ਪ੍ਰੋਃ ਪੂਰਨ ਸਿੰਘ ਜੀ ਨੂੰ ਚੇਤੇ ਕਰਦਿਆਂ

Ludhiana Punjabi

DMT : ਲੁਧਿਆਣਾ : (31 ਮਾਰਚ 2023) : – ਲੋਕ ਮੰਚ ਪੰਜਾਬ ਦੇ ਸਮਾਗਮ ਲਈ ਜਲੰਧਰ ਦੇ ਰਾਹ ਵਿੱਚ ਸਾਂ ਜਦ ਟੈਲੀਫੋਨ ਦੀ ਘੰਟੀ ਵੱਜੀ।
ਗਿਆਨੀ ਪਿੰਦਰਪਾਲ ਸਿੰਘ ਜੀ ਤੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦਾ ਟੈਰੇਸੀ(ਅਮਰੀਕਾ) ਤੋਂ ਸਾਂਝਾ ਸੁਨੇਹਾ ਸੀ, ਭਾ ਜੀ ਅਸੀਂ ਪੰਜਾਬੀ ਕਿੰਨੇ ਨਾ ਸ਼ੁਕਰੇ ਹਾਂ, ਅੱਜ ਦੇ ਦਿਨ 1931 ਨੂੰ ਪੰਜਾਬੀ ਜ਼ਬਾਨ ਦਾ ਅਲਬੇਲਾ ਸ਼ਾਇਰ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ ਸੀ ਪਰ ਅਸੀਂ ਯਾਦ ਕਰਨ ਤੋਂ ਵੀ ਕਹਿ ਗਏ। ਕੀ ਬਣੂ।
ਮੈਨੂੰ ਵੀ ਵਿੱਸਰਿਆ ਪਿਆ ਸੀ। ਸ਼ਰਮ ਆਈ ਕਿ ਸੱਚਮੁੱਚ ਕਿੰਨੇ ਨਾਸ਼ੁਕਰੇ ਹਾਂ। ਗੁਰੂ ਨਾਨਕ ਪਾਤਿਸ਼ਾਹ ਦੇ ਸੁਖਨ ਸੁਨੇਹੇ ਸਾਡੇ ਤੀਕ ਕਿੰਨੇ ਸਹਿਜ ਤੇ ਸਹਿਲ ਢੰਗ ਨਾਲ ਉਨ੍ਹਾਂ ਸਾਨੂੰ ਦਿੱਤੇ।
ਸਫ਼ਰ ਦੌਰਾਨ ਮੈਨੂੰ ਵਿਕੀਪੀਡੀਆ ਨੇ ਸਾਥ ਦਿੱਤਾ। ਚੇਤੇ ਕਰਨ ਹਿਤ ਉਥੋਂ ਲਈਆਂ ਉਧਾਰੀਆਂ ਸਤਰਾਂ ਤੁਹਾਡੇ ਲਈ ਪੇਸ਼ ਹਨ।
ਪੰਜਾਬ ਤੇ ਪੰਜਾਬੀਅਤ ਦੇ ਭਰ ਵਗਦੇ ਦਰਿਆ ਨੂੰ ਸਲਾਮ!
ਅਗਲੇ ਸਾਲ 31 ਮਾਰਚ 1931 ਵੂੰ ਕਦੇ ਨਹੀਂ ਵਿਸਾਰਾਂਗਾ।

