DMT : ਲੁਧਿਆਣਾ : (08 ਮਾਰਚ 2023) : – ਇਹ ਦਸਦਿਆਂ ਸਾਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਸਤਿਗੁਰੂ ਉਦੇ ਸਿੰਘ ਜੀ ਦੀ ਸ੍ਰਪਰਸਤੀ ਹੇਠ ਇਸ ਵਰ੍ਹੇ ਦੇ ਸਾਲਾਨਾ ਹੋਲੇ-ਮੁਹੱਲੇ ਦੌਰਾਨ ਸਰਬ ਧਰਮ ਸੰਮੇਲਨ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ 9 ਮਾਰਚ 2023 ਨੂੰ ਸ੍ਰੀ ਭੈਣੀ ਸਾਹਿਬ, (ਲੁਧਿਆਣਾ) ਵਿਖੇ ਕਰਵਾਉਣ ਜਾ ਰਹੇ ਹਾਂ। ਇਹ ਸਰਬ ਧਰਮ ਸੰਮੇਲਨ ਸੰਸਾਰ ਭਰ ਵਿਚ ਅਮਨ, ਸ਼ਾਂਤੀ ਅਤੇ ਮਨੁੱਖੀ ਸਦਭਾਵਨਾ ਨੂੰ ਸਮਰਪਿਤ ਹੋਵੇਗਾ।
ਇਤਿਹਾਸ ਵਿਚ ਬਸਤੀਵਾਦੀ ਦੌਰ ਦੌਰਾਨ ਨਾਮਧਾਰੀ ਸੰਪਰਦਾ ਨੇ ਆਪਣੀਆਂ ਸ਼ਾਨਦਾਰ ਰਵਾਇਤਾਂ ਕਾਇਮ ਰੱਖਦਿਆਂ ਸਮਾਜ ਸੇਵਾ ਦੇ ਨਾਲ-ਨਾਲ ਮਨੁੱਖੀ ਆਜ਼ਾਦੀ, ਬਰਾਬਰਤਾ ਅਤੇ ਔਰਤਾਂ ਨੂੰ ਬਰਾਬਰ ਦਾ ਸਨਮਾਨ ਦੇਣ ਦੀ ਮੁਹਿੰਮ ਚਲਾਈ। ਨਾਮਧਾਰੀ ਸੰਪਰਦਾ ਦੀ ਨੀਂਹ ਅਧਿਆਤਮ ਅਤੇ ਗੁਰਬਾਣੀ ‘ਤੇ ਟਿਕੀ ਹੋਈ ਹੈ। ਸਤਿਗੁਰੂ ਰਾਮ ਸਿੰਘ ਜੀ ਨੂੰ ਆਜ਼ਾਦੀ ਸੰਗਰਾਮ ਦੌਰਾਨ ਨਾ-ਮਿਲਵਰਤਣ ਲਹਿਰ ਦੇ ਬਾਨੀ ਵਜੋਂ ਜਾਣਿਆ ਜਾਂਦਾ ਹੈ। ਸਮਾਜ ਸੁਧਾਰ ਲਹਿਰ ਦੌਰਾਨ ਵਿਧਵਾਵਾਂ ਦੇ ਵਿਆਹ ਦੀ ਰਵਾਇਤ ਤੋਰ ਕੇ ਉਨ੍ਹਾਂ ਵੱਡਾ ਇਨਕਲਾਬੀ ਕਦਮ ਪੁੱਟਿਆ। ਨਾਮਧਾਰੀ ਸੰਗਤ ਇਸ ਗੱਲ ਵਿਚ ਵੀ ਯਕੀਨ ਕਰਦੀ ਹੈ ਕਿ ਮਨ ਦੀ ਸ਼ਾਂਤੀ ਅਤੇ ਅਧਿਆਤਮ ਵਿਚ ਲੀਨ ਹੋਣ ਲਈ ਸੰਗੀਤ ਅਹਿਮ ਭੂਮਿਕਾ ਨਿਭਾਉਂਦਾ ਹੈ। ਨਾਮਧਾਰੀ ਸੰਗੀਤ ਘਰਾਣੇ ਨੇ ਇਹ ਮਾਣ ਹਾਸਲ ਕਰਦਿਆਂ ਨਵੀਂਆਂ ਉਚਾਈਆਂ ਨੂੰ ਛੋਹਿਆ ਹੈ।
