DMT : ਲੁਧਿਆਣਾ : (08 ਅਪ੍ਰੈਲ 2023) : – ਪੰਜਾਬੀ ਗ਼ਜ਼ਲ ਪੰਜਾਬ ਦੀ ਜ਼ਰਖ਼ੇਜ ਮਿੱਟੀ ’ਚੋਂ ਜਨਮੀ ਹੈ। ਇਸ ਨੇ ਦੁਨੀਆਂ ਭਰ ਦੀ ਗ਼ਜ਼ਲ
ਨੂੰ ਨਵੇਂ ਵਿਸ਼ੇ, ਨਵੇਂ ਮਸਲਿਆਂ ਨਾਲ ਮੁਖ਼ਾਤਿਬ ਕਰਵਾਇਆ ਹੈ। ਇਸ ਦੇ ਨਾਲ ਪੰਜਾਬੀ ਗ਼ਜ਼ਲ
ਦਾ ਰੁਤਬਾ ਦੁਨੀਆਂ ਦੀ ਹਰ ਭਾਸ਼ਾ ਦੀ ਸ਼ਾਇਰੀ ਵਿਚ ਵਧਿਆ ਹੈ। ਇਹ ਵਿਚਾਰ ਉੱਘੇ ਪੰਜਾਬੀ
ਤੇ ਉਰਦੂ ਸ਼ਾਇਰ ਸਰਦਾਰ ਪੰਛੀ ਹੋਰਾਂ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ
ਪੰਜਾਬੀ ਭਵਨ ਵਿਚ ਕਰਵਾਈ ਗਈ ਗ਼ਜ਼ਲ ਵਰਕਸ਼ਾਪ ਦੌਰਾਨ ਪ੍ਰਧਾਨਗੀ ਕਰਦਿਆਂ ਆਖੇ। ਉਨ੍ਹਾਂ
ਕਿਹਾ ਕਿ ਪੰਜਾਬੀ ਗ਼ਜ਼ਲ ਭਾਰਤੀ ਗ਼ਜ਼ਲ ਤੋਂ ਬਹੁਤ ਅੱਗੇ ਜਾ ਰਹੀ ਹੈ।
ਗ਼ਜ਼ਲ ਵਰਕਸ਼ਾਪ ਦੇ ਵਿਸ਼ਾ ਮਾਹਿਰ ਉਸਤਾਦ ਗ਼ਜ਼ਲਗੋ ਸ੍ਰੀ ਗੁਰਦਿਆਲ ਰੌਸ਼ਨ ਨੇ ਗ਼ਜ਼ਲ ਦੀਆਂ
ਬਾਰੀਕੀਆਂ ਬਾਰੇ ਦਸਦਿਆਂ ਕਿਹਾ ਕਿ ਸ਼ਾਇਰੀ ਖ਼ਾਸ ਕਰ ਗ਼ਜ਼ਲ ਉਹੀ ਸਫ਼ਲ ਮੰਨੀ ਜਾ ਸਕਦੀ ਹੈ
ਜੋ ਲੋਕਾਂ ਦੀ ਬੋਲੀ ਵਿਚ ਲੋਕਾਂ ਲਈ ਹੋਵੇ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਇਹ
ਗ਼ਜ਼ਲ ਵਰਕਸ਼ਾਪ ਗ਼ਜ਼ਲ ਦੀ ਬਿਹਤਰੀ ਲਈ ਸਾਰਥਕ ਯਤਨ ਹੈ। ਇਹ ਯਤਨ ਜਾਰੀ ਰਹਿਣੇ ਚਾਹੀਦੇ ਹਨ।
ਉਸਤਾਦ ਗ਼ਜ਼ਲਗੋ ਵਿਸ਼ਾ ਮਾਹਿਰ ਸ੍ਰੀ ਸੁਲੱਖਣ ਸਰਹੱਦੀ ਨੇ ਗ਼ਜ਼ਲ ਦੇ ਨੁਕਤੇੇ ਸਾਂਝੇ
ਕਰਦਿਆਂ ਕਿਹਾ ਕਿ ਪੰਜਾਬੀ ਗ਼ਜ਼ਲ ਦੀ ਤਕਨੀਕ ਪੱਖ ਪੰਜਾਬੀ ਲਹਿਜ਼ੇ ਵਿਚ ਸਿਰਜਣ ਦੀ ਜ਼ਰੂਰਤ
ਹੈ ਅਤੇ ਅਰੂਜ਼ੀ ਕਿਤਾਬਾਂ ਵਿਚੋਂ ਜੋ ਫਾਲਤੂ ਹੈ ਉਸ ਨੂੰ ਕੱਢ ਦੇਣਾ ਚਾਹੀਦਾ ਹੈ।
ਪੰਜਾਬੀ ਗ਼ਜ਼ਲ ਨੂੰ ਲੋਕਗੀਤਾਂ ਦੀ ਪੇਂਦ ਕਰਨ ਵਾਸਤੇ ਇਸ ਦੇ ਛੰਦ ਬਹਿਰ ਸੌਖੇ ਕਰਨੇ
ਚਾਹੀਦੇ ਹਨ।
ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਨੇ
ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜਿਸ
ਵਿਚ ਗ਼ਜ਼ਲ ਦੇ ਉਸਤਾਦਾਂ ਤੇ ਗ਼ਜ਼ਲ ਸਿੱਖਣ ਦੇ ਚਾਹਵਾਨਾਂ ਨੂੰ ਇਕੱਠੇ ਬਿਠਾਇਆ ਹੈ। ਇਸ
ਨਾਲ ਪੰਜਾਬੀ ਗ਼ਜ਼ਲ ਆਪਣੇ ਨਵੇਂ ਦਿਸਹੱਦਿਆਂ ਵੱਲ ਵਧਣ ਦੇ ਰਾਹ ਪੈ ਗਈ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਗ਼ਜ਼ਲ
ਵਰਕਸ਼ਾਪ ਵਿਚ ਪਹੁੰਚੇ ਉਸਤਾਦਾਂ ਤੇ ਸ਼ਾਇਰਾਂ ਨੂੰ ਤੇ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ
ਇਸ ਲੜੀ ਨੂੰ ਅੱਗੇ ਤੋਰਦਿਆਂ ਇਸੇ ਸਾਲ ਦੌਰਾਨ ਪੰਜਾਬੀ ਦੇ ਗ਼ਜ਼ਲ ਉਸਤਾਦਾਂ ਦੀ ਇਕ ਪੈਨਲ
ਚਰਚਾ ਕਰਵਾਈ ਜਾਵੇਗੀ। ਗ਼ਜ਼ਲ ਵਰਕਸ਼ਾਪ ਦੇ ਕਨਵੀਨਰ ਸ੍ਰੀ ਤ੍ਰੈਲੋਚਨ ਲੋਚੀ ਨੇ ਬਾਖ਼ੂਬੀ
ਮੰਚ ਸੰਚਾਲਨ ਕਰਦਿਆਂ ਉਸਤਾਦਾਂ ਤੇ ਸ਼ਾਇਰਾਂ ਵਿਚਾਲੇ ਪੁਲ ਦਾ ਕੰਮ ਕੀਤਾ।
ਗ਼ਜ਼ਲ ਵਰਕਸ਼ਾਪ ਮੌਕੇ ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਤਰਸੇਮ ਨੂਰ, ਸਤਨਾਮ ਸਿੰਘ
ਕੋਮਲ, ਦੀਪ ਜਗਦੀਪ ਸਿੰਘ, ਰਾਜਦੀਪ ਤੂਰ, ਹਰਸਿਮਰਨ ਕੌਰ, ਅੰਬਰਦੀਪ, ਬਲਰਾਜ ਸਿੰਘ,
ਨੀਲੂ ਬੱਗਾ,ਪਰਮਿੰਦਰ ਅਲਬੇਲਾ ਹੋਰਾਂ ਨੇ ਆਪਣੀਆਂ ਗ਼ਜ਼ਲਾਂ ਸਾਂਝੀਆਂ ਕਰਕੇ ਉਨ੍ਹਾਂ ਦੇ
ਤਕਨੀਕੀ ਨੁਕਤਿਆਂ ਬਾਰੇ ਉਸਤਾਦ ਸ਼ਾਇਰਾਂ ਦੀ ਰਾਏ ਹਾਸਿਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਚਰਨ ਕੌਰ ਕੋਚਰ, ਕੇ. ਸਾਧੂ ਸਿੰਘ, ਜਨਮੇਜਾ
ਸਿੰਘ ਜੌਹਲ, ਸ੍ਰੀਮਤੀ ਇੰਦਰਜੀਤਪਾਲ ਕੌਰ, ਬਲਵਿੰਦਰ ਔਲਖ ਗਲੈਕਸੀ, ਅਮਰਜੀਤ ਸ਼ੇਰਪੁਰੀ,
ਭੁਪਿੰਦਰ ਸਿੰਘ ਚੌਕੀਮਾਨ, ਸੁਰਿੰਦਰ ਦੀਪ, ਰਜਿੰਦਰ ਰਾਜਨ, ਸੁਰਜੀਤ ਸਿੰਘ ਲਾਂਬੜਾ,
ਹਰਦਿਆਲ ਪਰਵਾਨਾ, ਕਮਲੇਸ਼, ਕਮਲਜੀਤ ਕੰਵਰ, ਬਲਕਾਰ ਸਿੰਘ ਸਮਰਾਲਾ, ਸੀਮਾ, ਵਰਿੰਦਰ
ਸਿੰਘ ਅੋਲਖ, ਸੁਰਜੀਤ ਸਿੰਘ ਜੀਤ, ਸੁਰੇਸ਼ ਮਲਿਕ ਨੰਗਲ, ਤਰਨਜੀਤ ਕੌਰ ਗਰੇਵਾਲ, ਰਘਬੀਰ
ਸਿੰਘ ਸੰਧੂ ਸਮੇਤ ਕਾਫ਼ੀ ਗਿਣਤੀ ਵਿਚ ਸ਼ਾਇਰ ਹਾਜ਼ਰ ਸਨ।