DMT : ਲੁਧਿਆਣਾ : (06 ਅਪ੍ਰੈਲ 2023) : – ਸਪੈਸ਼ਲ ਟਾਸਕ ਫੋਰਸ (STF), ਲੁਧਿਆਣਾ ਰੇਂਜ ਦੀ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1.87 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਐਸਟੀਐਫ ਅਧਿਕਾਰੀਆਂ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 9 ਕਰੋੜ ਰੁਪਏ ਤੋਂ ਵੱਧ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ੇਰਪੁਰ ਕਲਾਂ ਦੀ ਮੁਸਲਿਮ ਕਲੋਨੀ ਦੇ ਮੁਹੰਮਦ ਇਸਤੀਆਕ (21) ਅਤੇ ਟਿੱਬਾ ਰੋਡ ਸਥਿਤ ਰਾਮਦਿਤ ਨਗਰ ਦੇ 29 ਸਾਲਾ ਪ੍ਰਵੀਨ ਕੁਮਾਰ ਵਜੋਂ ਹੋਈ ਹੈ। ਮੁਲਜ਼ਮ ਕਰੀਬੀ ਦੋਸਤ ਹਨ।
ਮੁਲਜ਼ਮਾਂ ਨੂੰ ਮੁਸਲਿਮ ਕਲੋਨੀ ਤੋਂ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ।
ਲੁਧਿਆਣਾ ਰੇਂਜ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐਸਪੀ, ਐਸਟੀਐਫ) ਦਵਿੰਦਰ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਜਮਾਲਪੁਰ ਅਤੇ ਮੋਤੀ ਨਗਰ ਇਲਾਕੇ ਵਿੱਚ ਹੈਰੋਇਨ ਦੀ ਸਪਲਾਈ ਕਰਨ ਲਈ ਜਾ ਰਹੇ ਹਨ। ਐਸਟੀਐਫ ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਨੇ ਨਾਕਾ ਲਗਾ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਟੀਮ ਨੇ ਮੁਲਜ਼ਮ ਦੇ ਬੈਗ ਵਿੱਚੋਂ 1.87 ਕਿਲੋ ਹੈਰੋਇਨ ਬਰਾਮਦ ਕੀਤੀ।
ਇੰਸਪੈਕਟਰ ਨੇ ਦੱਸਿਆ ਕਿ ਮੁਲਜ਼ਮ ਮੁਹੰਮਦ ਇਸਤਿਆਕ ਆਪਣੇ ਪਿਤਾ ਨਾਲ ਦਰਜ਼ੀ ਦਾ ਕੰਮ ਕਰਦਾ ਹੈ ਜਦਕਿ ਉਸ ਦਾ ਦੋਸਤ ਪ੍ਰਵੀਨ ਫੂਡ ਪੈਕਜਿੰਗ ਯੂਨਿਟ ਵਿੱਚ ਕੰਮ ਕਰਦਾ ਹੈ।
ਮੁਲਜ਼ਮ ਪਿਛਲੇ ਇੱਕ ਸਾਲ ਤੋਂ ਤਸਕਰੀ ਦਾ ਧੰਦਾ ਕਰ ਰਹੇ ਸਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਐਸਟੀਐਫ ਨੂੰ ਦੱਸਿਆ ਕਿ ਉਨ੍ਹਾਂ ਨੇ ਗੋਪਾਲ ਨਗਰ ਦੇ ਸੋਨੂੰ ਤੋਂ ਹੈਰੋਇਨ ਮੰਗਵਾਈ ਸੀ। ਇਸ ਲਈ, ਟੀਮ ਨੇ ਸਪਲਾਈ ਲੜੀ ਵਿੱਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੇ ਐਸਟੀਐਫ ਪੁਲੀਸ ਸਟੇਸ਼ਨ ਵਿੱਚ ਐਨਡੀਪੀਐਸ ਐਕਟ ਦੀ ਧਾਰਾ 21, 29 ਤਹਿਤ ਕੇਸ ਦਰਜ ਕੀਤਾ ਗਿਆ ਹੈ।