ਦੇਸ਼ ਭਗਤ ਯਾਦਗਾਰੀ ਸੋਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ

Ludhiana Punjabi

DMT : ਲੁਧਿਆਣਾ : (23 ਮਾਰਚ 2023) : – ਲੁਧਿਆਣਾ ਸਥਿਤ ਸ਼ਹੀਦ ਰਾਜਗੁਰੂ ਨਗਰ ਵਿਖੇ ਦੇਸ਼ ਭਗਤ ਯਾਦਗਾਰੀ ਸੋਸਾਇਟੀ ਲੁਧਿਆਣਾ ਵੱਲੋਂ ਸ਼ਹੀਦ ਭਗਤ ਸਿੰਘ, ਸ਼ਹੀਦ  ਰਾਜਗੁਰੂ ਤੇ ਸ਼ਹੀਦ ਸੁਖਦੇਵ ਜੀ ਸ਼ਹੀਦੀ ਦਿਵਸ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਜੀ ਦੀ ਅਗਵਾਈ ਹੇਠ ਮਨਾਇਆ ਗਿਆ।

ਇਸ ਮੌਕੇ ਬੋਲਦਿਆਂ ਪੰਜਾਬੀ ਲੇਖਕ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਹੀ ਕੌਮ ਦੀ ਹਯਾਤ ਬਣਦੀ ਹੈ। ਦੂਜੇ ਲਾਹੌਰ ਸਾਜ਼ਿਸ਼ ਕੇਸ ਵਿੱਚ ਸ਼ਾਮਿਲ ਇਹ ਤਿੰਨ ਯੋਧੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅੰਗਰੇਜ਼ ਵਿਰੋਧੀ ਲੋਕ ਚੇਤਨਾ ਲਹਿਰ ਦੇ ਰੌਸ਼ਨ ਚਿਰਾਗ ਸਨ। ਉਨ੍ਹਾਂ ਕਿਹਾ ਕਿ ਸ਼ਾਸਤਰ ਦੇ ਲੜ ਲੱਗੇ ਇਨ੍ਹਾਂ ਸੂਰਮਿਆਂ ਨੂੰ ਸਿਰਫ਼ ਸ਼ਸਤਰ ਧਾਰੀ ਗਰਦਾਨਣਾ  ਨਿਰੋਲ ਸਾਜ਼ਿਸ਼ ਵਾਂਗ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਸੁਖਦੇਵ ਦੀਆਂ ਲਿਖਤਾਂ ਉਨ੍ਹਾਂ ਨੂੰ ਗਿਆਨ ਭਰਪੂਰ ਸ਼ਾਸਤਰੀ ਐਲਾਨਦੀਆਂ ਹਨ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਿਰ ਝੁਕਾਉਂਦਿਆਂ ਪ੍ਰੋਃ  ਗਿੱਲ ਨੇ ਕਿਹਾ ਕਿ ਅੱਜ ਉਹ ਕਲਮ ਕਿੱਥੇ ਹੈ ਜਨਾਬ,
ਜਿਸ ਨਾਲ ਸੂਰਮਿਆਂ ਨੇ ਪਹਿਲੀ ਵਾਰ,ਇਨਕਲਾਬ ਜ਼ਿੰਦਾਬਾਦ
ਲਿਖਿਆ ਸੀ ।ਜਿਸ ਨਾਲ ਉਨ੍ਹਾਂ ਦੇ ਸ਼ਬਦ ਅੰਗਿਆਰ ਬਣੇ,ਜ਼ਾਲਮ ਦੀਆਂ ਨਜ਼ਰਾਂ ’ਚ ਮਾਰੂ ਹਥਿਆਰ ਬਣੇ ,ਬੇਕਸਾਂ ਦੇ ਯਾਰ ਬਣੇ,ਨੌਜਵਾਨ ਮੱਥਿਆਂ ’ਚ,ਸਦੀਵ ਲਲਕਾਰ ਬਣੇ ਨੌਜਵਾਨ ਲੱਭਣ ਕਿ ਉਹ ਕਿਤਾਬ ਕਿੱਥੇ ਹੈਜਿਸ ਦਾ ਪੰਨਾ ਮੋੜ ਕੇ,ਇਨਕਲਾਬੀ ਨਾਲ ਰਿਸ਼ਤਾ ਜੋੜ ਕੇ,ਸੂਰਮਿਆਂ ਨੇ ਕਿਹਾ ਸੀ ਕਿ ਅਸੀਂ ਬਾਕੀ ਇਬਾਰਤ,ਮੁੜ ਮੁੜ ਉਦੋਂ ਤੀਕ ਪੜ੍ਹਦੇ ਰਹਾਂਗੇ,ਜਦ ਤੀਕ ਨਹੀਂ ਮੁੱਕਦੀ,ਗੁਰਬਤ ਤੇ ਜ਼ਹਾਲਤ ।