ਪ੍ਰੋਃ ਪੂਰਨ ਸਿੰਘ 17 ਫਰਵਰੀ 1881 ਨੂੰ ਸਲਹੱਟ (ਐਬਟਾਬਾਦ) ਵਿਖੇ ਇੱਕ ਆਹਲੂਵਾਲੀਆ ਪਰਿਵਾਰ (ਪਿਤਾ ਕਰਤਾਰ ਸਿੰਘ, ਮਾਤਾ ਪਰਮਾ ਦੇਵੀ) ਵਿੱਚ ਪੈਦਾ ਹੋਏ। ਉਹਨਾਂ ਦੇ ਪਿਤਾ ਸਲਹੱਟ ਵਿੱਚ ਆਬਕਾਰੀ ਵਿਭਾਗ ਵਿੱਚ ਕੰਮ ਕਰਦੇ ਸਨ। ਪੂਰਨ ਸਿੰਘ ਨੇ ਹਾਈ ਸਕੂਲ 1897 ਵਿੱਚ ਰਾਵਲਪਿੰਡੀ ਤੋਂ ਪਾਸ ਕੀਤਾ ਤੇ ਇੰਟਰ ਡੀ.ਏ.ਵੀ ਕਾਲਜ ਲਹੌਰ ਤੋਂ 1899 ਵਿੱਚ ਕੀਤੀ। 28 ਸਤੰਬਰ 1900 ਵਿੱਚ ਟੋਕੀਓ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਉਹਨਾਂ ਜਰਮਨ ਤੇ ਜਪਾਨੀ ਭਾਸ਼ਾ ਸਿਖੀ। ਭਾਰਤ ਵਿੱਚ ਅੰਗਰੇਜ਼ੀ ਹਕੂਮਤ ਖਿਲਾਫ ਵਿਸ਼ਿਆਂ ‘ਤੇ ਭਾਸ਼ਨ ਦੇਣਾ ਉਹਨਾਂ ਦਾ ਸ਼ੁਗਲ ਸੀ। ਕੁਝ ਦੇਰ ਲਈ ਉਹਨਾਂ ਅੰਗਰੇਜ਼ੀ ਪਤ੍ਰਿਕਾ ਥੰਡਰਿੰਗ ਡਾਨ ਵੀ ਪ੍ਰਕਾਸ਼ਿਤ ਕੀਤੀ ਜੋ ਮੁਖ ਤੌਰ ‘ਤੇ ਅੰਗਰੇਜ਼ੀ ਦਬਦਬੇ ਵਾਲੇ ਰਾਜ ਦੇ ਖਿਲਾਫ ਅਵਾਜ਼ ਉਠਾਉਂਦੀ ਸੀ। ਜਪਾਨ ਵਿੱਚ ਉਹਨਾਂ ਦੀ ਮੁਲਾਕਾਤ ਸਵਾਮੀ ਰਾਮ ਤੀਰਥ ਨਾਲ ਹੋਈ ਜਿਹਨਾਂ ਦੇ ਪ੍ਰਭਾਵ ਹੇਠ ਉਹਨਾਂ ਕੇਸ ਕਟਵਾ ਲਏ ਤੇ ਸੰਨਿਆਸ ਧਾਰਨ ਕਰ ਲਿਆ। ਬੜੀ ਮੁਸ਼ਕਲ ਨਾਲ ਉਹਨਾਂ ਨੂੰ ਆਪਣੀ ਬਿਮਾਰ ਭੈਣ ਨੂੰ ਮਿਲਾਣ ਲਈ ਹਿੰਦੁਸਤਾਨ ਘਰ ਵਾਪਸ ਆਣ ਤੇ ਰਾਜ਼ੀ ਕੀਤਾ ਗਿਆ।
4 ਮਾਰਚ 1904 ਨੂੰ ਸ੍ਰੀ ਮਤੀ ਮਾਇਆ ਦੇਵੀ ਨਾਲ ੳਨ੍ਹਾਂ ਦਾ ਵਿਆਹ ਕਰ ਦਿਤਾ ਗਿਆ
ਪ੍ਰੋਃ ਪੂਰਨ ਸਿੰਘ ਜੀ ਦੀਆਂ ਲਿਖਤਾਂ ਇਸ ਪ੍ਰਕਾਰ ਹਨ।

ਦ ਸਿਸਟਰਜ਼ ਆਫ਼ ਸਪਿਨਿੰਗ ਵੀਲ(1921)(The sisters of spinning wheel)
ਅਨਸਟਰੰਗ ਬੀਡਜ਼ (1923) (Unstrung beeds)
ਦ ਸਪਿਰਿਟ ਆਫ਼ ਓਰੀਐਂਟਲ ਪੋਇਟਰੀ (1926) (the spirit of oriental poetry)
ਦ ਬੁਕ ਆਫ਼ ਟੈੱਨ ਮਾਸਟਰਜ਼ (The Book Of Ten Masters)
ਦ ਲਾਈਫ਼ ਆਫ਼ ਸਵਾਮੀ ਰਾਮਤੀਰਥ (The Life Of Swami Ramtirath)
ਦ ਵਾਇਸ ਆਫ਼ ਵਿੰਡਜ਼ ਐਂਡ ਵਾਟਰਜ਼ (The Voice Of Winds and Waters)
(Guru Nanak’s Rabab)
ਮਾਈ ਬਾਬਾ (My Baba)
ਗੁਰੂ ਗੋਬਿੰਦ ਸਿੰਘ (Guru Gobind SIngh)
ਆਨ ਪਾਥ ਆਫ਼ ਲਾਈਫ (On Paths of Life)
ਪੰਜਾਬੀ ਕਾਵਿ-ਸੰਗ੍ਰਹਿ

ਖੁਲ੍ਹੇ ਮੈਦਾਨ
ਖੁਲ੍ਹੇ ਘੁੰਡ (1923)
ਖੁਲ੍ਹੇ ਅਸਮਾਨੀ ਰੰਗ (1927)

ਨਾਵਲ

“ਭਗੀਰਥ”

ਵਾਰਤਕ

ਖੁਲ੍ਹੇ ਲੇਖ (ਨਿਬੰਧ-ਸੰਗ੍ਰਹਿ)

ਅਨੁਵਾਦ

ਅਬਚੱਲੀ ਜੋਤ
ਕਲਾ ਤੇ ਕਲਾਧਾਰੀ ਦੀ ਪੂਜਾ
ਬੌਣੇ ਬੂਟੇ
ਸੋਹਣੀ
ਮੌਲਾ ਸ਼ਾਹ
ਮੋਇਆਂ ਦੀ ਜਾਗ

ਪ੍ਰੋਃ ਪੂਰਨ ਸਿੰਘ ਨੇ ਪੰਜਾਬੀ ਸਾਹਿਤ ਨੂੰ ਬਹੁਤ ਕੁਝ ਨਵਾਂ ਅਤੇ ਵਿਲੱਖਣ ਪ੍ਰਦਾਨ ਕੀਤਾ। ਉਹ ਤੀਖਣ ਸੰਵੇਦਨਾ ਨਾਲ ਵਰੋਸਾਇਆ ਸੀ ਜਿਸ ਵਿੱਚ ਪੱਛਮੀ ਸਾਹਿਤਕ ਚੇਤਨਾ ਔਰੀਅੰਟਲ ਰਹੱਸਵਾਦ ਅਤੇ ਧਾਰਮਕ ਜੋਸ਼ ਨਾਲ ਅਜਬ ਤਰ੍ਹਾਂ ਨਾਲ ਇੱਕਮਿੱਕ ਮਿਲਦਾ ਹੈ।[3] ਪੂਰਨ ਸਿੰਘ ਦੇ ਅੰਦਾਜ਼ੇ ਬਿਆਨ ਦੀ ਵਿਲੱਖਣਤਾ ਉਸਦੇ ਹਰ ਨਿਬੰਧ ਅਤੇ ਕਵਿਤਾ ਦੇ ਹਰੇਕ ਸ਼ਬਦ, ਵਾਕ ਅਤੇ ਪੈਰੇ ਵਿਚੋਂ ਝਲਕਾਰੇ ਮਾਰਦੀ ਹੈ।ਪੰਜਾਬੀ,ਹਿੰਦੀ ਤੋਂ ਇਲਾਵਾ ਉਸਨੇ ਆਪਣੀ ਕਾਫੀ ਰਚਨਾ ਅੰਗਰੇਜ਼ੀ ਵਿੱਚ ਕੀਤੀ ਹੈ। ਪੰਜਾਬੀ ਵਿੱਚ ਉਸਦੇ ਦੋ ਕਾਵਿ ਸੰਗ੍ਰਹਿ ‘ਖੁੱਲ੍ਹੇ-ਮੈਦਾਨ’ ਅਤੇ ‘ਖੁੱਲ੍ਹੇ-ਘੁੰਡ’ ਮਿਲਦੇ ਹਨ। ਇਸ ਤੋਂ ਇਲਾਵਾ ਉਸਦੀਆਂ ਕਵਿਤਾਵਾਂ ਦਾ ਸੰਪਾਦਨ ਡਾ. ਮਹਿੰਦਰ ਸਿੰਘ ਰੰਧਾਵਾ ਵੱਲੋਂ ‘ਪੂਰਨ ਸਿੰਘ: ਜੀਵਨ ਅਤੇ ਕਵਿਤਾ’ ਨਾਂ ਹੇਠ ਵੀ ਕੀਤਾ ਗਿਆ ਹੈ। ਇਸ ਵਿੱਚ ਡਾ. ਰੰਧਾਵਾ ਨੇ ਪੂਰਨ ਸਿੰਘ ਦੀ ਕਵਿਤਾ ਨੂੰ ‘ਖੁੱਲ੍ਹੇ ਰੰਗ ਅਸਮਾਨੀ ਭਾਗ-॥’, ‘ਬਾਰ ਦੇ ਰੰਗ’ ਅਤੇ ‘ਬਲਦੇ ਦੀਵੇ’ ਸਿਰਲੇਖ ਦੇ ਕੇ ਛਾਪਿਆ ਹੈ। ੳਸਦੀ ਨਿਬੰਧਾਂ ਦੀ ਪੁਸਤਕ ‘ਖੁੱਲ੍ਹੇ ਲੇਖ’ ਪੂਰਨ ਸਿੰਘ ਦੀ ਸੁਤੰਤਰ ਲੇਖਣੀ ਤੇ ਆਜ਼ਾਦ ਸ਼ੈਲੀ ਦੀ ਪ੍ਰਤੀਕ ਕਹੀ ਜਾ ਸਕਦੀ ਹੈ।
ਪੰਜਾਬੀ ਖੁੱਲ੍ਹੀ ਕਵਿਤਾ ਦਾ ਆਗਾਜ ਪ੍ਰੋ. ਪੂਰਨ ਸਿੰਘ ਦੁਆਰਾ ਵਾਲਟ ਵਿਟਮੈਨ ਦੀ ਕਵਿਤਾ ਦੀ ਪੁਸਤਕ ਘਾਹ ਦੀਆਂ ਪੱਤੀਆਂ ਤੋਂ ਪ੍ਰਭਾਵਿਤ ਹੋ ਕੇ ਕੀਤਾ ਜਾਂਦਾ ਹੈ। 1923 ‘ਚ ਪ੍ਰਕਾਸ਼ਿਤ ਹੋਈ ਉਹਨਾਂ ਦੀ ਪੁਸਤਕ ‘ਖੁੱਲ੍ਹੇ ਮੈਦਾਨ’ ਪੰਜਾਬੀ ਖੁੱਲ੍ਹੀ ਕਵਿਤਾ ਦੀ ਪਹਿਲੀ ਪੁਸਤਕ ਹੈ। ‘ਪੂਰਨ ਨਾਥ ਜੋਗੀ’ ਉਹਨਾਂ ਦੁਆਰਾ ਲਿਖੀ ਪਹਿਲੀ ਪੰਜਾਬੀ ਖੁੱਲ੍ਹੀ ਕਵਿਤਾ ਹੈ।
ਅਮਰੀਕੀ ਕਵੀ ਵਾਲਟ ਵਿਟਮੈਨ ਦਾ ਪ੍ਰਭਾਵ

