੋਵੇਗਾ ਅਤੇ ਉਹ ਚੋਣਾਂ ਵਕਾਰ ਦਾ ਸਵਾਲ ਬਣਾ ਕੇ ਲੜੇਗੀ। ਇਸ ਸਮੇਂ ਪਾਰਟੀਆਂ ਚੋਣ ਰਨੀਤੀਆਂ ਤਿਆਰ ਕਰਨ ਵਿਚ ਰੁੱਝੀਆਂ ਨੇ, ਪਰ ਅਜੇ ਕਿਸੇ ਦੇ ਹੱਕ ਵਿਚ ਜਨਤਾ ਦਾ ਆਪ ਮੁਹਾਰਾ ਉਭਾਰ ਦਿਖਾਈ ਨਹੀਂ ਦੇ ਰਿਹਾ।
ਦਰਸ਼ਨ ਸਿੰਘ ਸ਼ੰਕਰ
ਜਿਲ੍ਹਾ ਲੋਕ ਸੰਪਰਕ ਅਫਸਰ (ਰਿਟਾ.)