ਦੇਸ਼ ਭਗਤੀ ਦੇ ਰੰਗ ‘ਚ ਰੰਗੀ ਲੋਰੀ ਲਿਖਣ ਮੁਕਾਬਲੇ ‘ਚ ਕੌਮੀ ਅਵਾਰਡ ਜੇਤੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਸੂਬੇ ਭਰ ‘ਚ ਰਿਹਾ ਅੱਵਲ

Ludhiana Punjabi
  • ਅਧਿਆਪਕ ਗਰੇਵਾਲ ਨੇ ਜ਼ਿਲ੍ਹਾ ਲੁਧਿਆਣਾ ਦਾ ਵਧਾਇਆ ਮਾਣ
  • ਡਿਪਟੀ ਕਮਿਸ਼ਨਰ ਸੁਰਭੀ ਮਲਿਕ
  • ਇੱਕ ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਵੀ ਕੀਤੀ ਹਾਸਲ

DMT : ਲੁਧਿਆਣਾ : (15 ਮਾਰਚ 2023) : –  ਦੇਸ਼ ਭਗਤੀ ਦੇ ਰੰਗ ਵਿੱਚ ਰੰਗੀ ਲੋਰੀ ਲਿਖਣ ਮੁਕਾਬਲੇ ਵਿੱਚ ਕੌਮੀ ਅਵਾਰਡ ਜੇਤੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਪੰਜਾਬ ਰਾਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਪਿੰਡ ਲਲਤੋਂ ਕਲਾਂ ਅਤੇ ਜ਼ਿਲ੍ਹਾ ਲੁਧਿਆਣਾ ਦਾ ਮਾਣ ਵਧਾਇਆ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੂੰ ਇਨਾਮੀ ਰਾਸ਼ੀ ਪ੍ਰਦਾਨ ਕਰਨ ਮੌਕੇ ਕੀਤਾ।

ਡਿਪਟੀ ਕਮਿਸ਼ਨਰ ਮਲਿਕ ਵਲੋਂ ਅਧਿਆਪਕ ਗਰੇਵਾਲ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਦੇਸ ਦੀ ਸੰਸਕ੍ਰਿਤੀ, ਦੇਸ਼ ਦੀਆਂ ਪ੍ਰਾਪਤੀਆਂ ਅਤੇ ਗੌਰਵਮਈ ਇਤਿਹਾਸ ਨਾਲ਼ ਜੋੜਨ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿੱਚ (ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ) ਭਾਰਤ ਸਰਕਾਰ ਵੱਲੋਂ ਰਚਨਾਤਮਕਤਾ ਵਿੱਚ ਏਕਤਾ ਵਿਸ਼ੇ ‘ਤੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਸ ਵਿੱਚ 5,16885 ਪ੍ਰਤੀਯੋਗੀਆਂ ਨੇ ਭਾਗ ਲਿਆ ਸੀ। ਦੇਸ਼ ਭਗਤੀ ਦੇ ਰੰਗ ਵਿੱਚ ਰੰਗੀ ਲੋਰੀ ਲਿਖਣ ਮੁਕਾਬਲੇ ਵਿੱਚ ਕੌਮੀ ਅਵਾਰਡ ਜੇਤੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਪੰਜਾਬ ਰਾਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇੱਕ ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ ਹੈ।

ਉਨ੍ਹਾਂ ਦੱਸਿਆ ਕਿ ਬਹੁਪੱਖੀ ਸਖ਼ਸ਼ੀਅਤ ਕਰਮਜੀਤ ਸਿੰਘ ਗਰੇਵਾਲ ਵਲੋਂ ਵੱਖ-ਵੱਖ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਜਾ ਕੇ ਪ੍ਰੇਰਨਾਮਈ ਗੀਤਾਂ ਦੀ ਪੇਸ਼ਕਾਰੀ ਵੀ ਕੀਤੀ ਜਾਂਦੀ ਹੈ। ਅਧਿਆਪਕ ਗਰੇਵਾਲ ਦੀਆਂ ਹੁਣ ਤੱਕ 10 ਪੁਸਤਕਾਂ ਵੀ ਛੱਪ ਚੁੱਕੀਆਂ ਹਨ ਜਿਨ੍ਹਾਂ ਵਿੱਚ ਪਹਿਲੀ ਪੁਸਤਕ ਨੂੰ ਸਰਵੋਤਮ ਬਾਲ ਪੁਸਤਕ ਪੁਰਸਕਾਰ ਵੀ ਮਿਲਿਆ ਸੀ। ਇਸ ਤੋਂ ਇਲਾਵਾ ਪੰਜਾਬੀ ਵਰਨਮਾਲ਼ਾ ਵੀਡੀਓ ਨੂੰ ਅਮੈਰੀਕਨ ਇੰਡੀਆ ਫਾਂਊਡੇਸ਼ਨ ਟ੍ਰਸਟ ਵੱਲੋਂ ਰਾਸ਼ਟਰੀ ਪੱਧਰ ‘ਤੇ ਪਹਿਲਾ ਇਨਾਮ, ਵਾਟਰ ਸਪਲਾਈ ਵਿਭਾਗ ਵੱਲੋਂ ਵੀਡੀਓ ਨੂੰ ਰਾਜ ਪੱਧਰੀ ਇਨਾਮ ਅਤੇ ਹੈਲਦੀ ਇੰਡੀਆ ਵੀਡੀਓ ਨੂੰ ਰਾਸ਼ਟਰੀ ਪੱਧਰ ‘ਤੇ ਪਹਿਲਾ ਇਨਾਮ ਮਿਲਿਆ ਹੈ। ਗਰੇਵਾਲ ਦੀਆਂ ਅਗਾਂਹਵਧੂ ਲਿਖਤਾਂ ਨੂੰ ਜਿੱਥੇ ਵੱਖ-ਵੱਖ ਸੰਸਥਾਵਾਂ ਵਲੋਂ ਵੀ ਮਾਣ ਸਨਮਾਨ ਦਿੱਤਾ ਗਿਆ ਉੱਥੇ ਹੀ ਸਕਾਊਟ/ਗਾਈਡ ਵੱਲੋਂ ਬਣਾਈ ਭਾਰਤ ਦੀਆਂ 7 ਭਾਸ਼ਾਵਾਂ ਵਾਲ਼ੀ ਲੜੀ ਵਿੱਚ ਵੀ ਅਧਿਆਪਕ ਗਰੇਵਾਲ ਦਾ ਗੀਤ ਸ਼ਾਮਿਲ ਹੈ। ਗਰੇਵਾਲ ਵੱਲੋਂ ਲਿਖੀ ਲੋਰੀ ਨੂੰ ਵੱਡਾ ਇਨਾਮ ਮਿਲਣਾ ਇਨ੍ਹਾਂ ਦੀ ਇੱਕ ਹੋਰ ਖਾਸ ਤੇ ਵਿਸ਼ੇਸ਼ ਪ੍ਰਾਪਤੀ ਹੈ।

Leave a Reply

Your email address will not be published. Required fields are marked *