ਪ੍ਰੋ. ਪੂਰਨ ਸਿੰਘ ਆਪਣੀ ਕਿਤਾਬ ਵਾਲਟ ਵਿਟਮੈਨ ਐਡ ਸਿੱਖ ਇਨਸਪੀਰੇਸ਼ਨ ਵਿੱਚ ਲਿਖਦਾ ਹੈ: ਵਾਲਟ ਵਿਟਮੈਨ ਵੌਜ਼ ਏ ਸਿਖ ਬੌਰਨ ਇਨ ਅਮੈਰਿਕਾ। ਉਹ ਵਾਲਟ ਵਿਟਮੈਨ ਦੇ ਨਾਲ ਨਾਲ ਹੋਰ ਬਦੇਸ਼ੀ ਕਵੀਆਂ ਵਿੱਚ ਵਿੱਚ ਵੀ ਸਿੱਖ-ਸੁਰਤਾਂ ਦੀਆਂ ਚਮਕਾਂ ਦੇਖਦੇ ਹਨ।
ਗੋਇਟੇ ਜਰਮਨੀ ਦਾ ਗਾਉਦਾ, ਮਿੱਠਾ ਉਹ ਕਵੀ ਗੁਰੂ ਸੁਰਤਿ ਦਾ
ਫ਼ਰਾਂਸ ਦਾ ਥੋਰੋ ਪੀਦਾ ਰਸ ਗੀਤਾ,ਉਪਨਿਖਦ ਕਾਵਯ ਦਾ
ਐਮਰਸਨ ਤੇ ਵਿਟਮੈਨ ਇਸੇ ਕਾਵਯ ਰਸ ਤੇ ਮੋਹੇ ਪਏ
ਇਨ੍ਹਾਂ ਕਵੀਆਂ ਵਿੱਚ ਹਨ ਸਿੱਖ-ਸੁਰਤਾਂ ਦੀਆਂ ਚਮਕਾਂ,ਦੂਰ ਕਦੀ ਕਦੀ
ਵੇਖਦੀਆਂ ਗੁਰੂ-ਸੁਰਤਿ ਦੇ ਲਿਸ਼ਕਾਰੇ ਕਰਾਰੇ (ਗੁਰੂ ਅਵਤਾਰ ਸੁਰਤਿ)
ਵਾਲਟ ਵਿਟਮੈਨ ਅਤੇ ਗੇਟੇ ਦੇ ਇਲਾਵਾ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਪੱਛਮੀ ਚਿੰਤਕਾਂ ਵਿੱਚ ਤਾਲਸਤਾਏ, ਕਾਰਲਾਇਲ, ਐਮਰਸਨ, ਪੀ.ਬੀ. ਸ਼ੈਲੇ, ਰਸਕਿਨ ਅਤੇ ਥੋਰੋ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਲਏ ਜਾ ਸਕਦੇ ਹਨ

ਸਵਾਮੀ ਰਾਮ ਤੀਰਥ ਦੀ ਮੁਰੀਦੀ

ਅਧਿਆਤਮਵਾਦ ਅਤੇ ਜੀਵਨ ਚਿੰਤਨ ਦੀ ਦ੍ਰਿਸ਼ਟੀ ਤੋਂ ਉਹ ਮਹਾਤਮਾ ਬੁੱਧ, ਸਿੱਖ ਗੁਰੂ ਸਾਹਿਬਾਨ ਅਤੇ ਸਵਾਮੀ ਰਾਮ ਤੀਰਥ ਦੇ ਦਰਸਾਏ ਜੀਵਨ ਆਦਰਸ਼ਾਂ ਤੋਂ ਵੱਖ ਵੱਖ ਸਮੇਂ ਸੇਧ ਲੈਂਦੇ ਰਹੇ।

ਭਾਈ ਵੀਰ ਸਿੰਘ ਨਾਲ ਮਿਲਾਪ

ਉਹਨਾਂ ਦੇ ਮਨ ਤੇ ਡੂੰਘਾ ਪ੍ਰਭਾਵ ਪਾਇਆ। ਸਿਆਲਕੋਟ ਵਿੱਚ 1912 ਵਿੱਚ ਭਾਈ ਵੀਰ ਸਿੰਘ ਨਾਲ ਹੋਈ ਮੁਲਾਕਾਤ ਉਹਨਾਂ ਦੀ ਤੇਜ਼ੀ ਨਾਲ ਘੁੰਮ ਰਹੀ ਰੂਹ ਨੂੰ ਇੱਕ ਮਰਕਜ਼ ਤੇ ਠਹਿਰਾਣ ਵਿੱਚ ਇੱਕ ਆਖਰੀ ਮੋੜ ਸਾਬਤ ਹੋਈ। ਨਤੀਜਤਨ ਉਹ ਮੁੜ ਸਿਖੀ ਘਰ ਵਿੱਚ ਆ ਗਏ। ਉਹਨਾਂ ਦੀਆਂ ਉਸਾਰੂ ਸ਼ਕਤੀਆਂ ਨੂੰ ਵਧੇਰੇ ਉਤਸ਼ਾਹ ਤੇ ਇੱਕ ਕੇਂਦਰ ਬਿੰਦੂ ਮਿਲ ਗਿਆ ਸੀ।

ਪੂਰਨ ਸਿੰਘ ਵਿਗਿਆਨ ਤੇ ਸਾਹਿਤ ਵਿੱਚ ਸਹਿਜ ਨਾਲ ਹੀ ਇੱਕ ਮੇਲ ਪੈਦਾ ਕਰ ਲੈਂਦਾ ਸੀ। ਦੋਵਾਂ ਖੇਤਰਾਂ ਵਿੱਚ ਉਸ ਦੀਆਂ ਪ੍ਰਾਪਤੀਆਂ ਲਾਮਿਸਾਲ ਹਨ। ਉਹ ਵਿਗਿਆਨਕ ਤਜਰਬਿਆਂ ਤੇ ਕਾਫੀ ਸਮਾਂ ਲਗਾਂਉਦੇ ਸਨ ਤੇ ਉਹਨਾਂ ਹੀ ਸਮਾਂ ਆਪਣੇ ਮਹਿਮਾਨਾਂ,ਸਾਧੂਆਂ ਤੇ ਅਗਾਂਹ ਵਧੂ ਲੋਕਾਂ ਨੂੰ ਦੇਂਦਾ ਸੀ।ਉਹ ਕੁਦਰਤ ਤੇ ਸੁੰਦਰਤਾ ਦਾ ਮਤਵਾਲਾ ਸੀ ਤੇ ਉਸ ਨੇ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਵਿੱਚ ਸੁੰਦਰ ਤੇ ਕੋਮਲ ਕਵਿਤਾ ਰਚੀ।

