ਡਾਃ ਗੁਰਪ੍ਰੀਤ ਸਿੰਘ ਧੁੱਗਾ ਦਾ ਪਲੇਠਾ ਨਾਵਲ  “ਚਾਲੀ ਦਿਨ” ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਖੇ ਡਾਃ ਸ ਪ ਸਿੰਘ, ਸੁੱਖੀ ਬਾਠ ਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ

Ludhiana Punjabi

DMT : ਲੁਧਿਆਣਾ : (19 ਸਤੰਬਰ 2023) : – ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਫੇਅਰਫੀਲਡ ਵੱਸਦੇ ਡਾਃ ਧੁੱਗਾ ਗੁਰਪ੍ਰੀਤ ਦੇ  ਆੱਟਮ ਆਰਟ ਪਟਿਆਲਾ ਵੱਲੋਂ ਛਪੇ ਪਲੇਠੇ ਨਾਵਲ “ਚਾਲ਼ੀ ਦਿਨ” ਨੂੰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਪੰਜਾਬ ਭਵਨ ਸਰੀ(ਕੈਨੇਡਾ) ਦੇ ਬਾਨੀ ਸੁੱਖੀ ਬਾਠ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਜੀ ਜੀ ਐੱਨ ਖਾਲਸਾ ਕਾਲਿਜ  ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਖੇ ਲੋਕ ਅਰਪਣ ਕੀਤਾ।
ਨਾਵਲ ਤੇ ਨਾਵਲਕਾਰ ਦੀ ਜਾਣ ਪਛਾਣ ਕਰਾਉਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ  ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਧੁੱਗਾ ਕਲਾਂ(ਹੋਸ਼ਿਆਰਪੁਰ) ਦਾ ਜੰਮਪਲ ਡਾਃ ਗੁਰਪ੍ਰੀਤ ਸਿੰਘ ਧੁੱਗਾ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਕਾਲਿਜ ਦਾ 1990-91 ਨੇੜੇ ਵਿਦਿਆਰਥੀ ਹੁੰਦਿਆਂ ਯੰਗ ਰਾਈਟਰਜ਼ ਐਸੋਸੀਏਸ਼ਨ ਦਾ ਮੈਂਬਰ ਰਿਹਾ ਹੈ ਪਰ ਉਦੋਂ ਉਹ ਕਵਿਤਾ ਲਿਖਦਾ ਹੁੰਦਾ ਸੀ।
ਕਵਿਤਾ ਦੀ ਕਿਤਾਬ ਦਾ ਖਰੜਾ ਤਿਆਰ ਕਰਦਿਆਂ ਹੀ ਉਸ ਦੇ ਮਨ ਵਿੱਚ ਨਾਵਲ ਦੀ ਗੱਲ ਉੱਭਰੀ ਤੇ ਉਹ ਇਸ ਪਾਸੇ ਤੁਰ ਪਿਆ। ਇਹ ਨਾਵਲ ਇੱਕ  ਫਕੀਰ ਨਾਲ ਚਾਲੀ ਦਿਨ ਲੰਮੀ ਵਾਰਤਾ ਦਾ ਨਾਵਲੀ ਬਿਰਤਾਤ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਤੇ ਜੀ ਜੀ ਐੱਨ ਖਾਲਸਾ ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਃ ਸ ਪ ਸਿੰਘ ਨੇ ਕਿਹਾ ਕਿ ਬਦੇਸ਼ਾਂ ਚ ਵੱਸਦੇ ਮੈਡੀਕਲ ਕਿੱਤੇ ਦੇ ਪਹਿਲੇ ਲੇਖਕ ਵਜੋਂ ਡਾਃ ਗੁਰਪ੍ਰੀਤ ਸਿੰਘ ਧੁੱਗਾ ਦਾ ਨਾਵਲ ਛਪਣਾ ਬਹੁਤ ਸ਼ੁਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਪਰਵਾਸ ਹੰਢਾਉਂਦਿਆਂ ਆਪਣੇ ਕਿੱਤੇ ਦੇ ਨਾਲ ਨਾਲ ਸਾਹਿੱਤ ਸਿਰਜਣਾ ਸੂਰਮਗਤੀ ਤੋਂ ਘੱਟ ਨਹੀਂ।

ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਸਥਿਤ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾਃ ਤੇਜਿੰਦਰ ਕੌਰ ਨੇ ਕਿਹਾ ਕਿ ਨੇੜ ਭਵਿੱਖ ਵਿੱਚ ਇਸ ਨਾਵਲ ਬਾਰੇ ਔਨਲਾਈਨ ਗੋਸ਼ਟੀ ਕੀਤੀ ਜਾਵੇਗੀ ਜਿਸ ਵਿੱਚ ਲੇਖਕ ਨੂੰ ਸ਼ਾਮਿਲ ਕਰਕੇ ਇਸ ਬਾਰੇ ਪੜਚੋਲਵੀਂ ਚਰਚਾ ਕੀਤੀ ਜਾਵੇਗੀ।
ਪੰਜਾਬ ਭਵਨ ਸਰੀ(ਕੈਨੇਡਾ) ਦੇ ਬਾਨੀ ਸ਼੍ਰੀ ਸੁੱਖੀ ਬਾਠ ਨੇ ਕਿਹਾ ਕਿ ਡਾਃ ਗੁਰਪ੍ਰੀਤ ਸਿੰਘ ਧੁੱਗਾ ਨੂੰ 8-9ਅਕਤੂਬਰ ਨੂੰ ਸਰੀ ਵਿਖੇ ਹੋਣ ਵਾਲੀ ਕਾਨਫਰੰਸ ਦਾ ਵੀ ਸੱਦਾ ਪੱਤਰ ਦਿੱਤਾ ਜਾਵੇਗਾ ਅਤੇ  ਇਸ ਨਾਵਲ ਬਾਰੇ ਬਦੇਸ਼ਾਂ ਚ ਵੱਸਦੇ ਪਾਠਕਾਂ ਨੂੰ ਜਾਣੂੰ ਕਰਵਾਇਆ ਜਾਵੇਗਾ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸਃ ਦਰਸ਼ਨ ਬੁੱਟਰ ਨੇ ਕਿਹਾ ਕਿ ਡਾਃ ਗੁਰਪ੍ਰੀਤ ਸਿੰਘ ਧੁੱਗਾ ਦੀ ਨਾਵਲ ਨਿਗਾਰੀ ਅਸਲੋਂ ਨਿਵੇਕਲੀ ਹੈ। ਇਸ ਦੋ ਪਾਤਰੀ ਨਾਵਲ ਵਿੱਚ ਜ਼ਿੰਦਗੀ ਦੀ ਅੰਦਰੂਨੀ ਯਾਤਰਾ ਕਰਵਾਈ ਗਈ ਹੈ। ਡਾਃ ਧੁੱਗਾ ਦੀ ਅਗਲੀ ਭਾਰਤ  ਫੇਰੀ ਦੌਰਾਨ ਭਾਈ ਕਾਹਨ ਸਿੰਘ ਰਚਨਾ ਵਿਚਾਰ ਮੰਚ ਵੱਲੋ ਸੱਦਾ ਦੇ ਕੇ ਉਸ ਦੀ ਸਾਹਿੱਤ ਸਿਰਜਣ ਪ੍ਰਕਿ੍ਰਆ ਬਾਰੇ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਜਾਵੇਗੀ।
ਇਸ ਸਮਾਗਮ ਵਿੱਚ ਆਏ ਲੇਖਕਾਂ ਤੇ ਮਹਿਮਾਨਾਂ ਨੂੰ ਕਾਲਿਜ ਪ੍ਰਿੰਸੀਪਲ ਡਾਃ ਅਰਵਿੰਦਕ  ਸਿੰਘ ਭੱਲਾ ਨੇ ਧੰਨਵਾਦ ਦੇ ਸ਼ਬਦ ਕਹੇ। ਸਮਾਗਮ ਵਿੱਚ ਸਃ ਹਰਸ਼ਰਨ ਸਿੰਘ ਨਰੂਲਾ, ਜਨਰਲ ਸਕੱਤਰ, ਕਾਲਿਜ ਪ੍ਰਬੰਧਕ ਕਮੇਟੀ , ਸਃ ਪਿਰਥੀਪਾਲ ਸਿੰਘ ਚਾਵਲਾ(ਥਾਈਲੈਂਡ) ਉੱਘੇ ਕਵੀ ਤ੍ਰੈਲੋਚਨ ਲੋਚੀ, ਜੀ ਜੀ ਐੱਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਗੁਣਮੀਤ ਕੌਰ, ਪੋਃ ਸ਼ਰਨਜੀਤ ਕੌਰ ਲੋਚੀ, ਮੁਖੀ ਪੰਜਾਬੀ ਵਿਭਾਗ, ਡਾਃ ਮਨਦੀਪ ਕੌਰ ਰੰਧਾਵਾ, ਸਃ ਜੀ ਕੇ ਸਿੰਘ ਮੋਹਾਲੀ, ਸਃ ਕੁਲਜੀਤ ਸਿੰਘ, ਪ੍ਰੋਃ ਮਨਜੀਤ ਸਿੰਘ ਛਾਬੜਾ, ਡਾਇਰੈਕਟਰ, ਜੀ ਜੀ ਐੱਨ ਆਈ ਐੱਮ ਟੀ, ਇੰਜਃ ਡੀ ਐੱਮ ਸਿੰਘ, ਸਃ ਰਣਜੀਤ ਸਿੰਘ ਨੈਸ਼ਨਲ ਐਵਾਰਡੀ ਅਧਿਆਪਕ,ਸਃ ਰਾਜਿੰਦਰ ਸਿੰਘ ਸੰਧੂ,ਡਾਃ ਗੁਰਪ੍ਰੀਤ  ਸਿੰਘ ਤੇ ਪ੍ਰੀਤ ਹੀਰ ਹਾਜ਼ਰ ਸਨ।

Leave a Reply

Your email address will not be published. Required fields are marked *