DMT : ਲੁਧਿਆਣਾ : (02 ਮਾਰਚ 2023) : – ਹੁਨਰ ਵਿਕਾਸ ਕੇਂਦਰ ਲਈ ਸਿਲਾਈ ਮਸ਼ੀਨਾਂ ਦਾਨ ਕਰਨ ਲਈ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਪਨੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਉਪਰਾਲਿਆਂ ਸਦਕਾ ਇਹ ਕੇਂਦਰ ਔਰਤਾਂ ਨੂੰ ਵਿਸ਼ੇਸ਼ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ਲੰਬੇ ਸਮੇਂ ਤੱਕ ਸਹਾਈ ਸਿੱਧ ਹੋਣਗੇ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵਲੋਂ ਆਪਣੀ ਸੀ.ਐਸ.ਆਰ. ਪਹਿਲਕਦਮੀ ਤਹਿਤ ਮਹਿਲਾ ਸਸ਼ਕਤੀਕਰਨ ਅਤੇ ਲੋੜਵੰਦ ਲੜਕੀਆਂ ਦੀ ਸਿਲਾਈ ਸਿੱਖਣ ਤੋਂ ਬਾਅਦ ਆਪਣੀ ਰੋਜੀ-ਰੋਟੀ ਕਮਾਉਣ ਦੇ ਕਾਬਿਲ ਬਣਨ ਲਈ ਇੱਕ ਉਦਯੋਗਿਕ ਬਟਨਹੋਲ ਮਸ਼ੀਨ, ਇੱਕ ਬਟਨ ਅਟੈਚਿੰਗ ਮਸ਼ੀਨ ਅਤੇ ਸਟੈਂਡ ਟੇਬਲ ਮੋਟਰਾਂ ਵਾਲੀਆਂ ਪੰਜ ਯੂਨੀਵਰਸਲ ਮਸ਼ੀਨਾਂ ਮੁਹੱਈਆ ਕਰਵਾਈਆਂ ਹਨ। ਵਰਧਮਾਨ ਦੇ ਸੀਨੀਅਰ ਮੈਨੇਜਰ ਪ੍ਰਸ਼ਾਸਨ ਅਮਿਤ ਧਵਨ ਵਲੋਂ ਕੇਂਦਰ ਨੂੰ ਮਸ਼ੀਨਾਂ ਸੌਂਪੀਆਂ ਗਈਆਂ।
ਵਧੀਕ ਡਿਪਟੀ ਕਮਿਸ਼ਨਰ ਪੰਚਾਲ ਨੇ ਕਿਹਾ ਕਿ ਇਹ ਸਿਲਾਈ ਮਸ਼ੀਨਾਂ ਹੁਨਰ ਵਿਕਾਸ ਕੇਂਦਰ ਲਈ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਮਸ਼ੀਨਾਂ ਲਈ ਵਾਈਸ ਚੇਅਰਮੈਨ ਵਰਧਮਾਨ ਸਚਿਤ ਜੈਨ, ਸੌਮਿਆ ਜੈਨ, ਆਰ ਕੇ ਰੇਵਾੜ, ਮਨੁਜ ਮਹਿਤਾ ਅਤੇ ਹੋਰਨਾਂ ਦਾ ਧੰਨਵਾਦ ਕੀਤਾ।