ਪੰਜਾਬ ਦੇ ਉਚੇਰੀ ਸਿੱਖਿਆ, ਸਕੂਲ ਸਿੱਖਿਆ ਤੇ ਖੇਡ ਸਭਿਆਚਾਰ ਨੂੰ ਵਿਕਾਸ ਲੀਹ ਤੇ ਪਾਉਣ ਲਈ ਮਾਹਿਰਾਂ ਕੋਲ ਖ਼ੁਦ ਜਾ ਰਿਹਾਂ – ਪਰਗਟ ਸਿੰਘ

Ludhiana Punjabi

DMT : ਲੁਧਿਆਣਾ : (22 ਅਕਤੂਬਰ 2021): – ਪੰਜਾਬ ਦੇ ਸਿੱਖਿਆ, ਖੇਡਾਂ ਤੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਸਃ ਪਰਗਟ ਸਿੰਘ ਓਲੰਪੀਅਨ ਨੇ ਬੀਤੀ ਸ਼ਾਮ  ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਵਿਖੇ ਇਸੇ ਕਾਲਿਜ ਦੇ ਪੰਜਾਹ ਸਾਲ ਪੁਰਾਣੇ ਵਿਦਿਆਰਥੀ ਤੇ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਪ੍ਰੋਃ ਗੁਰਭਜਨ ਗਿੱਲ ਦੀ ਸੁਲੱਖਣ ਸਿੰਘ ਸਰਹੱਦੀ ਵੱਲੋਂ ਸੰਪਾਦਿਤ ਗ਼ਜ਼ਲ ਪੁਸਤਕ ਤਾਰਿਆਂ ਦੇ ਨਾਲ ਗੱਲਾਂ ਕਰਦਿਆਂ ਦੇ ਤੀਜੇ ਸੰਸਕਰਨ ਨੂੰ ਗੈਰ ਰਸਮੀ ਤੌਰ ਤੇ ਲੋਕ ਅਰਪਨ ਕਰਦਿਆਂ ਕਿਹਾ ਹੈ ਕਿ ਚੰਗਾ ਸਿਹਤਮੰਦ ਸਾਹਿੱਤ ਹੀ ਕਿਸੇ ਕੌਮ ਨੂੰ ਸਾਰਥਕ ਦਿਸ਼ਾ ਵੱਲ ਤੋਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਸਾਹਿੱਤ ਤੇ ਸਭਿਆਚਾਰ ਦੀ ਸੰਕਟ ਹੀ ਸਾਨੂੰ ਰਾਜਨੀਤਕ,ਧਾਰਮਿਕ,ਆਰਥਕ ਤੇ ਸਮਾਜਿਕ ਸੰਕਟ ਵੱਲ ਧੱਕਦਾ ਹੈ। ਜਿਸ ਖਿੱਤੇ ਦੇ ਲੋਕ ਸਭਿਆਚਾਰਕ ਤੌਰ ਤੇ ਮਜਬੂਤ ਹੁੰਦੇ ਹਨ ਉਥੇ ਮਸਲੇ ਸਿਰ ਨਹੀਂ ਚੁੱਕਦੇ ਅਤੇ ਹੱਲ ਵੀ ਆਸਾਨ ਹੋ ਜਾਂਦੇ ਹਨ। ਉਨ੍ਹਾਂ ਡਾਃ ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਅਗਵਾਈ ਹੇਠ ਜੁੜੇ ਚੋਣਵੇਂ ਬੁੱਧੀਜੀਵੀਆਂ ਨਾਲ ਬੰਦ ਕਮਰਾ ਮੀਟਿੰਗ ਵਿੱਚ ਸਿੱਖਿਆ, ਭਾਸ਼ਾ ਤੇ ਖੇਡ ਸਭਿਆਚਾਰ ਨਾਲ ਸਬੰਧਿਤ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਡਾਃ ਸ ਪ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਨੀਤੀ, ਖੇਡ ਨੀਤੀ, ਸਾਹਿੱਤ ਵਿਕਾਸ ਤੇ ਸਭਿਆਚਾਰ ਤੇ ਪੁਸਤਕ ਸੱਭਿਆਚਾਰ ਲਈ ਲਾਇਬਰੇਰੀ ਐਕਟ ਸਬੰਧੀ ਸਮਾਂਬੱਧ ਨੀਤੀ ਇਨ੍ਹਾਂ ਵਿਸ਼ਿਆਂ ਦੇ ਨਿਰਪੱਖ ਮਾਹਿਰਾਂ ਨਾਲ ਮਿਲ ਕੇ ਵਿਕਸਤ ਕਰਨ ਦੀ ਪਹਿਲਕਦਮੀ ਕੀਤੀ ਜਾਵੇ। ਡਾਃ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਗਰੇਡਾਂ ਤੇ ਹੋਰ ਕੰਮਾਂ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨਾਲੋਂ ਨਾ ਤੋੜਿਆ ਜਾਵੇ। ਇਹ ਪੰਜਾਬ ਦੇ ਉਚੇਰੇ ਸਿੱਖਿਆ ਤੰਤਰ ਨੂੰ ਨਵੀਆਂ ਚੁਣੌਤੀਆਂ ਦੇ ਰੂਬਰੂ ਖੜ੍ਹਾ ਕਰੇਗਾ। ਉਨ੍ਹਾ ਕਿਹਾ ਕਿ ਪਰਵਾਸੀ ਸਮੱਸਿਆਵਾਂ ਨੂੰ ਸਮਝਣ ਲਈ ਵੀ ਪਰਵਾਸੀ ਸਾਹਿੱਤ ਤੇ ਪਰਵਾਸੀ ਮੀਡੀਆ ਤੋਂ ਸੇਧ ਲਈ ਜਾ ਸਕਦੀ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਬਿਨ ਕਿਸੇ ਉਚੇਚੇ ਸਮਾਗਮ ਦੀ ਥਾਂ ਗੈਰ ਰਸਮੀ ਮਿਲਣੀ ਮੌਕੇ ਹੀ ਭਾਰਤੀ ਹਾਕੀ ਟੀਮ ਦੇ ਲੰਮਾ ਸਮਾਂ ਕਪਤਾਨ, ਹਾਕੀ ਨਾਲ ਸਬੰਧਿਤ ਮੈਗਜ਼ੀਨ ਦੇ ਸੰਪਾਦਕ ਰਹੇ,ਪੰਜਾਬ ਦੇ ਸਿੱਖਿਆ, ਭਾਸ਼ਾ ਤੇ ਖੇਡ ਤੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਉਲੰਪੀਅਨ ਤੇ ਪਦਮ ਸ਼੍ਰੀ ਸਃ ਪਰਗਟ ਸਿੰਘ ਨੇ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਚ ਮੇਰੇ ਅਧਿਆਪਕ ਡਾ. ਸ ਪ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ  ਯੂਨੀਃ ਤੇ ਮੇਰੇ ਸਹਿਪਾਠੀ ਪ੍ਰੋਃ ਮਨਜੀਤ ਸਿੰਘ ਛਾਬੜਾ ਦੀ ਹਾਜ਼ਰੀ ਚ ਮੇਰੀ ਪੁਸਤਕ ਲੋਕ ਅਰਪਨ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਦੀਆਂ ਲਾਇਬਰੇਰੀਆਂ ਲਈ ਗਰਾਂਟ ਖਰਚਣ ਦਾ ਵਿਧੀ ਵਿਧਾਨ ਵੀ ਮੁੜ ਵਿਚਾਰਨ ਦੀ ਲੋੜ ਹੈ। ਭ੍ਰਿਸ਼ਟ ਤਰੀਕਿਆਂ ਨਾਲ ਪ੍ਰਕਾਸ਼ਕਾਂ ਦੀ ਥਾਂ ਆਮ ਦੁਕਾਨਦਾਰ ਹੀ ਹੇਠਲੇ ਮਿਆਰ ਦੀਆਂ ਕਿਤਾਬਾਂ ਵੇਚ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੀ ਬੀ ਐੱਸ ਈ ਵੱਲੋਂ ਪੰਜਾਬੀ ਤੇ ਹੋਰ ਖੇਤਰੀ ਜਬਾਨਾਂ ਨੂੰ ਮੁੱਖ ਵਿਸ਼ੇ ਵਜੋਂ ਹੀ ਮੁੜ ਪ੍ਰਵਾਨ ਕਰਵਾਇਆ ਜਾਵੇ। ਭਾਸ਼ਾ ਵਿਭਾਗ ਵੱਲੋਂ ਪਿਛਲੇ ਛੇ ਸਾਲਾਂ ਲਈ ਐਲਾਨੇ ਪੁਰਸਕਾਰ ਵੀ ਦੇਣ ਦਾ ਯੋਗ ਪ੍ਰਬੰਧ ਕੀਤਾ ਜਾਵੇ।
ਸਃ ਪਰਗਟ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਅਜਿਹਾ ਮੱਕੜਜਾਲ ਤੋੜਨ ਲਈ ਉਹ ਤੁਰੰਤ ਨਿਰਦੇਸ਼ ਜਾਰੀ ਕਰਨਗੇ। ਭਾਸ਼ਾ ਵਿਭਾਗ ਪੁਰਸਕਾਰਾਂ ਤੇ ਹੋਰ ਸਮੱਸਿਆਵਾਂ ਨੂੰ ਨਜਿੱਠਣ ਲਈ ਉਨ੍ਹਾਂ ਪਹਿਲਕਦਮੀ ਕੀਤੀ ਹੈ ਜਿਸ ਦੇ ਨੇੜ ਭਵਿੱਖ ਚ ਚੰਗੇ ਨਤੀਜੇ ਸਾਹਮਣੇ ਆਉਣਗੇ।
ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਃ ਸ ਪ ਸਿੰਘ ਜੀ ਨੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਸਃ ਪਰਗਟ ਸਿੰਘ ਓਲੰਪੀਅਨ ਨੂੰ ਫੁਲਕਾਰੀ ਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਕਾਲਿਜ ਦੇ ਪ੍ਰਿੰਸੀਪਲ ਡਾਃ ਅਰਵਿੰਦਰ ਸਿੰਘ ਭੱਲਾ, ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰ ਮਨਜੀਤ ਸਿੰਘ ਛਾਬੜਾ ਤੇ ਅਧਿਆਪਕਾਂ ਨੇ ਸਃ ਪਰਗਟ ਸਿੰਘ ਦਾ ਕਾਲਿਜ ਪਹੁੰਚਣ ਤੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਇਸ ਮੌਕੇ ਪੰਜਾਬ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਸਃ ਅਮਰਜੀਤ ਸਿੰਘ ਟਿੱਕਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *