- ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਪੇਸ਼ ਹੇਵੇਗੀ ਮੁਹੰਮਦ ਇਰਸ਼ਾਦ ਦੀ ਸੂਫ਼ੀ ਸੁਰਮਈ ਸ਼ਾਮ
DMT : ਲੁਧਿਆਣਾ : (17 ਅਪ੍ਰੈਲ 2023) : – ਪੰਜਾਬ ਦੇ ਆਖ਼ਰੀ ਸਿੱਖ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਕੋਠੀ ਬੱਸੀਆਂ ਨੂੰ ਅੰਤਰ ਰਾਸ਼ਟਰੀ ਖਿੱਚ ਦਾ ਕੇਂਦਰ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਚਨਬੱਧ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਏਕੋਟ ਹਲਕੇ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਵਿਖੇ ਮੁੜ ਵਿਕਾਸ ਕਾਰਜ ਸ਼ੁਰੂ ਕੀਤੇ ਹਨ ।
ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਦੱਸਿਆ ਕਿ 18 ਅਪ੍ਰੈਲ ਨੂੰ ਅੰਤਰਰਾਸ਼ਟਰੀ ਵਿਰਾਸਤ ਦਿਵਸ ਦੇ ਮੌਕੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿਃ)ਦੇ ਉਪਰਾਲੇ ਨਾਲ ਚੇਅਰਮੈਨ ਪ੍ਰੋਃਗੁਰਭਜਨ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਵਿਸ਼ਾਲ ਪੰਜਾਬੀ ਲੋਕ ਕਲਾ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੈਡਮ ਸੁਰਭੀ ਮਲਿਕ ਸਵੇਰੇ 11 ਵਜੇ ਕਰਨਗੇ।
ਰਾਏਕੋਟ ਹਲਕੇ ਦੇ ਵਿਧਾਇਕ ਸਃ ਹਾਕਮ ਸਿੰਘ ਠੇਕੇਦਾਰ ਐੱਸ ਡੀ ਐੱਮ ਸਃ ਗੁਰਬੀਰ ਸਿੰਘ ਕੋਹਲੀ ਤੇ ਟਰੱਸਟ ਦੇ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ ਨੇ ਸਮਾਗਮ ਦੀ ਰੂਪ ਰੇਖਾ ਜਾਰੀ ਕਰਦਿਆਂ ਦੱਸਿਆ ਕਿ ਸਃ ਨਵਜੋਤ ਸਿੰਘ ਮੰਡੇਰ( ਜਰਗ)ਚੇਅਰਮੈਨ ਜੈਨਕੋ ਦੀ ਅਗਵਾਈ ਹੇਠ ਲੋਕ ਸੰਗੀਤ ਪੇਸ਼ਕਾਰੀਆਂ ਹੋਣਗੀਆਂ। ਅਹਿਮਦਗੜ੍ਹ ਮੰਡੀ ਦੇ ਵਾਸੀ ਤੇ ਉੱਘੇ ਕਵੀ ਤੇ ਲੋਕ ਫਨਕਾਰ ਅੰਮ੍ਰਿਤਪਾਲ ਸਿੰਘ ਪਾਲੀ ਖ਼ਾਦਿਮ ਦੀ ਅਗਵਾਈ ਹੇਠ ਲੋਕ ਸਾਜ਼ ਵਾਦਨ ਅਤੇ ਮਲਵਈ ਗਿੱਧਾ ਪੇਸ਼ ਕੀਤਾ ਜਾਵੇਗਾ।
ਸਃ ਹਰਜੀਤ ਸਿੰਘ ਗਰੇਵਾਲ ਚੇਅਰਮੈਨ,ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਮਾਰਸ਼ਲ ਆਰਟ ਗਤਕਾ ਦੇ ਜੌਹਰ ਦਿਖਾਏ ਜਾਣਗੇ ।