ਅਨੁਵਾਦ

ਪੱਛਮੀ ਸਾਹਿਤ ਦੇ ਪ੍ਰਸਿੱਧ ਗ੍ਰੰਥਾਂ ਨੂੰ ਅਨੁਵਾਦ ਕਰਨ ਦਾ ਕਾਰਜ ਵੀ ਪੂਰਨ ਸਿੰਘ ਵੱਲੋਂ ਬਖ਼ੂਬੀ ਕੀਤਾ ਗਿਆ ਹੈ। ਤਾਲਸਤਾਏ ਦੇ ਸੰਸਾਰ ਪ੍ਰਸਿੱਧ ਨਾਵਲ ‘ਰੀਜ਼ਾਰਕਸ਼ਨ’ ਨੂੰ ਮੋਇਆਂ ਦੀ ਜਾਗ, ਐਮਰਸਨ ਦੀ ਰਚਨਾ ਐੱਸੇ ਆਫ਼ ਦੀ ਪੋਇਟ ਨੂੰ ‘ਅਬਚਲੀ ਜੋਤ’ ਅਤੇ ਕਾਰਲਾਈਲ ਦੀ ਪੁਸਤਕ ‘ਹੀਰੋ ਐਂਡ ਹੀਰੋ ਵਰਸ਼ਿਪ’ ਨੂੰ ‘ਕਲਾਧਾਰੀ ਤੇ ਕਲਾਧਾਰੀ ਪੂਜਾ’ ਨਾਂ ਹੇਠ ਅਨੁਵਾਦ ਕਰਕੇ ਛਪਵਾਇਆ। ਉਹਨਾਂ ਦੀਆਂ ਬਹੁਤ ਸਾਰੀਆਂ ਅੰਗਰੇਜ਼ੀ ਕਹਾਣੀਆਂ, ਕਵਿਤਾਵਾਂ, ਦਾਰਸ਼ਨਿਕਤਾ ਅਤੇ ਆਮ ਵਾਕਫ਼ੀਅਤ ਨਾਲ ਸੰਬੰਧਿਤ ਲੇਖ ਆਦਿ ਫੁਟਕਲ ਰਚਨਾਵਾਂ ਦੇ ਰੂਪ ਵਿੱਚ ਮੌਜੂਦ ਹਨ।

ਹਿੰਦੀ ਰਚਨਾਵਾਂ

ਹਿੰਦੀ ਵਿੱਚ ਵੀ ਪ੍ਰੋ. ਪੂਰਨ ਸਿੰਘ ਦੇ ਕੁਝ ਨਿਬੰਧ ਵੱਖ ਵੱਖ ਹਿੰਦੀ ਪੱਤਰ/ਪੱਤ੍ਰਕਾਵਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹੇ ਹਨ। ਇਨ੍ਹਾਂ ਨਿਬੰਧਾਂ ਵਿਚੋਂ ‘ਮਜ਼ਦੂਰੀ ਔਰ ਪ੍ਰੇਮ’, ‘ਵਾਲਟ ਵਿਟਮੈਨ’, ‘ਕੰਨਿਆਦਾਨ’, ‘ਨੈਨੋਂ ਕੀ ਗੰਗਾ’, ‘ਪਵਿੱਤਰਤਾ’, ‘ਸੱਚੀ ਵੀਰਤਾ’ ਅਤੇ ‘ਆਚਰਣ ਕੀ ਸੱਭਿਅਤਾ’ ਵਿਸ਼ੇਸ਼ ਜ਼ਿਕਰਯੋਗ ਹਨ
1930 ਵਿੱਚ ਤਪਦਿਕ ਹੋਣ ਕਾਰਨ 31 ਮਾਰਚ 1931 ਨੂੰ ਦੇਹਰਾਦੂਨ (ਉੱਤਰਾਂਚਲ)ਵਿਖੇ ਉਹਨਾਂ ਦਾ ਦੇਹਾਂਤ ਹੋ ਗਿਆ।

Leave a Reply

Your email address will not be published. Required fields are marked *