ਨਗਰ ਨਿਗਮ ਦੀ ਕਰੋੜਾਂ ਰੁਪਏ ਦੀ ਜ਼ਮੀਨ ਉੱਪਰ ਨਜਾਇਜ਼ ਕਬਜ਼ੇ ਦਾ ਦੋਸ਼

Ludhiana Punjabi
  • ਨਿਗਮ ਅਧਿਕਾਰੀ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਕੁੰਭਕਰਨੀ ਨੀਂਦ ਸੁੱਤੇ

DMT : ਲੁਧਿਆਣਾ : (25 ਅਗਸਤ 2023) : – ਭਾਈ ਰਣਧੀਰ ਸਿੰਘ ਨਗਰ ਸਥਿਤ ਓਰੀਐਂਟ ਸਿਨੇਮਾ ਸੁਨੇਤ ਦੇ ਪਿੱਛੇ ਨਗਰ ਨਿਗਮ ਦੀ ਕਰੋੜਾਂ ਰੁਪਏ ਦੀ ਸ਼ਾਮਲਾਤ ਜ਼ਮੀਨ ਉੱਪਰ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੁੱਝ ਬਾਰਸੂਖ਼ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਇਸ ਸਬੰਧੀ ਨਗਰ ਨਿਗਮ ਨੂੰ ਇਲਾਕਾ ਨਿਵਾਸੀਆਂ ਵਲੋਂ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜ਼ੂਦ ਕੋਈ ਕਾਰਵਾਈ ਨਹੀਂ ਹੋ ਰਹੀ ਜਿਸ ਕਾਰਨ ਉਹ ਦੁੱਖੀ ਅਤੇ ਪ੍ਰੇਸ਼ਾਨ ਹਨ।
ਅੱਜ ਇੱਥੇ ਵੈਲਫੇਅਰ ਸੁਸਾਇਟੀ ਸੁਨੇਤ ਦੇ ਪ੍ਰਧਾਨ ਧਰਮਪਾਲ ਅਤੇ ਹੋਰ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਓਰੀਐਂਟ ਸਿਨੇਮਾ ਪਿੱਛੇ ਖਸਰਾ ਨੰਬਰ 995 ਦੀ 5560 ਗਜ਼ ਜ਼ਮੀਨ ਉੱਪਰ ਨਗਰ ਨਿਗਮ ਦੇ ਉਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਾਰਸੂਖ ਲੋਕਾਂ ਵੱਲੋਂ ਕਬਜ਼ਾ ਕੀਤਾ ਗਿਆ ਹੈ।
ਇਲਾਕਾ ਨਿਵਾਸੀਆਂ ਵੱਲੋਂ ਇਸ ਸਬੰਧੀ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਸਮੇਤ ਕਈ ਹੋਰ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪਰ ਇਸਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀ ਸਭ ਕੁੱਝ ਜਾਣਨ ਦੇ ਬਾਵਜੂਦ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਦੇ ਵਿਰੋਧ ਨੂੰ ਵੇਖਦੇ ਹੋਏ ਨਗਰ ਨਿਗਮ ਵਲੋਂ ਬੇਸ਼ਕ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਬਣਾਏ ਗਏ ਰਿਹਾਇਸ਼ੀ ਕਮਰੇ ਢਾਹ ਦਿੱਤੇ ਗਏ ਸਨ ਪਰ ਉਸ ਤੋਂ ਬਾਅਦ ਉਸ ਉਪਰ ਕੋਈ ਨਿਗਰਾਨੀ ਨਾ ਹੋਣ ਕਾਰਨ ਨਾਜਾਇਜ਼ ਕਬਜ਼ਾ ਧਾਰੀਆਂ ਨੇ ਮੁੜ ਉੱਥੇ ਕਮਰੇ ਉਸਾਰ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਨੂੰ 7 ਮਾਰਚ 2022, 18 ਜੁਲਾਈ 2022 ਅਤੇ 30 ਅਗਸਤ 2022 ਨੂੰ ਨਜਾਇਜ਼ ਕਬਜ਼ੇ ਖਤਮ ਕਰਾਉਣ ਅਤੇ ਨਿਸ਼ਾਨਦੇਹੀ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਨਿਗਮ ਵਲੋਂ ਨਜਾਇਜ਼ ਕਬਜ਼ੇ ਤਾਂ ਕੀ ਖ਼ਤਮ ਕਰਾਣੇ ਹਨ ਉਨ੍ਹਾਂ ਵੱਲੋਂ ਦਿੱਤੀਆਂ ਸ਼ਕਾਇਤਾਂ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਨਿਗਮ ਵਲੋਂ ਖਸਰਾ ਨੰਬਰ 995 ਦੀ 5560 ਗਜ ਜਮੀਨ ਸਰਕਾਰੀ ਸਕੂਲ ਦੇ ਖੇਡ ਮੈਦਾਨ ਲਈ ਰੱਖੀ ਸੀ ਅਤੇ ਹਲਕੇ ਦੇ ਕੌਂਸਲਰ ਡਾ: ਹਰੀ ਸਿੰਘ ਬਰਾੜ ਵੱਲੋਂ ਨਿੱਜੀ ਦਿਲਚਸਪੀ ਲੈ ਕੇ ਇਸ ਵਿੱਚੋਂ ਕੁਝ ਜ਼ਮੀਨ ਸਕੂਲ ਦੇ ਖੇਡ ਮੈਦਾਨ ਲਈ ਅਲਾਟ ਕੀਤੀ ਗਈ ਹੈ ਜਦਕਿ ਬਕਾਇਆ ਰਹਿੰਦੀ ਜ਼ਮੀਨ ਉੱਪਰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲੋਕਾਂ ਦਾ ਕਬਜ਼ਾ ਹੈ।
ਉਨ੍ਹਾਂ ਇਸ ਸਾਰੇ ਮਾਮਲੇ ਦੇ ਦਸਤਾਵੇਜ਼ ਦਿਖਾਉਂਦੇ ਹੋਏ ਦੱਸਿਆ ਕਿ ਸੁਸਾਇਟੀ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲਕੇ ਇਸ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਵਾਸਤੇ ਕਿਹਾ ਸੀ ਅਤੇ ਨਿਗਮ ਵੱਲੋਂ ਮਾਲ ਵਿਭਾਗ ਨੇ ਨਿਸ਼ਾਨਦੇਹੀ ਵੀ ਕੀਤੀ ਸੀ ਪਰ ਉਸਦੀ ਰਿਪੋਰਟ ਵੀ ਠੰਡੇ ਬਸਤੇ ਵਿੱਚ ਪਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਲਾਕਾ ਨਿਵਾਸੀਆਂ ਨੇ ਹਲਕੇ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਮਿਲਕੇ ਵੀ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਅਤੇ ਉਨ੍ਹਾਂ ਨੇ ਪਹਿਲ ਦੇ ਆਧਾਰ ਤੇ ਇਸਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਉਨ੍ਹਾਂ ਵੀ ਇਸ ਬਾਰੇ ਕੋਈ ਕਾਰਵਾਈ ਨਹੀਂ ਕਰਵਾਈ ਜਿਸ ਕਾਰਨ ਕਾਬਜਾਂ ਦੇ ਹੌਸਲੇ ਬੁਲੰਦ ਹਨ।
