ਪਟਿਆਲਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਵੱਡੇ ਪੱਧਰ ‘ਤੇ ਕਾਰਵਾਈ

Patiala Punjabi
  • 950 ਲਿਟਰ ਲਾਹਣ, 420 ਬੋਤਲਾਂ ਤੇ 16 ਕਿੱਲੋ ਗਾਂਜੇ ਸਮੇਤ ਚਾਲੂ ਭੱਠੀਆਂ ਵੀ ਫੜੀਆਂ
  • ਕਾਲੇ ਕਾਰੋਬਾਰ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਐਸ.ਐਸ.ਪੀ. ਦੁੱਗਲ
  • ਐਸ.ਐਸ.ਪੀ. ਦੀ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ

DMT : ਰਾਜਪੁਰਾ/ਘਨੌਰ/ਪਟਿਆਲਾ : (01 ਅਗਸਤ 2020): – ਪਟਿਆਲਾ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਸਬ ਡਵੀਜਨ ਰਾਜਪੁਰਾ ਅਤੇ ਘਨੌਰ ਵਿਖੇ ਇੱਕ ਵਿਸ਼ੇਸ਼ ਸਰਚ ਆਪ੍ਰੇਸਨ ਚਲਾ ਕੇ 950 ਲਿਟਰ ਲਾਹਣ, 420 ਬੋਤਲਾਂ ਸ਼ਰਾਬ ਤੇ 16 ਕਿੱਲੋ ਗਾਂਜਾ ਬਰਾਮਦ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਐਸ.ਪੀ (ਡੀ) ਸ੍ਰੀ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠਲੀਆਂ 10 ਟੀਮਾਂ ਵੱਲੋਂ ਦੇਰ ਸ਼ਾਮ ਤੱਕ ਛਾਪੇਮਾਰੀ ਜਾਰੀ ਰਹੀ। ਸ੍ਰੀ ਦੁੱਗਲ ਨੇ ਨਸ਼ਿਆਂ ਦੇ ਕਾਲੇ ਕਾਰੋਬਾਰ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਉਹ ਆਪਣੇ ਗ਼ੈਰਕਾਨੂੰਨੀ ਧੰਦੇ ਬੰਦ ਕਰ ਦੇਣ ਵਰਨਾ ਅਜਿਹੇ ਗ਼ੈਰ ਸਮਾਜੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਟੀਮਾਂ ਨੇ ਸਬ-ਡਵੀਜਨ ਰਾਜਪੁਰਾ ਅਤੇ ਘਨੌਰ ‘ਚ ਜੀ.ਟੀ.ਰੋਡ ‘ਤੇ ਪੈਦੇ ਸਾਰੇ ਢਾਬੇ, ਵੇਅਰ ਹਾਊਸ ਅਤੇ ਗੋਦਾਮਾ ‘ਤੇ ਛਾਪੇਮਾਰੀ ਕਰਕੇ ਬਨੂੰੜ ਤੇਪਲਾ ਰੋਡ ‘ਤੇ ਪੈਦੇ ਝਿੱਲਮਲ ਢਾਬਾ ਤੋਂ 200 ਲੀਟਰ ਲਾਹਣ ਬ੍ਰਾਮਦ ਕੀਤੀ ਪਰੰਤੂ ਢਾਬੇ ਦਾ ਮਾਲਕ ਬਿੱਟੂ ਜਲਵੇੜਾ ਤੇ ਨਰਿੰਦਰ ਸਿੰਘ ਭਗੌੜੇ ਹੋ ਗਏ, ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਸ ਸਬੰਧੀਂ ਮੁਕੱਦਮਾ ਨੰਬਰ 91 ਮਿਤੀ 01-08-2020 ਅ/ਧ 420 ਆਈ.ਪੀ.ਸੀ ਅਤੇ 61/01/14 ਐਕਸਾਇਜ ਐਕਟ ਥਾਣਾ ਬਨੂੰੜ ਦਰਜ ਕੀਤਾ ਗਿਆ।
ਸ੍ਰੀ ਦੁੱਗਲ ਨੇ ਹੋਰ ਦੱਸਿਆ ਕਿ ਇਸੇ ਤਰ੍ਹਾਂ ਅਜੀਜਪੁਰ ਟੋਲ ਪਲਾਜਾ ਨੇੜੇ ਗਰੀਨ ਢਾਬਾ ‘ਤੇ ਰੇਡ ਕੀਤੀ ਅਤੇ ਗੁਰਜੰਟ ਸਿੰਘ ਵਾਸੀ ਸੇਖਨ ਮਾਜਰਾ ਦੇ ਢਾਬੇ ਤੋਂ ਵੱਖ-2 ਢੋਲਾਂ ਚੋਂ 200 ਲੀਟਰ ਡੀਜਲ ਬ੍ਰਾਮਦ ਹੋਇਆ ਜਿਸ ਦੀ ਅਗਲੀ ਤਫ਼ਤੀਸ਼ ਤੇ ਕਾਰਵਾਈ ਲਈ ਥਾਣਾ ਜੀਰਕਪੁਰ ਨੂੰ ਸੂਚਿਤ ਕੀਤਾ ਗਿਆ।
ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਸਰਕਲ ਘਨੌਰ ਦੇ ਪਿੰਡ ਬਘੌਰਾ ਵਿਖੇ ਪੁਲਿਸ ਦੀਆਂ ਟੀਮਾਂ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਸਤਨਾਮ ਸਿੰਘ ਪੁੱਤਰ ਬਲਬੀਰ ਸਿੰਘ ਪਾਸੋਂ 100 ਲੀਟਰ, ਰੇਸਮ ਸਿੰਘ ਪੁੱਤਰ ਰਣਜੀਤ ਸਿੰਘ ਪਾਸੋਂ 200 ਲੀਟਰ ਅਤੇ ਲਖਵਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਕੋਲੋਂ 100 ਲੀਟਰ ਲਾਹਣ ਬ੍ਰਾਮਦ ਹੋਈ। ਇਸ ਤੋਂ ਇਲਾਵਾ ਪਰਮਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਤੋਂ 150 ਲੀਟਰ ਲਾਹਣ ਤੇ ਚਲਦੀ ਭੱਠੀ ਅਤੇ ਬਲਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਤੋਂ 200 ਲੀਟਰ ਲਾਹਣ ਤੇ ਚੱਲਦੀ ਭੱਠੀ ਬ੍ਰਾਮਦ ਹੋਈ, ਇਨ੍ਹਾਂ ਵਿਰੁੱਧ ਵੀ ਮੁਕੱਦਮੇ ਦਰਜ ਕੀਤੇ ਗਏ।
ਸ੍ਰੀ ਦੁੱਗਲ ਨੇ ਹੋਰ ਦੱਸਿਆ ਕਿ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਹਾੜੀਆ ਥਾਣਾ ਕੂੰਮਕਲਾ ਜਿਲਾ ਲੁਧਿਆਣਾ ਪਾਸੋਂ 420 ਬੋਤਲਾਂ ਮਾਰਕਾ ਫਸਟ ਚੁਆਇਸ ਸ਼ਰਾਬ ਬ੍ਰਾਮਦ ਹੋਈ, ਜਿਸ ‘ਤੇ ਮੁਕੱਦਮਾ ਨੰਬਰ 69 ਮਿਤੀ 01-08-2020 ਅ/ਧ 61/01/14 ਐਕਸਾਇਜ ਐਕਟ ਥਾਣਾ ਘਨੌਰ ਦਰਜ ਕੀਤਾ ਗਿਆ।
ਐਸ.ਐਸ.ਪੀ. ਨੇ ਕਿਹਾ ਕਿ ਇਸੇ ਤਰ੍ਹਾਂ ਥਾਣਾ ਸੰਭੂ ਦੀ ਪੁਲਿਸ ਪਾਰਟੀ ਵੱਲੋਂ ਪਰਮਵੀਰ ਸੈਣੀ ਪੁੱਤਰ ਪੁਲਾਣ ਸੈਣੀ, ਅਰੁਣ ਸੈਣੀ ਪੁੱਤਰ ਲੀਵਾ ਲਾਲ ਵਾਸੀ ਕੋਲੋਂ 16 ਕਿਲੋ ਗਾਂਜਾ ਬ੍ਰਾਮਦ ਕੀਤਾ ਗਿਆ ਜਿਸ ‘ਤੇ ਮੁਕੱਮਦਾ ਨੰਬਰ 82 ਮਿਤੀ 01-08-2020 ਅ/ਧ 20/61/85 ਐਨ.ਡੀ.ਪੀ.ਐਸ ਐਕਟ ਥਾਣਾ ਸੰਭੂ ਦਰਜ ਰਜਿਸਟਰ ਕੀਤਾ ਗਿਆ ਹੈ। ਇਸ ਛਾਪਾਮਾਰੀ ਦੌਰਾਨ ਡੀ.ਐਸ.ਪੀ. ਜਾਂਚ ਸ੍ਰੀ ਕੇ.ਕੇ. ਪਾਂਥੇ, ਡੀ.ਐਸ.ਪੀ. ਰਾਜਪੁਰਾ ਗੁਰਵਿੰਦਰ ਸਿੰਘ, ਡੀ.ਐਸ.ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ ਸਮੇਤ ਸਬੰਧਤ ਥਾਣਿਆਂ ਅਤੇ ਸੀ.ਆਈ.ਏ. ਸਟਾਫ਼ ਦੀਆਂ ਟੀਮਾਂ ਵੀ ਸ਼ਾਮਲ ਸਨ।

Share:

Leave a Reply

Your email address will not be published. Required fields are marked *