ਅਸੀਂ ਬਾਰ ਬਾਰ ਜੰਮ ਕੇ
ਕਰਦੇ ਰਹਾਂਗੇ ਚਿੜੀਆਂ ਦੀ ਵਕਾਲਤ ।ਮਾਸ ਨੋਚਦੇ ਬਾਜ਼ਾਂ ਦੇ ਖ਼ਿਲਾਫ਼,
ਲੜਦੇ ਰਹਾਂਗੇ, ਯੁੱਧ ਕਰਦੇ ਰਹਾਂਗੇ।
ਵਿਸ਼ਵ ਪ੍ਰਸਿੱਧ ਕਲਾਕਾਰ ਤੇ ਮਾਰਕਫੈੱਡ ਦੇ ਸਾਬਕਾ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਦੇਸ਼ ਆਜ਼ਾਦੀ ਮਗਰੋਂ ਅਸੀਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਮਝਣ ਵਿੱਚ ਉੱਕੇ ਹਾਂ। ਅਸੀਂ ਆਜ਼ਾਦ ਤਾਂ ਹੋ ਗਏ ਹਾਂ ਪਰ ਆਤਮ ਨਿਰਭਰ ਨਹੀਂ ਹੋ ਸਕੇ। ਸ਼ਹੀਦ ਸਾਨੂੰ ਅੱਜ ਵੀ ਸੁਆਲ ਕਰਦੇ ਹਨ ਕਿ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਵੀ ਕਪਾਹ ਚੁਗਦੀ ਚੋਗੀ ਦੇ ਤਨ ਤੇ ਲੰਗਾਰ ਕਿਉਂ ਹਨ।
ਦੇਸ਼ ਭਗਤ ਯਾਦਗਾਰ ਸੋਸਾਇਟੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਆਖਿਆ ਕਿ ਜਿਸ ਮਨੁੱਖ ਦੀ ਸਿਰਜਣਾ ਕਰਨ ਦਾ ਸੁਪਨਾ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਲਿਆ ਸੀ, ਉਹ ਅਜੇ ਅਧੂਰਾ ਹੈ। ਸਿੱਖਿਆ ਸਿਹਤ ਤੇ ਬੁਨਿਆਦੀ ਸਹੂਲਤਾਂ ਅਜੇ ਵੀ ਮਾਨਣ ਯੋਗ ਨਹੀਂ ਬਣ ਸਕਿਆ। ਇਹ ਸਿਰਫ਼ ਸਿਆਸਤਦਾਨਾਂ ਦੀ ਹੀ ਹਾਰ ਨਹੀਂ ਸਗੋਂ ਬਿਉਰੋਕਰੇਸੀ ਤੇ ਲੋਕਾਂ ਲਈ ਵੀ ਨਮੋਸ਼ੀ ਦਾ ਕਾਰਨ ਹੈ। ਇਸ ਨੂੰ ਥਾਂ ਸਿਰ ਕਰਨ ਲਈ ਸਿਆਸੀ ਵਖਰੇਵਿਆਂ ਤੋਂ ਉੱਪਰ ਉਠ ਕੇ ਤੁਰਾ ਚਾਹੀਦਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਆਪਣਾ ਗੀਤ ਚਿਰਾਗਾਂ ਨੂੰ ਜਗਾਉ ਮਿਹਰਬਾਨੋ ਸੁਣਾ ਕੇ ਮਾਹੌਲ ਵਿੱਚ ਅਦਬੀ ਰੰਗ ਭਰਿਆ।

Leave a Reply

Your email address will not be published. Required fields are marked *