DMT : ਲੁਧਿਆਣਾ : (20 ਫਰਵਰੀ 2023) : – ਪੰਜਾਬ ਸਰਕਾਰ ਵੱਲੋਂ ਸੋਧੇ ਗਏ ਯੂ ਜੀ ਸੀ ਤਨਖਾਹ ਸਕੇਲਾਂ ਦਾ ਨੋਟੀਫਿਕੇਸ਼ਨ ਹੁਣ ਤਕ ਨਾ ਲਾਗੂ ਕਰਨ ਦੇ ਵਿਰੋਧ ਵਿਚ ਪੀ ਏ ਯੂ ਲੁਧਿਆਣਾ ਵਿੱਚ ਅਧਿਆਪਨ, ਪਸਾਰ ਅਤੇ ਖੋਜ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ। ਪੀ ਏ ਯੂ ਅਧਿਆਪਕ ਜਥੇਬੰਦੀ ਨੇ ਇਹ ਫੈਸਲਾ ਲਿਆ ਸੀ ਕਿ ਜਦੋਂ ਤਕ ਨਵੇਂ ਤਨਖਾਹ ਸਕੇਲ ਲਾਗੂ ਹੋਣ ਬਾਰੇ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦੀ ਉਦੋਂ ਤਕ ਉਹ ਕੋਈ ਵੀ ਦਫ਼ਤਰੀ ਕਾਰਜ ਨਹੀਂ ਕਰਨਗੇ। ਹੜਤਾਲ ਦੇ ਕਾਰਣ ਪੀ ਏ ਯੂ ਵਿਖੇ ਅੱਜ ਵੀ ਖੋਜ, ਪਸਾਰ ਤੇ ਅਧਿਆਪਨ ਕਾਰਨ ਪ੍ਰਭਾਵਿਤ ਰਹੇ।
ਅਧਿਆਪਕਾਂ ਨੇ ਪੀ ਏ ਯੂ ਦੇ ਥਾਪਰ ਹਾਲ ਸਾਹਮਣੇ ਵੱਡਾ ਇਕੱਠ ਕੀਤਾ ਜਿਥੇ ਯੂਨੀਅਨ ਨੇਤਾਵਾਂ ਸਕੱਤਰ ਡਾ ਮਨਦੀਪ ਸਿੰਘ ਗਿੱਲ ਡਾ: ਰਵਿੰਦਰ ਸਿੰਘ ਚੰਦੀ, ਡਾ: ਗੁਰਮੀਤ ਸਿੰਘ ਢੇਰੀ, ਡਾ: ਕਮਲਦੀਪ ਸਿੰਘ ਸੰਘਾ, ਡਾ: ਹਰਮੀਤ ਸਿੰਘ ਕਿੰਗਰਾ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਇਸ ਮੌਕੇ ਸਰਕਾਰੀ ਦੀ ਯੂਨੀਵਰਸਿਟੀ ਪ੍ਰਤੀ ਉਪਰਾਮਤਾ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਇਕ ਪਾਸੇ ਪੀ ਏ ਯੂ ਨੇ ਖੇਤੀ ਸੰਬੰਧੀ ਹਰ ਸੰਕਟ ਸਮੇਂ ਕਿਸਾਨਾਂ ਦਾ ਸਾਥ ਦਿੱਤਾ। ਪਿਛਲੇ ਸਾਲਾਂ ਵਿਚ ਚਿੱਟੀ ਮੱਖੀ ਦੀ ਰੋਕਥਾਮ ਲਈ ਵਿਗਿਆਨੀਆਂ ਨੇ ਦਿਨ ਰਾਤ ਇੱਕ ਕੀਤਾ ਸੀ। ਪਰ ਉਸਦਾ ਨਤੀਜਾ ਮਾਹਿਰਾਂ ਦੇ ਤਨਖਾਹ ਸਕੇਲ ਰੋਕ ਕੇ ਦਿੱਤਾ ਜਾ ਰਿਹਾ ਹੈ।
ਅਧਿਆਪਕ ਜਥੇਬੰਦੀ ਨੇ ਮੰਗਾਂ ਨਾ ਮੰਨਣ ਤਕ ਹੜਤਾਲ ਜਾਰੀ ਰੱਖਣ ਦਾ ਪ੍ਰਣ ਕਰਦਿਆਂ ਕਿਹਾ ਕਿ ਜੋ ਵੀ ਨੁਕਸਾਨ ਹੋ ਰਿਹਾ ਹੈ ਉਸਦੀ ਜ਼ਿੰਮੇਵਾਰੀ ਸਰਕਾਰ ਅਤੇ ਅਫ਼ਸਰਸ਼ਾਹੀ ਸਿਰ ਹੈ।