ਟਰਸਟ ਦੇ ਅਹੁਦੇਦਾਰ ਸਃ ਪਿਰਥੀਪਾਲ ਸਿੰਘ ਪ੍ਰਧਾਨ ਸੁਰਜੀਤ ਮੇਮੋਰੀਅਲ ਫਾਊਂਡੇਸ਼ਨ ਬਟਾਲਾ ਵੱਲੋਂ ਪ੍ਰੋਫੈਸਰ ਬਲਵੀਰ ਸਿੰਘ ਕੋਲਾ ਦੀ ਅਗਵਾਈ ਵਿਚ ਲੋਕ ਨਾਚ ਭੰਗੜਾ ਰਵਾਇਤੀ ਸਿਆਲਕੋਟੀ ਪੇਸ਼ਕਾਰੀ ਹੋਵੇਗੀ।
ਟੋਰੰਟੋ ਵੱਸਦੇ ਦਾਨਵੀਰ ਤੇ ਵਿਸ਼ਵ ਪੰਜਾਬੀ ਸਭਾ ਟਰਾਂਟੋ ਦੇ ਚੇਅਰਮੈਨ ਸਃ ਦਲਬੀਰ ਸਿੰਘ ਕਥੂਰੀਆ ਵੱਲੋਂ ਭੇਂਟ ਮਦਦ ਨਾਲ ਦਸਤਾਰਾਂ ਭੇਂਟ ਕੀਤੀਆਂ ਜਾਣਗੀਆਂ। ਇਸ ਮੌਕੇ ਵਿਰਸਾ ਸੰਭਾਲ ਸਿਰਦਾਰੀ ਲਹਿਰ ਪੰਜਾਬ ਦੇ ਸਹਿਯੋਗ ਸਦਕਾ ਦਸਤਾਰ ਮੁਕਾਬਲੇ ਚ ਜੇਤੂ ਸੀਨੀਅਰ ਤੇ ਜੂਨੀਅਰ ਵਰਗ ਦੇ ਵਿਦਿਆਰਥੀਆਂ ਨੂੰ ਸਾਹਿਲ ਅਮਰੀਕਾ ਵੱਲੋਂ ਸਪਾਂਸਰ ਨਗਦ ਇਨਾਮ ਦਿੱਤੇ ਜਾਣਗੇ। ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਦੱਸਿਆ ਕਿ ਸ਼ਾਮ 5 ਤੋਂ 7 ਵਜੇ ਤਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਸਿਰਕੱਢ ਉਦਯੋਗਪਤੀਆਂ ਨਾਲ ਕਲਾ ਦੀ ਸਰਪ੍ਰਸਤੀ ਸਬੰਧੀ ਮਿਲਣੀ ਹੋਵੇਗੀ ।ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀਮਤੀ ਸੁਰਭੀ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਮਿਸ ਅਨਮੋਲ ਗਗਨ ਮਾਨ ਹੋਣਗੇ। ਸਮਾਗਮ ਦੀ ਪ੍ਰਧਾਨਗੀ ਮੈਂਬਰ ਪਾਰਲੀਮੈਂਟ ਸ਼੍ਰੀ ਸੰਜੀਵ ਅਰੋੜਾ ਕਰਨਗੇ।
ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਪ੍ਰਸਿੱਧ ਸੂਫ਼ੀ ਗਾਇਕ ਮੁਹੰਮਦ ਇਰਸ਼ਾਦ ਇਸ ਮੌਕੇ ਸੁਰਮਈ ਸ਼ਾਮ ਪੇਸ਼ ਕਰਨਗੇ।
ਉੱਘੇ ਫੋਟੋ ਆਰਟਿਸਟ ਸਃ ਹਰਪ੍ਰੀਤ ਸਿੰਘ ਸੰਧੂ ਵੱਲੋਂ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬਾਰੇ ਬਣਾਈ ਦਸਤਾਵੇਜ਼ੀ ਫ਼ਿਲਮ ਨੂੰ ਅੰਤਰ ਰਾਸ਼ਟਰੀ ਸਰਕਟ ਵਿੱਚ ਲੋਕ ਅਰਪਨ ਕੀਤਾ ਜਾਵੇਗਾ। ਇਸ ਸਥਾਨ ਤੇ ਸੈਲਾਨੀਆਂ ਦੇ ਫੋਟੋ ਖਿਚਵਾਉਣ ਲਈ ਇੱਕ ਸੈਲਫੀ ਪੁਆਇੰਟ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਵੀ ਕੀਤਾ ਜਾਵੇਗਾ।