ਪੰਜਾਬੀ ਗਾਇਕ ਗੰਨ ਕਲਚਰ ਤੋਂ ਗੁਰੇਜ਼ ਕਰਕੇ ਅਮੀਰ ਪੰਜਾਬੀ ਵਿਰਸੇ ਬਾਰੇ ਗੀਤ ਗਾਉਣ-ਕੈਪਟਨ

Patiala Punjabi
  • ਮਿਸ਼ਨ ਫ਼ਤਿਹ ਤਹਿਤ ਹਰ ਪੰਜਾਬੀ ਮਾਸਕ ਪਾਵੇ ਤਾਂ ਕੋਵਿਡ ਜੰਗ ਜਰੂਰ ਜਿੱਤੀ ਜਾਵੇਗੀ-ਮੁੱਖ ਮੰਤਰੀ
  • ‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ‘ਚ ਪਟਿਆਲਵੀਆਂ ਨੇ ਅੱਜ ਮੁੜ ਕੀਤੇ ਮੁੱਖ ਮੰਤਰੀ ਨੂੰ ਸਵਾਲ

DMT : ਪਟਿਆਲਾ : (01 ਅਗਸਤ 2020): – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਗਾਇਕਾਂ ਨੂੰ ਅਪੀਲ ਕੀਤੀ ਹੈੈ ਕਿ ਉਹ ਗੰਨ ਕਲਚਰ ਤੋਂ ਗੁਰੇਜ਼ ਕਰਕੇ ਪੰਜਾਬ ਦੇ ਇਤਿਹਾਸ ਅਤੇ ਆਪਣੇ ਅਮੀਰ ਵਿਰਸੇ ਬਾਰੇ ਗੀਤ ਗਾਉਣ ਤਾਂ ਕਿ ਸਾਡੀ ਜਵਾਨੀ ਨੂੰ ਵੀ ਚੰਗੀ ਸੇਧ ਮਿਲ ਸਕੇ। ਮੁੱਖ ਮੰਤਰੀ, ਅੱਜ ਆਪਣੀ ਕੋਵਿਡ-19 ਖ਼ਿਲਾਫ਼ ਜੰਗ ‘ਮਿਸ਼ਨ ਫ਼ਤਿਹ’ ਤਹਿਤ ਆਪਣੇ ਵਿਸ਼ੇਸ਼ ਫੇਸਬੁਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਸਵਾਲ’ ਦੇ 13 ਵੇਂ ਐਡੀਸ਼ਨ ‘ਚ ਸੰਬੋਧਨ ਕਰ ਰਹੇ ਸਨ, ਜਿਸ ਦੌਰਾਨ ਪਟਿਆਲਵੀਆਂ ਨੇ ਵੀ 2 ਸਵਾਲ ਕੀਤੇ।
ਰਾਜਪੁਰਾ ਦੇ ਪ੍ਰਦੀਪ ਸਿੰਘ ਵੱਲੋਂ ਗੈਂਗਸਟਰ ਤੇ ਗੰਨ ਸੱਭਿਆਚਾਰ ਨੂੰ ਪ੍ਰਫੁਲਤ ਕਰਕੇ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਉਣ ਵਾਲੇ ਗਾਇਕਾਂ ਨੂੰ ਗ੍ਰਿਫ਼ਤਾਰ ਕਰਨ ਬਾਰੇ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਗਾਇਕਾਂ ਨੂੰ ਗ੍ਰਿਫ਼ਤਾਰ ਕਰਨ ਨਾਲ ਗੱਲ ਨਹੀਂ ਬਨਣੀ ਸਗੋਂ ਇਨ੍ਹਾਂ ਨੂੰ ਸਮਝਾਉਣਾ ਪਵੇਗਾ ਕਿ ਉਹ ਨੌਜਵਾਨਾਂ ਨੂੰ ਸੇਧ ਦੇਣ ਵਾਲੇ ਹੀ ਗੀਤ ਗਾਉਣ।
