‘ਪਸ਼ੂ ਪਾਲਣ ਮੇਲਾ’ ਚੌਗਿਰਦੇ ਅਨੁਕੂਲ ਪਸ਼ੂ ਪਾਲਣ ਕਰਨ ਦੇ ਸੁਨੇਹੇ ਨਾਲ ਹੋਇਆ ਸੰਪੂਰਨ

Ludhiana Punjabi

DMT : ਲੁਧਿਆਣਾ : (25 ਮਾਰਚ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਲਗਾਇਆ ਗਿਆ ਦੋ ਰੋਜ਼ਾ ‘ਪਸ਼ੂ ਪਾਲਣ ਮੇਲਾ’ ਅੱਜ ਪਸ਼ੂ ਪਾਲਣ ਕਿੱਤਿਆਂ ਨੂੰ ਚੌਗਿਰਦੇ ਦੀ ਸੰਭਾਲ ਨੂੰ ਧਿਆਨ ਵਿਚ ਰੱਖਦੇ ਹੋਏ ਪਸ਼ੂ ਪਾਲਣ ਕਰਨ ਅਤੇ ਖੁਸ਼ਹਾਲ ਸਮਾਜ ਸਿਰਜਣ ਦੇ ਸੁਨੇਹੇ ਨਾਲ ਸੰਪੂਰਨ ਹੋ ਗਿਆ।ਅੱਜ ਦੂਜੇ ਦਿਨ ਡਾ. ਸੁਖਪਾਲ ਸਿੰਘ, ਚੇਅਰਮੈਨ, ਪੰਜਾਬ ਰਾਜ ਕਿਸਾਨ ਅਤੇ ਖੇਤ ਕਿਰਤੀ ਕਮਿਸ਼ਨ ਬਤੌਰ ਮੁੱਖ ਮਹਿਮਾਨ ਪਧਾਰੇ। ਇਸ ਮੌਕੇ ਰਾਮਪਾਲ ਮਿੱਤਲ, ਨਿਰਦੇਸ਼ਕ ਪਸ਼ੂ ਪਾਲਣ ਵਿਭਾਗ, ਸ. ਕੁਲਦੀਪ ਸਿੰਘ ਜੱਸੋਵਾਲ, ਨਿਰਦੇਸ਼ਕ, ਡੇਅਰੀ ਵਿਕਾਸ ਵਿਭਾਗ ਅਤੇ ਡਾ. ਜਸਬੀਰ ਸਿੰਘ, ਨਿਰਦੇਸ਼ਕ, ਮੱਛੀ ਪਾਲਣ ਵਿਭਾਗ, ਪੰਜਾਬ ਨੇ ਵੀ ਸਮਾਗਮ ਦੀ ਸੋਭਾ ਵਧਾਈ।

          ਡਾ. ਸੁਖਪਾਲ ਸਿੰਘ ਨੇ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਘਰਾਂ ਦੀ ਮੰਦੀ ਹਾਲਤ ਬਾਰੇ ਬਹੁਤ ਵੇਦਨਾ ਭਰਪੂਰ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਮੁੱਚੇ ਸਮਾਜ ਨੂੰ ਅੱਗੇ ਆ ਕੇ ਇਸ ਸਥਿਤੀ ਨੂੰ ਬਦਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਖੇਤੀਬਾੜੀ ਨੀਤੀ ਕਿਸਾਨਾਂ ਲਈ ਅਤੇ ਸੂਬੇ ਲਈ ਬਹੁਤ ਲਾਹੇਵੰਦ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਨੀਤੀ ਨੂੰ ਹੋਰ ਬਿਹਤਰ ਬਨਾਉਣ ਲਈ ਆਪਣੇ ਸੁਝਾਅ ਦੇਣ।

          ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕੁੱਝ ਵਿਭਾਗ ਪਸ਼ੂ ਪਾਲਣ ਸਬੰਧੀ ਸੇਵਾਵਾਂ ਦਿੰਦੇ ਹਨ ਜਦਕਿ ਕੁਝ ਵਿਭਾਗ ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਨਵੇਂ ਉਤਪਾਦ ਤਿਆਰ ਕਰਨ ਸਬੰਧੀ ਸਿੱਖਿਅਤ ਵੀ ਕਰਦੇ ਹਨ। ਉਨਾ੍ ਕਿਹਾ ਕਿ ਇਸ ਤਰ੍ਹਾਂ ਦੇ ਕੰਮਾਂ ਨਾਲ ਘਰ ਬੈਠਿਆਂ ਹੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਤਿਆਂ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਇਨਾ੍ ਨੂੰ ਔਰਤਾਂ ਵੀ ਸੌਖਿਆਂ ਹੀ ਕਰ ਸਕਦੀਆਂ ਹਨ। ਉਨਾ੍ ਕਿਹਾ ਕਿ ਸਜਾਵਟੀ ਮੱਛੀਆਂ, ਮੱਛੀਆਂ ਲਈ ਐਕਵੇਰੀਅਮ, ਬੋਤਲ ਬੰਦ ਸੁਗੰਧਿਤ ਦੁੱਧ, ਲੱਸੀ, ਪਨੀਰ, ਮੀਟ ਅਤੇ ਆਂਡਿਆਂ ਦੇ ਆਚਾਰ, ਕੋਫਤੇ, ਪੈਟੀਆਂ, ਬਾਲ ਅਤੇ ਮੱਛੀ ਦੇ ਕੀਮੇ ਤੋਂ ਤਿਆਰ ਕੀਤੀਆਂ ਕਈ ਤਰ੍ਹਾਂ ਦੀਆਂ ਸੁਆਦੀ ਵੰਨਗੀਆਂ ਬਣਾਈਆਂ ਜਾ ਸਕਦੀਆਂ ਹਨ।ਯੂਨੀਵਰਸਿਟੀ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ, ਪਸ਼ੂਧਨ ਉਤਪਾਦ ਤੇ ਤਕਨਾਲੋਜੀ ਵਿਭਾਗ ਵੱਲੋਂ ਵੱਖ-ਵੱਖ ਕਿਸਮ ਦੇ ਦੁੱਧ, ਮੀਟ ਅਤੇ ਆਂਡਿਆਂ ਦੇ ਕਈ ਉਤਪਾਦ ਤਿਆਰ ਕੀਤੇ ਗਏ ਸਨ ਜਦਕਿ ਫ਼ਿਸ਼ਰੀਜ਼ ਕਾਲਜ ਵੱਲੋਂ ਵੀ ਵੱਡੀ ਗਿਣਤੀ ਵਿਚ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਸਨ। ਡਾ. ਬਰਾੜ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੇ ਪਸ਼ੂ ਪਾਲਣ ਕਿੱਤਿਆਂ ਨੂੰ ਬਿਹਤਰ ਬਨਾਉਣ ਅਤੇ ਵਿਗਿਆਨਕ ਤਕਨੀਕਾਂ ਨੂੰ ਅਪਨਾਉਣ ਵਿੱਚ ਆਪਣੀ ਚੰਗੀ ਰੁਚੀ ਜ਼ਾਹਿਰ ਕੀਤੀ।

          ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ ਨੇ ਆਪਣਾ ਗਿਆਨ ਤੇ ਜਾਣਕਾਰੀਆਂ ਪਸ਼ੂ ਪਾਲਕਾਂ ਨੂੰ ਦਿੱਤੀਆਂ।ਪਸ਼ੂ ਆਹਾਰ ਵਿਭਾਗ ਨੇ ਪਸ਼ੂਆਂ ਦੇ ਸੁਚੱਜੇ ਖੁਰਾਕ ਪ੍ਰਬੰਧ ਲਈ ਕਈ ਨਵੀਆਂ ਤਕਨੀਕਾਂ ਜਿਵੇਂ ਬਾਈਪਾਸ ਫੈਟ, ਪਸ਼ੂ ਚਾਟ ਅਤੇ ਧਾਤਾਂ ਦਾ ਚੂਰਾ ਆਦਿ ਵਿਕਸਿਤ ਕੀਤੀਆਂ ਹਨ। ਪਸ਼ੂ ਆਹਾਰ ਤਿਆਰ ਕਰਨ ਵਾਸਤੇ ਪਸ਼ੂ ਪਾਲਕਾਂ ਨੂੰ ਸੰਤੁਲਿਤ ਮਿਕਦਾਰ ਬਾਰੇ ਵੀ ਦੱਸਿਆ ਗਿਆ। ਪਸ਼ੂ ਪ੍ਰਜਣਨ ਵਿਭਾਗ ਨੇ ਪਸ਼ੂਆਂ ਦੇ ਨਾ ਠਹਿਰਣ, ਵਾਰ ਵਾਰ ਫਿਰ ਜਾਣ ਆਦਿ ਵਰਗੀਆਂ ਉਲਝਣਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਸਮੱਸਿਆਵਾਂ ’ਤੇ ਕਾਬੂ ਪਾਉਣ ਵਾਸਤੇ ਜਾਗਰੂਕ ਕੀਤਾ। ਮਸਨੂਈ ਗਰਭਦਾਨ ਦੇ ਫਾਇਦਿਆਂ ਬਾਰੇ ਵੀ ਕਿਸਾਨਾਂ ਨੂੰ ਦੱਸਿਆ ਗਿਆ। ਫਿਸ਼ਰੀਜ ਕਾਲਜ, ਵੱਲੋਂ ਵੱਖ-ਵੱਖ ਕਿਸਮਾਂ ਦੀਆਂ ਪਾਲਣਯੋਗ ਮੱਛੀਆਂ ਜਿਵੇਂ ਕਿ ਕਾਰਪ ਮੱਛੀ, ਕੈਟ ਮੱਛੀ, ਝੀਂਗਾ ਮੱਛੀ ਅਤੇ ਸਜਾਵਟੀ ਮੱਛੀਆਂ ਦੀ ਪ੍ਰਦਰਸ਼ਨੀ ਲਗਾਈ ਗਈ। ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵੱਲੋਂ ਦੁੱਧ ਦੀ ਗੁਣਵੱਤਾ ਵਧਾ ਕੇ ਮਿੱਠੀ ਤੇ ਨਮਕੀਨ ਲੱਸੀ, ਦੁੱਧ, ਪਨੀਰ, ਬਰਫੀ ਤੇ ਹੋਰ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ।ਪਸ਼ੂ ਉਤਪਾਦ ਤਕਨਾਲੋਜੀ ਵਿਭਾਗ ਵੱਲੋਂ ਮੀਟ ਦੇ ਉਤਪਾਦ ਤਿਆਰ ਕੀਤੇ ਗਏ। ਯੂਨੀਵਰਸਿਟੀ ਦੇ ਵਨ ਹੈਲਥ ਕੇਂਦਰ ਨੇ ਲੋਕਾਂ ਨੂੰ ਅਤੇ ਪਾਲਤੂ ਜਾਨਵਰ ਰੱਖਣ ਵਾਲੇ ਮਾਲਕਾਂ ਨੂੰ ਪਸ਼ੂਆਂ ਤੋਂ ਜਾਨਵਰਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਬਾਰੇ ਆਗਾਹ ਕੀਤਾ।

          ਪਸ਼ੂਆਂ ਦੀ ਸਿਹਤ ਸਮੱਸਿਆਵਾਂ ਲਈ ਕੰਮ ਕਰਦੇ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਦੇ ਮਾਹਿਰਾਂ ਨੇ ਪਸ਼ੂ ਪਾਲਕਾਂ ਨੂੰ ਦੱਸਿਆ ਕਿ ਉਹ ਕਿਸੇ ਵੀ ਤਰਾ੍ਹਂ ਦੀ ਸਕੈਨਿੰਗ, ਅਪਰੇਸ਼ਨ ਸਬੰਧੀ, ਕਲੀਨੀਕਲ ਜਾਂ ਦਵਾਈ ਸਬੰਧੀ ਜਾਂਚ ਕਰਵਾ ਸਕਦੇ ਹਨ। ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ‘‘ਡੇਅਰੀ ਫਾਰਮਿੰਗ’, ‘‘ਪਸ਼ੂਆਂ ਦੀਆਂ ਸਿਹਤ ਸੰਭਾਲ ਅਤੇ ਪਾਲਣ ਸਬੰਧੀ ਸਿਫਾਰਿਸ਼ਾਂ’, ਮਹੀਨੇਵਾਰ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਵੀ ਕਿਸਾਨਾਂ ਦੀ ਖਿੱਚ ਦਾ ਕੇਂਦਰ ਰਹੇ।