ਉਨ੍ਹਾਂ ਦੱਸਿਆ ਪਿਛਲੀ ਸਰਕਾਰ ਦੇ ਇਕ ਸਾਬਕਾ ਮੰਤਰੀ ਅਧਿਕਾਰੀ ਦੇ ਚਹੇਤੇ ਅਫ਼ਸਰ ਦੀ ਮਿਲੀਭੁਗਤ ਨਾਲ ਇਹ ਕਬਜ਼ਾ ਕੀਤਾ ਗਿਆ ਹੈ ਜੋ ਕਿ ਅੱਜ ਕੱਲ੍ਹ ਇਥੋਂ ਤਬਦੀਲ ਹੋ ਕੇ ਕਿਸੇ ਹੋਰ ਜਿਲ੍ਹੇ ਵਿੱਚ ਉੱਚ ਅਸਾਮੀ ਤੇ ਤੈਨਾਤ ਹੈ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਕਾਰਵਾਈ ਕਰਦਿਆਂ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਦਾ ਨਜਾਇਜ਼ ਕਬਜ਼ਾ ਖਤਮ ਕਰਾ ਕੇ ਕਸੂਰਵਾਰ ਅਧਿਕਾਰੀ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ। ਉਨ੍ਹਾਂ ਇਸ ਜ਼ਮੀਨ ਉੱਪਰ ਲਈਅਰ ਵੈਲੀ ਬਣਾ ਕੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਪਾਰਕ ਦੀ ਮੰਗ ਵੀ ਪੂਰੀ ਕਰਨ ਲਈ ਕਿਹਾ ਹੈ ਕਿਉਂਕਿ ਇਲਾਕੇ ਵਿੱਚ ਕੋਈ ਵੀ ਪਾਰਕ ਨਾ ਹੋਣ ਕਾਰਨ ਲੋਕਾਂ ਨੂੰ ਸੈਰ ਲਈ ਕਾਫੀ ਮੁਸ਼ਕਿਲ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੁੱਤਿਆਂ ਲਈ ਤਾਂ ਪਾਰਕ ਬਣਾਏ ਜਾ ਰਹੇ ਹਨ ਪਰ ਸੁਨੇਤ ਦੇ ਲੋਕਾਂ ਲਈ ਕੋਈ ਪਾਰਕ ਨਹੀਂ ਹੈ। ਹਰਜੀਤ ਸਿੰਘ ਨੇ ਕਿਹਾ ਕਿ ਇੱਥੇ ਲੱਗੇ ਗੰਦਗੀ ਅਤੇ ਕੂੜੇ ਦੇ ਖਤਮ ਕਰਾਏ ਜਾਣ। ਉਨ੍ਹਾਂ ਨਗਰ ਨਿਗਮ ਨੂੰ ਤਾੜਨਾ ਕੀਤੀ ਕਿ ਜੇਕਰ ਨਗਰ ਨਿਗਮ ਵੱਲੋਂ ਇਲਾਕਾ ਨਿਵਾਸੀਆਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਨਗਰ ਨਿਗਮ ਜੋਨ ਡੀ ਦੇ ਬਾਹਰ ਅਗਲੇ ਸੋਮਵਾਰ ਨੂੰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸਤੋਂ ਨਿਕਲਣ ਵਾਲੇ ਸਿੱਟਿਆਂ ਲਈ ਅਧਿਕਾਰੀ ਜ਼ਿੰਮੇਵਾਰ ਹੋਣਗੇ। ਇਸ ਮੌਕੇ ਕੌਂਸਲਰ ਡਾ ਹਰੀ ਸਿੰਘ ਬਰਾੜ, ਅਜੈਬ ਸਿੰਘ, ਹਰਦੇਵ ਸਿੰਘ, ਜੋਹਨ ਸਿੰਘ, ਅਵਤਾਰ ਸਿੰਘ ਤਾਰੀ, ਹਰਜਿੰਦਰ ਸਿੰਘ, ਸਤਨਾਮ ਸਿੰਘ, ਅਸ਼ਵਨੀ ਕੁਮਾਰ, ਅਮਨਦੀਪ ਸਿੰਘ ਖੰਗੂੜਾ, ਅਸ਼ਵਨੀ ਕੁਮਾਰ ਮਨੋਹਰ ਸਿੰਘ, ਤਾਰਾ ਸਿੰਘ, ਭਗਵੰਤ ਸਿੰਘ, ਪ੍ਰਦੀਪ ਸਿੰਘ, ਨਰੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *