- ਧਰਮ ਇਨਸਾਨ ਨੂੰ ਜੋੜਣ ਦੀ ਗੱਲ ਕਰਦੇ ਹਨ ਤੋੜਣ ਦੀ ਨਹੀਂ : ਸ਼ਾਹੀ ਇਮਾਮ ਪੰਜਾਬ
DMT : ਲੁਧਿਆਣਾ : (19 ਅਪ੍ਰੈਲ 2023) : – ਬੀਤੀ ਰਾਤ ਜਾਮਾ ਮਸਜਿਦ ਲੁਧਿਆਣਾ ‘ਚ ਖਤਮ ਕੁਰਾਨ ਪਾਕ ਦੇ ਮੌਕੇ ‘ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹਮੰਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਦਾ ਪਵਿੱਤਰ ਮਹੀਨਾ ਇੱਕ ਇੰਕਲਾਬੀ ਇਬਾਦਤ ਹੈ, ਇਹ ਇੱਥੇ ਇਨਸਾਨ ਨੂੰ ਬੁਰਾਈ ਛੱਡ ਕੇ ਚੰਗਿਆਈ ਵੱਲ ਆਉਣ ਲਈ ਪ੍ਰੇਰਿਤ ਕਰਦਾ ਹੈ, ਉੱਥੇ ਹੀ ਇਹ ਪਵਿੱਤਰ ਮਹੀਨਾ ਕੁਰਾਨ ਸਰੀਫ ਦੇ ਨਾਜਿਲ ਹੋਣ ਦਾ ਵੀ ਹੈ, ਇਸ ਮਹੀਨੇ ‘ਚ ਅੱਲਾਹ ਨੇ ਆਪਣੀ ਇਹ ਕਿਤਾਬ (ਕੁਰਾਨ ਸਰੀਫ) ਆਖਿਰੀ ਨਬੀ ਹਜਰਤ ਮੁਹਮੰਦ ਸਾਹਿਬ ਸੱਲਹਲੱਾਹੂ ਅਲੈਹਿਵਸਲੱਮ ਤੇ ਨਾਜਿਲ ਫਰਮਾਈ | ਸ਼ਾਹੀ ਇਮਾਮ ਨੇ ਕਿਹਾ ਕਿ ਪਵਿੱਤਰ ਕੁਰਾਨ ਵਿਸ਼ਵ ਭਰ ਦੇ ਇਨਸਾਨਾਂ ਲਈ ਰਹਿਮਤ ਦਾ ਪੈਗਾਮ ਹੈ | ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਕੁਰਾਨ ਸਰੀਫ ਆਉਣ ਤੋਂ ਬਾਅਦ ਇਨਸਾਨਾਂ ‘ਚ ਬਰਾਬਰੀ ਆਉਣੀ ਸ਼ੁਰੂ ਹੋਈ | ਅਮੀਰ-ਗਰੀਬ, ਗੋਰੇ-ਕਾਲੇ, ਜਾਤ-ਪਾਤ ਦਾ ਖਾਤਮਾ ਹੋਇਆ | ਸ਼ਾਹੀ ਇਮਾਮ ਮੌਲਾਨਾ ਉਸਮਾਨ ਨੇ ਕਿਹਾ ਕਿ ਅੱਲਾਹ ਨੇ ਕੁਰਾਨ ਸਰੀਫ ‘ਚ ਆਪਣੇ ਬੰਦਿਆਂ ਨੂੰ ਕਹਿ ਦਿੱਤਾ ਹੈ ਕਿ ਉਹ ਇਨਸਾਨਿਅਤ ਦੀ ਸੇਵਾ ਨੂੰ ਸਭ ਤੋਂ ਵੱਡੀ ਇਬਾਦਤ ਸਮਝਣ | ਸ਼ਾਹੀ ਇਮਾਮ ਨੇ ਕਿਹਾ ਕਿ ਰਮਜਾਨ ਸ਼ਰੀਫ ਦੇ ਪਵਿੱਤਰ ਮਹੀਨੇ ‘ਚ ਮੁਸਲਮਾਨ ਕੁਰਾਨ ਪਾਕ ਸੁਣਕੇ ਉਸ ਅਜੀਮ ਰਿਵਾਇਤ ਨੂੰ ਕਾਇਮ ਰੱਖ ਰਹੇ ਹਨ ਜੋ ਕਿ ਸਰੀਯਤ ਦਾ ਹਿੱਸਾ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਸਾਨੂੰ ਗੁਨਾਹਾਂ ਨੂੰ ਤਿਆਗਣਾ ਹੋਵੇਗਾ, ਆਪਣੇ ਮਨ ਨੂੰ ਸਾਫ ਰੱਖਣਾ ਹੋਵੇਗਾ, ਨਫਰਤਾਂ ਨੂੰ ਖਤਮ ਕਰਨਾ ਹੋਵੇਗਾ, ਗਰੀਬਾਂ ਦਾ ਸਾਥ ਦੇਣਾ ਹੋਵੇਗਾ, ਮਾਂ-ਬਾਪ ਦੀ ਸੇਵਾ ਕਰਦੇ ਹੋਏ ਸਮਾਜ ਪ੍ਰਤੀ ਵਫਾਦਾਰੀ ਦਿਖਾਉਣੀ ਹੋਵੇਗੀ | ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕੁਰਾਨ ਸਰੀਫ ਨੂੰ ਤਰਜੁਮੇਂ (ਅਰਥ) ਦੇ ਨਾਲ ਪੜਣਾ ਚਾਹੀਦਾ ਤਾਂਕਿ ਤੁਸੀ ਇਹ ਸਮਝ ਸਕੋ ਕਿ ਇਲਾਹੀ ਪੈਗਾਮ ਤੁਹਾਨੂੰ ਕਿਸ ਤਰ੍ਹਾਂ ਸਿੱਧੇ ਰਸਤੇ ‘ਤੇ ਚਲਣਾ ਸਿਖਾਉਂਦਾ ਹੈ | ਉਨ੍ਹਾਂ ਕਿਹਾ ਕਿ ਅੱਜ ਸੋਸ਼ਲ ਮੀਡੀਆ ਦੇ ਦੌਰ ‘ਚ ਵੱਖ ਵੱਖ ਧਰਮਾਂ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਦਕਿ ਅਸੀਂ ਕਿਸੇ ਵੀ ਧਰਮ ਦੀ ਕਿਤਾਬ ਅਤੇ ਉਸਦੀ ਸਿਖਿਆਵਾਂ ਨੂੰ ਨੇੜਿਓ ਦੇਖਾਂਗੇੇ ਤਾਂ ਇਹ ਗੱਲ ਸਾਹਮਣੇ ਆਵੇਗੀ ਕਿ ਧਰਮ ਇਨਸਾਨ ਨੂੰ ਜੋੜਣ ਦੀ ਗੱਲ ਕਰਦੇ ਹਨ ਤੋੜਣ ਦੀ ਗੱਲ ਨਹੀਂ ਕਰਦੇ | ਖਤਮ ਕੁਰਾਨ ਦੇ ਮੌਕੇ ‘ਤੇ ਜਾਮਾ ਮਸਜਿਦ ਲੁਧਿਆਣਾ ‘ਚ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀਂ ਵੱਲੋਂ ਦੇਸ਼ ਭਰ ‘ਚ ਅਮਨ ਅਤੇ ਸ਼ਾਂਤੀ ਦੀ ਵਿਸ਼ੇਸ਼ ਦੁਆ ਵੀ ਕਰਵਾਈ ਗਈ |