ਇਸ ਪ੍ਰੋਗਰਾਮ ‘ਚ ਸ਼ੁਤਰਾਣਾ ਦੇ ਤੇਜ ਗੋਇਲ ਵੱਲੋਂ ਮਾਸਕ ਪਾਉਣ ਤੋਂ ਤੰਗ ਹੋਣ ਕਰਕੇ ਕੋਵਿਡ ਮਹਾਂਮਾਰੀ ਕਦੋਂ ਖ਼ਤਮ ਹੋਊ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਸਾਰੀ ਦੁਨੀਆਂ ਤੰਗ ਹੈ ਪਰੰਤੂ ਮਾਹਰਾਂ ਦੀ ਸਲਾਹ ਮੁਤਾਬਕ 75 ਫੀਸਦੀ ਬਚਾਅ ਹੋ ਸਕਦਾ ਹੈ, ਇਸ ਲਈ ਹਰ ਵਿਅਕਤੀ ਪੰਜਾਬ ਨੂੰ ਬਚਾਉਣ ਲਈ ਮਾਸਕ ਜਰੂਰ ਪਾਵੇ। ਮੁੱਖ ਮੰਤਰੀ ਨੇ ਕਿਹਾ ਕਿ ”ਜੇਕਰ ਪੰਜਾਬ ਦੇ ਸਾਰੇ ਵਾਸੀ ਮਾਸਕ ਪਾਉਣ ਤਾਂ ਇਸ ਮਹਾਂਮਾਰੀ ਦੀ ਔਖੀ ਘੜੀ ਤੋਂ ਮਿਸ਼ਨ ਫ਼ਤਿਹ ਤਹਿਤ ਜਰੂਰ ਬਚਾਅ ਹੋ ਸਕਦਾ ਹੈ।”
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਜੰਗ ਜੇਤੂਆਂ ਨੂੰ ਪਲਾਜ਼ਮਾ ਦਾਨ ਕਰਨ ਦੀ ਭਾਵੁਕਤਾ ਭਰੀ ਅਪੀਲ ਕਰਦਿਆਂ ਕਿਹਾ ਕਿ ”ਜੇਕਰ ਉਨ੍ਹਾਂ ਨੂੰ ਵੀ ਕੋਵਿਡ ਹੋਇਆ ਹੁੰਦਾ ਤਾਂ ਉਹ ਵੀ ਆਪਣਾ ਪਲਾਜ਼ਮਾ ਜਰੂਰ ਦਾਨ ਕਰਦੇ।” ਉਨ੍ਹਾਂ ਕਿਹਾ ਕਿ ”ਕੋਵਿਡ ਦੀ ਜੰਗ ਜਿੱਤ ਚੁੱਕੇ ਮਰੀਜ, ਹੋਰਨਾਂ ਕੋਵਿਡ ਪਾਜਿਟਿਵ ਮਰੀਜਾਂ ਨੂੰ ਵੀ ਇਹ ਦੀ ਜੰਗ ਜਿਤਾਉਣ ਲਈ ਆਪਣਾ ਪਲਾਜ਼ਮਾ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਪਲਾਜ਼ਮਾ ਬੈਂਕ ‘ਚ ਜਰੂਰ ਦਾਨ ਕਰਨ।”
ਆਪਣੇ ਫੇਸਬੁਕ ਲਾਇਵ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕੋਵਿਡ-19 ਤੋਂ ਬਚਣ ਲਈ ਜਨਤਕ ਥਾਵਾਂ ‘ਤੇ ਨਾ ਥੁੱਕਣ, ਮਾਸਕ ਪਾਉਣ, ਆਪਸੀ ਦੂਰੀ ਰੱਖਣ ਸਮੇਤ ਹੱਥ ਵਾਰ-ਵਾਰ ਧੋਹਣ ਅਤੇ ਹੋਰ ਜਰੂਰੀ ਇਹਤਿਆਤ ਵਰਤਣ ਲਈ ਆਖਿਆ।

Share:

Leave a Reply

Your email address will not be published. Required fields are marked *