ਅਕਾਲ ਪੁਰਖ ਦੀ ਸਭ ਤੋਂ ਉੱਤਮ ਰਚਨਾ ਮਨੁੱਖ ਇਨ੍ਹੀਂ ਦਿਨੀਂ ਬਹੁਤ ਭਿਆਨਕ ਦੌਰ ਦਾ ਸਾਹਮਣਾ ਕਰ ਰਿਹਾ ਹੈ। ਆਪਣੀ ਹੀ ਹਊਮੈ ਦਾ ਸ਼ਿਕਾਰ ਮਨੁੱਖ ਲੋਭ, ਮੋਹ, ਮਾਇਆ, ਨਫ਼ਰਤ ਅਤੇ ਹਿੰਸਾ ਵਿਚ ਧੱਸਦਾ ਜਾ ਰਿਹਾ ਹੈ। ਦੁਨੀਆ ਦੇ ਹਰ ਹਿੱਸੇ ਵਿਚ ਪੱਸਰੀ ਅਸਥਿਰਤਾ, ਬੇਚੈਨੀ ਭਿਆਨਕ ਰੂਪ ਅਖ਼ਤਿਆਰ ਕਰ ਚੁੱਕੀ ਹੈ। ਸੰਸਾਰ ਨੂੰ ਅੱਜ ਸ਼ਾਂਤੀ, ਸਹਿਣਸ਼ੀਲਤਾ, ਸਚਾਈ, ਮਾਨਸਿਕ ਸੰਤੁਸ਼ਟੀ, ਨੈਤਿਕਤਾ ਅਤੇ ਦਿਆਨਤਦਾਰੀ ਦਾ ਸੁਨੇਹਾ ਦੇਣ ਦੀ ਜ਼ਰੂਰਤ ਹੈ। ਅਧਿਆਤਮ ਅਤੇ ਪਿਆਰ ਨਾਲ ਹੀ ਇਨ੍ਹਾਂ ਅਲਾਮਤਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਦੀ ਪ੍ਰਾਪਤੀ ਲਈ ਧਰਮ ਹੀ ਇਕੋ-ਇਕ ਮਾਰਗ ਹੈ। ਸਾਂਝੀਵਾਲਤਾ, ਸੁੱਖ-ਸ਼ਾਂਤੀ, ਏਕਤਾ ਹੀ ਚੰਗੇ ਸਮਾਜ ਦੀ ਮਜ਼ਬੂਤ ਨੀਂਹ ਰੱਖ ਸਕਦੇ ਹਨ। ਇਸੇ ਮਕਸਦ ਨਾਲ ਹੀ ਇਹ ਸੰਮੇਲਨ ਕਰਵਾਇਆ ਜਾ ਰਿਹਾ ਹੈ।
ਇਸ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਸਾਰੇ ਧਰਮਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਗਿਆ ਹੈ। ਰਾਧਾ ਸਵਾਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਮਹਾਰਾਜ, ਆਚਾਰੀਯ ਸਵਾਮੀ ਮਹਾਂਮੰਡਲੇਸ਼ਵਰ ਅਵਧੇਸ਼ਾਨੰਦ ਗਿਰੀ ਜੀ ਮਹਾਰਾਜ, ਆਚਾਰੀਯ ਲੋਕੇਸ਼ ਜੈਨ ਮੁਨੀ ਜੀ, ਗਿਆਨੀ ਪ੍ਰਤਾਪ ਸਿੰਘ ਜੀ (ਸਾਬਕਾ ਮੁੱਖ ਗ੍ਰੰਥੀ ਤਖਤ ਸ੍ਰੀ ਹਜ਼ੂਰ ਸਾਹਿਬ, ਸਾਧੂ ਮੁਨੀ ਵਤਸਲ ਦਾਸ ਸਵਾਮੀ ਜੀ, ਮਿਸਟਰ ਕੈਨਫੋ ਕਿਨਲੇ ਗੈਲਸਨ ਜੀ (ਬੁੱਧ ਧਰਮ), ਸੰਤ ਗਿਆਨੀ ਇੰਦਰਜੀਤ ਸਿੰਘ ਜੀ (ਰਕਬੇ ਵਾਲੇ), ਹਾਜੀ ਸਈਅਦ ਸਲਮਾਨ ਚਿਸ਼ਤੀ (ਗੱਦੀ ਨਸ਼ੀਨ ਦਰਗਾਹ ਅਜਮੇਰ ਸ਼ਰੀਫ), ਮੁਹਮੰਦ ਉਸਮਾਨ ਰਹਿਮਾਨ ਲੁਧਿਆਣਵੀ ਜੀ (ਸ਼ਾਹੀ ਇਮਾਮ) ਅਤੇ ਸਿੱਖ ਸੰਤ ਸਮਾਜ ਨੇ ਇਸ ਸਮਾਗਮ ਵਿੱਚ ਸ਼ਾਮਲ ਹੋ ਰਹੇ ਹਨ।
ਆਪ ਜੀ ਨੂੰ ਅਤੇ ਆਪ ਜੀ ਦੀ ਸਮੁੱਚੀ ਮੀਡੀਆ ਟੀਮ ਨੂੰ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਸ਼ਮੂਲੀਅਤ ਵਾਸਤੇ ਸੱਦਾ ਦੇ ਰਹੇ ਹਾਂ।