ਤੁਰ ਗਿਆ ਕਬੱਡੀ ਦਾ ਰਹਿਬਰ ਖਿਡਾਰੀ ਅਤੇ ਕੋਚ ਦੇਵੀ ਦਿਆਲ

Ludhiana Punjabi

DMT : ਲੁਧਿਆਣਾ : (17 ਜਨਵਰੀ 2024) : – ਕੋਚ ਸਾਹਿਬ ਦੇਵੀਂ ਦਿਆਲ ਦੇ ਨਾਲ ਮੇਰੀ ਪਿਛਲੇ 25 ਕੁ ਸਾਲ ਤੋਂ ਮਿੱਤਰਤਾ ਵਾਲੀ ਸਾਂਝ ਸੀ । ਅਸੀਂ 1997 ਦੇ ਵਿੱਚ ਇੱਕ ਦੂਜੇ ਦੇ ਉਸ ਵੇਲੇ ਨੇੜੇ ਹੋਏ ਜਦੋਂ ਉਹ ਖੇਡ ਵਿਭਾਗ ਨੌਕਰੀ ਕਰਦੇ ਸੀ , ਮੈਂ ਅਜੀਤ ਦੇ ਵਿੱਚ ਖੇਡ ਪੱਤਰਕਾਰੀ ਕਰਦਾ ਸੀ । ਹਰ ਖੇਡ ਮੇਲੇ ਦੇ ਉੱਤੇ ਸਾਡਾ ਇੱਕ ਦੂਜੇ ਨਾਲ ਮੇਲ ਮਿਲਾਪ ਹੁੰਦਾ।ਹਰ ਵਾਰੀ ਜਦੋਂ ਵੀ ਗੱਲਾਂ ਹੁੰਦੀਆਂ ਤਾਂ ਸਿਰਫ ਤੇ ਸਿਰਫ ਖੇਡਾਂ ਨਾਲ ਹੀ ਸੰਬੰਧਿਤ ਗੱਲਾਂ ਹੁੰਦੀਆਂ ਸਨ।
ਮੈਂ ਉਹਨਾਂ ਤੋਂ ਜ਼ਿੰਦਗੀ ਅਤੇ ਖੇਡਾਂ ਬਾਰੇ ਬਹੁਤ ਕੁਝ ਸਿੱਖਿਆ ਹੈ। ਉਹ ਇੱਕ ਮਹਾਨ ਖਿਡਾਰੀ ਨਹੀਂ ਸਨ ਸਗੋਂ ਇੱਕ ਵਧੀਆ ਕੋਚ ਉਸ ਤੋਂ ਵੀ ਵਧ ਕੇ ਇੱਕ ਵਧੀਆ ਪ੍ਰਬੰਧਕ ਸਨ । ਕਬੱਡੀ ਉਹਨਾਂ ਦੇ ਰਗ ਰਗ ਵਿੱਚ ਭਰੀ ਪਈ ਸੀ ,ਜੋ ਉਹਨਾਂ ਨੇ ਦੱਸਿਆ ਮੈਨੂੰ ਕਿ ਪਹਿਲਾਂ ਉਹਨਾਂ ਨੇ ਗੌਰਮੈਂਟ ਕਾਲਜ ਲੁਧਿਆਣਾ ਵਿਖੇ ਹਾਕੀ ਖੇਡਣੀ ਸਟਾਰਟ ਕੀਤੀ । ਹਾਕੀ ਦਾ ਉਸ ਵਕਤ ਬੋਲ ਬਾਲਾ ਵੱਡੇ ਪੱਧਰ ਤੇ ਸੀ । ਉਹ ਕਾਲਜ ਦੇ ਵਿੱਚ ਆਲ ਰਾਉਂਡਰ ਖਿਡਾਰੀ ਸਨ। ਸਾਰੀਆਂ ਖੇਡਾਂ ਹੀ ਖੇਡ ਲੈਂਦੇ ਸਨ । ਹਾਕੀ ਦੇ ਨਾਲ ਉਹਨਾਂ ਨੇ ਥੋੜੀ ਬਹੁਤੀ ਅਥਲੈਟਿਕਸ ਵੀ ਕੀਤੀ ਪਰ ਕਬੱਡੀ ਉਹਨਾਂ ਦੀ ਮਨ ਪਸੰਦ ਦੀ ਖੇਡ ਸੀ। ਜਿਉਂ ਹੀ ਉਹ ਕਬੱਡੀ ਦੇ ਮੈਦਾਨ ਚ ਵੜੇ ਫਿਰ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਜੋ ਸਭ ਤੋਂ ਪਹਿਲੀ ਟੀਮ 1974 ਦੇ ਵਿੱਚ ਇੰਗਲੈਂਡ ਗਈ, ਸਰਦਾਰ ਸੁਖਦੇਵ ਸਿੰਘ ਢੀਡਸਾ ਸਾਬਕਾ ਕੇਂਦਰੀ ਖੇਡ ਮੰਤਰੀ ਉਹ ਟੀਮ ਲੈ ਕੇ ਗਏ ਸਨ , ਦੇਵੀ ਦਿਆਲ ਜੀ ਉਸ ਟੀਮ ਦਾ ਹਿੱਸਾ ਸਨ। ਉਹਨਾਂ ਨੇ ਪੰਜਾਬ ਦੇ ਹਰ ਖੇਡ ਮੇਲੇ ਵਿੱਚ ਆਪਣੀ ਧਾਕ ਜਮਾਈ, ਪਿੰਡ ਪਿੰਡ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਕਬੱਡੀ ਹੁਨਰ ਦੀ ਚਰਚਾ ਹੁੰਦੀ ਸੀ। ਖਾਸ ਕਰਕੇ ਕਿਲਾ ਰਾਇਪੁਰ ਖੇਡਾਂ ਉੱਤੇ ਤਾਂ ਦੇਵ ਦਿਆਲ ਦੀ ਖੇਡ ਨੂੰ ਵੇਖਣ ਲਈ ਦੁਨੀਆ ਦੂਰੋਂ ਦੂਰੋਂ ਢੁਕਦੀ ਹੁੰਦੀ ਸੀ। ਦੇਵੀ ਦਿਆਲ ਦੀਆਂ ਕਬੱਡੀ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਨੇ ,ਵੱਡੀਆਂ ਜਿੱਤਾਂ ਨੇ ,ਅਤੇ ਬਹੁਤ ਲੰਬੀਆਂ ਚੌੜੀਆਂ ਦੇਵੀ ਦਿਆਲ ਜੀ ਦੀਆ ਪ੍ਰਾਪਤੀਆਂ ਦੀਆਂ ਕਹਾਣੀਆਂ ਹਨ ਜਿਨਾਂ ਮਰਜੀ ਲਿਖੀ ਜਾਓ, ਨਤੀਜਾ ਇਹੀ ਨਿਕਲਦਾ ਹੈ ਕਿ ਉਹ ਦੁਨੀਆਂ ਦੇ ਇੱਕ ਮਹਾਨ ਦੇਵਤਿਆਂ ਵਰਗਾ ਖਿਡਾਰੀ ਸੀ। ਸਾਲ 2009 ਦੇ ਵਿੱਚ ਅਸੀਂ ਜਰਖੜ ਵਿਖੇ ਉਹਨਾਂ ਦੀ ਅਗਵਾਈ ਹੇਠ ਪੰਜਾਬ ਕਬੱਡੀ ਚੈਂਪੀਅਨਸ਼ਿਪ ਸਫਲਤਾਪੂਰਕ ਕਰਵਾਈ। ਗੁਰਮੇਲ ਭਲਵਾਨ ਦਾ ਉਹ ਨੇੜਲਾ ਸਾਥੀ ਸੀ ਅਤੇ ਸਿਆਟਲ ਵੱਸਦੇ ਮੋਹਣਾ ਜੋਂਧਾ ਦੀ ਓਹ ਹਮੇਸ਼ਾ ਕਬੱਡੀ ਦੇ ਇੱਕ ਪ੍ਰਮੋਟਰ ਵਜੋਂ ਤਰੀਫ ਕਰਦਾ ਸੀ। ਗੁਰਲਾਲ ਘਨੌਰ ਦੇ ਵਿਧਾਇਕ ਬਣਨ ਦਾ ਕੋਚ ਸਾਹਿਬ ਦੇਵੀ ਦਿਆਲ ਨੂੰ ਬਹੁਤ ਫਖਰ ਸੀ। ਉਹ ਬੜਾ ਹਸਮੁੱਖ ਅਤੇ ਜਿੰਦਾ ਦਿਲ ਇਨਸਾਨ ਸੀ, ਪਰ ਉਸਦੇ ਪੁੱਤਰ ਟੋਨੀ ਦੀ ਮੌਤ ਨੇ ਉਸਨੂੰ ਝੰਜੋੜ ਕੇ ਰੱਖ ਦਿੱਤਾ ਸੀ । ਦੇਵੀ ਦਿਆਲ ਨੂੰ ਇੰਝ ਲੱਗਦਾ ਸੀ ਕਿ ਉਸਦੀ ਜਿੰਦਗੀ ਬਸ ਹੁਣ ਇਕ ਥਾਂ ਤੇ ਖੜ ਗਈ, ਪੁੱਤ ਦਾ ਵਿਛੋੜਾ ਹਰ ਵਕਤ ਉਸ ਦੇ ਚਿਹਰੇ ਤੇ ਝਲਕਦਾ ਰਹਿੰਦਾ ਸੀ। ਟੋਨੀ ਦੇ ਭੋਗ ਤੇ ਸੋਗ ਮਈ ਆਰਟੀਕਲ ਵੀ ਲਿਖਣਾ ਮੈਨੂੰ ਨਸੀਬ ਹੋਇਆ ਸੀ ਉਹ ਆਰਟੀਕਲ ਇੰਨਾ ਕੁ ਜਜ਼ਬਾਤੀ ਲਿਖਿਆ ਗਿਆ ਸੀ ਤੇ ਦੇਵੀ ਦਿਆਲ ਜੀ ਪੜ ਪੜ ਕੇ ਹੀ ਉਸਨੂੰ ਰੋਈ ਜਾਂਦੇ ਸਨ। ਉਹਨਾਂ ਨੇ ਕਹਿਣਾ ਕਿ ਪੁੱਤ ਦੀ ਅਰਥੀ ਚੱਕਣਾ ਦੁਨੀਆਂ ਦਾ ਵੱਡਾ ਭਾਰ ਹੈ। ਮੈਂ ਦੁਨੀਆਂ ਦੇ ਹਰ ਜੱਫੇ ਵਿੱਚੋਂ ਨਿਕਲਿਆ ਹਾ ਪਰ ਪੁੱਤ ਦੀ ਮੌਤ ਦੇ ਜੱਫੇ ਨੇ ਮੈਨੂੰ ਕੱਖੋਂ ਹੋਲੇ ਕਰ ਦਿੱਤਾ ਹੈ ।
ਪੁੱਤ ਦੀ ਮੌਤ ਤੋਂ ਬਾਅਦ ਉਹ ਕਬੱਡੀ ਦੇ ਖਿਡਾਰੀਆਂ ਨੂੰ ਹੀ ਆਪਣੇ ਪੁੱਤ ਮੰਨਦਾ ਸੀ ਅੱਜ ਆਪਣੇ ਪਰਿਵਾਰ ਅਤੇ ਉਹਨਾਂ ਕਬੱਡੀ ਪੁੱਤਰਾਂ ਨੂੰ ਅਲਵਿਦਾ ਆਖ ਗਿਆ ਹੈ ਦੇਵੀ ਦਿਆਲ ਕੋਚ ਸਾਹਿਬ। ਜਾਣਾ ਸਾਰਿਆਂ ਨੇ ਹੀ ਹੈ ਇੱਕ ਨਾ ਇੱਕ ਦਿਨ ? ਜਿੰਨਾ ਵੀ ਇਸ ਦੁਨੀਆਂਦਾਰੀ ਨਾਲ ਕੋਚ ਸਾਹਿਬ ਦੇਵੀ ਦਿਆਲ ਜੀ ਦਾ ਸਾਥ ਸੀ ਉਹ ਵਧੀਆ ਨਿਭਾ ਕੇ ਗਏ ਹਨ ।ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਯਾਦ ਨੂੰ ਕਿਵੇਂ ਸੰਭਾਲਣਾ ਹੈ ।ਅਲਵਿਦਾ ਕੋਚ ਸਾਹਿਬ ਦੇਵੀ ਦਿਆਲ ਜੀ !
ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਪਰਿਵਾਰ ਨੂੰ ਅਤੇ ਖੇਡ ਜਗਤ ਨੂੰ ਭਾਣਾ ਮੰਨਣ ਦਾ ਵੱਲ ਬਖਸ਼ੇ।

Leave a Reply

Your email address will not be published. Required fields are marked *