          ਇਸ ਮੌਕੇ ਮੁਹਤਬਰ ਸ਼ਖ਼ਸੀਅਤਾਂ ਵੱਲੋਂ ‘ਡੇਅਰੀ ਫਾਰਮਿੰਗ’ ਅਤੇ ‘ਆਰਟੀਫੀਸ਼ੀਅਲ ਇੰਟੈਲੀਜੈਂਸ, ਪ੍ਰਜਣਨ ਪ੍ਰਬੰਧ’ ਸੰਬੰਧੀ ਐਪਸ, ਵਿਭਿੰਨ ਫੋਲਡਰ ਅਤੇ ਸਾਹਿਤ ਗਿਆਨ ਲੋਕ ਅਰਪਣ ਕੀਤਾ ਗਿਆ।

          ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ, ਦਵਾਈਆਂ, ਮਸ਼ੀਨਰੀ, ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮਹਿਕਮਿਆਂ ਤੇ ਯੂਨੀਵਰਸਿਟੀ ਨਾਲ ਜੁੜ ਕੇ ਕੰਮ ਕਰ ਰਹੀਆਂ ਜਥੇਬੰਦੀਆਂ ਦੇ 100 ਤੋਂ ਵਧੇਰੇ ਸਟਾਲ ਲੱਗੇ ਹੋਏ ਸਨ। ਇਨ੍ਹਾਂ ਸਟਾਲਾਂ ਵਿੱਚੋਂ ਪ੍ਰੋਗਰੈਸਿਵ ਡੇਅਰੀ ਸੋਲਿਊਸ਼ਨਜ਼ ਨੂੰ ਪਹਿਲਾ, ਲਾਈਵਸਟਾਕ ਸੋਲਿਊਸ਼ਨਜ਼ ਨੂੰ ਦੂਸਰਾ, ਲੁਟਿਨ ਫਾਰਮਾ ਨੂੰ ਤੀਸਰਾ ਜਦਕਿ ਡਾਇਨਾਮਿਕ  ਇਕਵਿਪਮੈਂਟ ਨੂੰ ਹੌਸਲਾ ਵਧਾਊ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ ਗਿਆ। ਯੂਨੀਵਰਸਿਟੀ ਸ਼੍ਰੇਣੀ ਵਿਚ ਵੈਟਨਰੀ ਗਾਇਨਾਕੋਲੋਜੀ ਵਿਭਾਗ ਨੂੰ ਪਹਿਲਾ, ਲਾਈਵਸਟਾਕ ਪ੍ਰੋਡਕਸ਼ਨ ਮੈਨੇਜਮੈਂਟ ਵਿਭਾਗ ਨੂੰ ਦੂਜਾ, ਪਸ਼ੂ ਬਿਮਾਰੀ ਖੋਜ ਕੇਂਦਰ ਨੂੰ ਤੀਸਰਾ ਅਤੇ ਵੈਟਨਰੀ ਮਾਇਕਰੋਬਾਇਓਲੋਜੀ ਵਿਭਾਗ ਨੂੰ ਹੌਸਲਾ ਵਧਾਊ ਇਨਾਮ ਪ੍ਰਾਪਤ ਹੋਇਆ।ਇਸ ਮੌਕੇ ਡਾ. ਸੁਖਪਾਲ ਸਿੰਘ, ਡਾ. ਰਾਮਪਾਲ ਮਿੱਤਰ, ਡਾ. ਜਸਬੀਰ ਸਿੰਘ, ਸ. ਕੁਲਦੀਪ ਸਿੰਘ ਜੱਸੋਵਾਲ, ਡਾ. ਕੇਵਲ ਅਰੋੜਾ (ਸੇਵਾ ਮੁਕਤ ਅਧਿਕਾਰੀ, ਪਸ਼ੂ ਪਾਲਣ ਵਿਭਾਗ) ਅਤੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *