ਪਾਕਿਸਤਾਨ ਦੇ ਸਰਵੋਤਮ ਉਰਦੂ ਸ਼ਾਇਰ ਤੇ ਡਹਾਮਾ ਲੇਖਕ ਪ੍ਰੋਃ ਅਮਜਦ ਇਸਲਾਮ ਅਮਜਦ ਵਿਛੋੜਾ ਦੇ ਗਏ

Ludhiana Punjabi
  • ਨੇਕ ਮੁਹੱਬਤੀ ਇਨਸਾਨ ਦਾ ਵਿਗੋਚਾ ਅਸਹਿ- ਗੁਰਭਜਨ ਗਿੱਲ

DMT : ਲੁਧਿਆਣਾ : (11 ਫਰਵਰੀ 2023) : – ਪਾਕਿਸਤਾਨ ਦੇ  ਵਰਤਮਾਨ ਸਮੇਂ ਦੇ ਸਰਵੋਤਮ ਉਰਦੂ ਕਵੀ ਤੇ ਟੀ ਵੀ ਸੀਰੀਅਲ ਵਾਰਿਸ (1980) ਵਰਗੇ ਅਨੇਕਾਂ ਡਰਾਮਿਆਂ ਦੇ  ਲੇਖਕ ਪ੍ਰੋਃ ਅਮਜਦ ਇਸਲਾਮ ਅਮਜਦ ਕੱਲ੍ਹ ਲਾਹੌਰ ਵਿੱਚ ਅੱਲ੍ਹਾ ਨੂੰ ਪਿਆਰੇ ਹੋ ਗਏ ਹਨ। ਫਾਰਸੀ, ਉਰਦੂ ਤੇ ਅੰਗਰੇਜ਼ੀ ਦੇ ਸਿਰਕੱਢ ਵਿਦਵਾਨ ਪ੍ਰੋਃ ਅਮਜਦ ਭਰ ਵਗਦੇ ਦਰਿਆ ਵਰਗੇ ਸਨ। ਪਿਛਲੇ ਸਾਲ ਉਨ੍ਹਾਂ ਨਾਲ  ਪਾਕਿ ਹੈਰੀਟੇਜ ਹੋਟਲ ਵਿੱਚ ਲਗ ਪਗ ਦੋ ਘੰਟੇ ਲੰਮੀ ਮੁਲਾਕਾਤ ਮਗਰੋਂ ਮਹਿਸੂਸ ਹੋਇਆ ਕਿ ਇੱਕ ਬੰਦਾ ਇੱਕ ਜੀਵਨ ਵਿੱਚ ਕਿੰਨਾ ਕੁਝ ਕਰ ਸਕਦਾ ਹੈ।
4ਅਗਸਤ 1944 ਚ ਲਾਹੌਰ ਵਿੱਚ ਜਨਮੇ ਪ੍ਰੋਃ ਅਮਜਦ ਇਸਲਾਮ ਅਮਜਦ 40 ਤੋਂ ਵੱਧ ਉਰਦੂ ਸ਼ਾਇਰੀ, ਸਫ਼ਰਨਾਮੇ ਤੇ ਵਾਰਤਕ ਲਿਖਣ ਤੋਂ ਇਲਾਵਾ  150 ਤੋਂ ਵੱਧ ਫਿਲਮਾਂ ਦੇ ਗੀਤਕਾਰ ਵੀ ਸਨ। ਉਨ੍ਹਾਂ ਦੀਆਂ ਲਿਖੀਆਂ  ਕਮਾਲ ਦੀਆਂ ਗ਼ਜ਼ਲਾਂ ਨੁਸਰਤ ਫ਼ਤਿਹ ਅਲੀ ਖਾਂ, ਇਕਬਾਲ ਬਾਨੋ, ਨੂਰ ਜਹਾਂ, ਗੁਲਾਮ ਅਲੀ, ਜਗਜੀਤ ਸਿੰਘ ਤੇ ਉਸਤਾਦ ਹਾਮਿਦ ਅਲੀ ਸਾਹਿਬ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਗਾਈਆਂ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ  ਨੇ ਪ੍ਰੋਃ ਅਮਜਦ ਨੂੰ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਕਿਹਾ ਹੈ ਕਿ ਪਿਛਲੇ ਸਾਲ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਦੀ ਸਮਾਪਤੀ ਉਪਰੰਤ ਉਹ ਮੈਨੂੰ ਮੇਰੇ ਬਜ਼ੁਰਗ ਡਾਃ ਅਮਰਜੀਤ ਸਿੰਘ ਹੇਅਰ ਦੇ ਹਵਾਲੇ ਨਾਲ ਮਿਲਣ ਆਏ। ਉਨ੍ਹਾਂ ਆਪਣੀ ਚੋਣਵੀਂ ਰਚਨਾ ਦਾ ਵੱਡ ਆਕਾਰੀ ਅੰਗਰੇਜ਼ੀ ਚ ਪ੍ਰਕਾਸ਼ਿਤ ਸੰਗ੍ਰਹਿ ਭੇਂਟ ਕੀਤਾ ਜੋ ਮੇਰੇ ਲਈ ਸਦੀਵੀ ਪੂੰਜੀ ਬਣ ਗਿਆ ਹੈ। ਪਾਕਿਸਤਾਨ ਦੇ ਦੋ ਸਰਵੋਤਮ ਪੁਰਸਕਾਰ  ਸਿਤਾਰਾ ਏ ਇਮਤਿਆਜ਼ ਤੇ ਪਰਾਈਡ ਆਫ ਪਰਫਾਰਮੈਂਸ ਜੇਤੂ ਹੋਣ ਦੇ ਬਾਵਜੂਦ ਉਹ ਬੇਹੱਦ ਸਾਦ ਮੁਰਾਦੇ ਇਨਸਾਨ ਵਾਂਗ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੇ। ਕਰਤਾਰਪੁਰ ਸਾਹਿਬ ਕਾਰੀਡੋਰ ਦੇ ਹਵਾਲੇ ਨਾਲ ਉਨ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਅਕੀਦਤ ਦਿੱਤੀ। ਸਾਡੇ ਸਿਰਕੱਢ ਲੇਖਕ ਖਾਲਿਦ ਹੁਸੈਨ , ਸਤੀਸ਼ ਗੁਲਾਟੀ ਤੇ ਮੈਂ ਵੀ ਉਨ੍ਹਾਂ ਨੂੰ ਆਪਣੀਆਂ ਸ਼ਾਹਮੁਖੀ ਲਿਪੀ ਚ ਲਿਖੀਆਂ ਕਿਤਾਬਾਂ ਭੇਟ ਕੀਤੀਆਂ। ਇਸ ਮੌਕੇ ਸੰਗਤ ਵਿੱਚ ਪ੍ਰੋਃ ਆਬਿਦ ਸ਼ੇਰਵਾਨੀ, ਮਾਲਕ ਇੰਜਨੀਰਿੰਗ ਤੇ ਮੈਨੇਜਮੈਂਟ ਯੂਨੀਵਰਸਿਟੀ ਲਾਹੌਰ, ਪੰਜਾਬੀ ਲਹਿਰਾਂ ਚੈਨਲ ਦੇ ਪ੍ਰਤੀਨਿਧ ਵੱਕਾਸ ਹੈਦਰ, ਪੰਜਾਬੀ ਕਵੀ ਅਮਨਦੀਪ ਫੱਲ੍ਹੜ ਤੇ ਪਾਕਿ ਹੈਰੀਟੇਜ ਹੋਟਲ ਦੇ ਮਾਲਿਕ ਅੱਯਾਜ਼ ਸ਼ੇਖ ਵੀ ਸ਼ਾਮਿਲ ਸਨ।
ਪ੍ਰੋਃ ਅਮਜਦ ਇਸਲਾਮ ਅਮਜਦ ਦੇ ਅਚਾਨਕ ਵਿਛੋੜੇ ਤੇ ਸ਼ਰਧਾਂਜਲੀ ਭੇਂਟ ਕਰਦਿਆ ਪੰਜਾਬ ਖੇਤੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾਃ ਅਮਰਜੀਤ ਸਿੰਘ ਹੇਅਰ, ਡਾਃ ਕੇਵਲ ਧੀਰ, ਜਨਾਬ ਸਰਦਾਰ ਪੰਛੀ ਤੇ ਅਮਨਦੀਪ ਫੱਲ੍ਹੜ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *