ਭਾਸ਼ਾ ਵਿਭਾਗ ਵੱਲੋਂ ਲੁਧਿਆਣਾ ਕੌਮਾਂਤਰੀ ਮਾਂ-ਬੋਲੀ ਦਿਹਾੜਾ ਮਨਾਇਆ

Ludhiana Punjabi

DMT : ਲੁਧਿਆਣਾ : (21 ਫਰਵਰੀ 2023) : –  ਭਾਸ਼ਾ ਵਿਭਾਗ , ਪੰਜਾਬ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਯਤਨਸ਼ੀਲ ਹੈ। ਭਾਸ਼ਾ ਵਿਭਾਗ ਪੰਜਾਬ ਦੇ ਦਫਤਰ ਜ਼ਿਲ੍ਹਾ ਭਾਸ਼ਾ ਲੁਧਿਆਣਾ ਵੱਲੋਂ ਡਾਇਰੈਕਟਰ ਭਾਸ਼ਾ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ਼ ਕੌਮਾਂਤਰੀ ਮਾਂ-ਬੋਲੀ ਦਿਹਾੜਾ ਮਨਾਇਆ ਗਿਆ । ਇਸ ਵਾਰ ਇਹ ਦਿਹਾੜਾ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਸਰਕਾਰ ਦੁਆਰਾ ਰਾਜ ਭਾਸ਼ਾ ਐਕਟ ਨੂੰ ਮੁਕੰਮਲ ਤੌਰ ਉਤੇ ਲਾਗੂ ਕਰਨ ਅਤੇ ਦੁਕਾਨਾਂ ਤੇ ਵਪਾਰਕ ਅਦਾਰਿਆਂ ਆਦਿ ਦੇ ਬੋਰਡ ਪੰਜਾਬੀ ਭਾਸ਼ਾ /ਗੁਰਮੁਖੀ ਲਿੱਪੀ ਵਿੱਚ ਕਰੇ ਜਾਣ ਦਾ ਟੀਚਾ ਵੀ ਮਿੱਥਿਆ ਗਿਆ ਹੈ ।
ਅੱਜ ਦੇ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਸੰਦੀਪ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸ.ਦੀਪ ਜਗਦੀਪ ਸਿੰਘ ਦਾ ਮਾਤ-ਭਾਸ਼ਾ ਪੰਜਾਬੀ ਰਾਹੀਂ ਪੱਤਰਕਾਰਤਾ ਤੇ ਅਨੁਵਾਦ ਦੇ ਖੇਤਰ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ  ਬਾਰੇ ਵਿਸਥਾਰ ਭਾਸ਼ਨ ਕਰਵਾਇਆ ਗਿਆ ।ਸਮਾਗਮ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ.ਤਨਵੀਰ ਲਿਖਾਰੀ ਨੇ ਕੀਤੀ । ਉਨ੍ਹਾਂ ਨੇ ਆਪਣੇ ਵਿਚਾਰ ਸਾਂਝਿਆਂ ਕਰਦਿਆਂ ਕਿਹਾ ਕਿ ਬੇਸ਼ੱਕ ਮੌਜੂਦਾ ਦੌਰ ਵਿੱਚ ਹੋਰ ਭਾਸ਼ਾਵਾਂ ਸਿੱਖਣ ਦੀ ਲੋੜ ਹੈ ਪਰ ਮਾਂ-ਬੋਲੀ ਦਾ ਮਹੱਤਵ ਹਰ ਦੌਰ ਵਿੱਚ ਬਰਕਰਾਰ ਰਹੇਗਾ ।ਸਮਾਗਮ  ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਚਿੰਤਕ ਤੇ ਸਮਾਜ ਸੇਵੀ ਸ.ਬਲਕੌਰ ਸਿੰਘ ਗਿੱਲ ਨੇ ਸ਼ਿਰਕਤ ਕੀਤੀ ।ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਮਾਂ ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਦੀ ਤਹਿ ਤੱਕ ਪਹੁੰਚੇ ਬਗੈਰ ਇਨ੍ਹਾਂ ਸਮੱਸਿਆਵਾਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ । ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ.ਬਲਵਿੰਦਰ ਸਿੰਘ ਔਲ਼ਖ ,ਸ ਆਰ.ਪੀ ਸਿੰਘ(ਸੰਚਾਲਕ ਪੰਜਾਬੀ ਭਾਸ਼ਾ ਪਾਸਾਰ ਭਾਈਚਾਰਾ ਲੁਧਿਆਣਾ ਇਕਾਈ)  ਅਤੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਸਥਾਪਿਤ ਕਰਨ ਲਈ ਵੱਡੀ ਮੁਹਿੰਮ ਵਿੱਢਣ ਵਾਲੇ ਸ਼੍ਰੀ ਹਰੀਸ਼ ਮੌਦਗਿਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।
ਇਸ ਮੌਕੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਲਾਕਾਰ ਬੁੱਤ ਘਾੜੇ ਹਰਮਿੰਦਰ ਬੋਪਾਰਾਏ ਦਾ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਵੱਡਾ ਤੇ ਵਿਲੱਖਣ ਯੋਗਦਾਨ ਪਾਉਣ ਬਦਲੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਜ਼ਿਕਰਯੋਗ ਹੈ ਕਿ ਕਲਾਕਾਰ ਹਰਮਿੰਦਰ ਬੋਪਾਰਾਏ ਦੀ ਗੁਰਮੁਖੀ ਲਿੱਪੀ ਬਾਰੇ ਤਿਆਰ ਕੀਤੀਆਂ ਕਲਾਕ੍ਰਿਤਾਂ ਤਕਰੀਬਨ ਵੀਹ ਦੇਸ਼ਾਂ ਵਿੱਚ ਲੱਗ ਚੁੱਕੀਆਂ ਹਨ ।ਅੰਤ ਵਿੱਚ ਡਾ.ਸੰਦੀਪ ਸ਼ਰਮਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ।
ਮੰਚ ਦਾ ਸੰਚਾਲਨ ਪ੍ਰੋ.ਮਿਤਾਲੀ ਤਲਵਾਰ ਨੇ ਬਹੁਤ ਸੋਹਣੇ ਢੰਗ ਅਤੇ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਤੋਂ ਸੁਖਦੀਪ ਸਿੰਘ ਅਤੇ ਕਾਲਜ ਸਟਾਫ਼ ਵਿੱਚੋਂ ਪ੍ਰੋ ਅਮਿਤਾ ਥੰਮਨ ਮੁਖੀ ਪੰਜਾਬੀ ਵਿਭਾਗ ,ਬਲਜੀਤ ਕੌਰ ,ਅਮਨਦੀਪ ਸਿੰਘ,ਹਰਜਿੰਦਰ ਕੌਰ ,ਜਸਵਿੰਦਰ ਸਿੰਘ ਧਨਾਨਸੂ ,ਪਰਮਜੀਤ ਸਿੰਘ ਸਟਾਫ਼ ਵਿੱਚੋਂ ਮੌਜੂਦ ਸਨ ।  

Leave a Reply

Your email address will not be published. Required fields are marked *