- ਵਾਅਦੇ, ਨਾਅਰੇ, ਲਾਰਿਆਂ ਤੋਂ ਪੰਜਾਬੀਆਂ ਦਾ ਪਹਿਲਾਂ ਹੀ ਭਰੋਸਾ ਉੱਠ ਗਿਆ ਸੀ, ਹੁਣ ਤਾਂ ਗਰੰਟੀ ਸ਼ਬਦ ਨੂੰ ਵੀ ਹਲਕਾ ਪਾ ਦਿੱਤਾ ਆਪ ਸਰਕਾਰ ਨੇ
- ਕਿਸਾਨ, ਵਿਉਪਾਰੀਆਂ, ਕਾਰਖ਼ਾਨੇਦਾਰ, ਮਜ਼ਦੂਰ, ਮੁਲਾਜ਼ਮ, ਦੁਕਾਨਦਾਰ ਅਤੇ ਯੂਥ ਸਭ ਮਾਯੂਸੀ, ਖ਼ਾਮੋਸ਼ੀ ਅਤੇ ਨਿਰਾਸ਼ਾ ਦੇ ਆਲਮ ‘ਚ ਪਹੁੰਚੇ
DMT : ਲੁਧਿਆਣਾ : (11 ਮਾਰਚ 2023) : – ਪੰਜਾਬ ਦੇ ਸਭ ਵਰਗਾਂ ਦੇ ਲੋਕ ਆਪ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਸਬੰਧੀ ਕਾਫ਼ੀ ਆਸਵੰਦ ਸਨ। ਸੋਚਦੇ ਸਨ ਕਿ ਜੋ ਕਹਿੰਦੇ ਹਨ ਉਹ ਕਰਨਗੇ ਵੀ ਪਰ ਇਸ ਵਾਰ ਦੇ ਬਜਟ ਨੇ ਪੰਜਾਬੀਆਂ ਦਾ ਆਪ ਸਰਕਾਰ ਤੋਂ ਵਿਸ਼ਵਾਸ ਉਠਾ ਦਿੱਤਾ। ਇਹ ਸ਼ਬਦ ਸੀਨੀਅਰ ਕਾਂਗਰਸੀ ਨੇਤਾ ਕੁੱਲ ਹਿੰਦ ਕਾਂਗਰਸ ਦੇ ਓ.ਬੀ.ਸੀ. ਵਿਭਾਗ ਦੇ ਪੰਜਾਬ ਦੇ ਕੋਆਰਡੀਨੇਟਰ (ਇੰਚਾਰਜ) ਕ੍ਰਿਸ਼ਨ ਕੁਮਾਰ ਬਾਵਾ ਨੇ ਕਹੇ।
ਬਾਵਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਫ਼ੋਟੋ ਚਮਕ ਰਹੀ ਹੈ ਪਰ ਬਜਟ ਨੇ ਪੰਜਾਬ ਦੀ ਤਸਵੀਰ ਧੁੰਦਲੀ ਬਣਾਈ ਜਿਸ ਨਾਲ ਪੰਜਾਬੀਆਂ ਦੀਆਂ ਆਸਾਂ ‘ਤੇ ਪਾਣੀ ਫਿਰਿਆ। ਉਹਨਾਂ ਕਿਹਾ ਕਿ ਵਾਅਦੇ, ਨਾਅਰੇ, ਲਾਰਿਆਂ ਤੋਂ ਪੰਜਾਬੀਆਂ ਦਾ ਪਹਿਲਾਂ ਹੀ ਭਰੋਸਾ ਉੱਠ ਗਿਆ ਸੀ, ਹੁਣ ਤਾਂ ਗਰੰਟੀ ਸ਼ਬਦ ਨੂੰ ਵੀ ਆਪ ਸਰਕਾਰ ਨੇ ਹਲਕਾ ਪਾ ਦਿੱਤਾ। ਹੁਣ ਤਾਂ ਦੁਕਾਨਦਾਰ ਵੀ ਸਮਾਨ ਵੇਚਣ ਸਮੇਂ ਗਰੰਟੀ ਦੇਣ ਤੋਂ ਹਟ ਗਏ ਹਨ ਕਿਉਂ ਕਿ ਗਾਹਕ ਅੱਗੋਂ ਕਹਿੰਦਾ ਹੈ ਕਿ ਗਰੰਟੀ ਕੇਜਰੀਵਾਲ ਵਾਲੀ ਤਾਂ ਨਹੀਂ…?
ਉਹਨਾਂ ਕਿਹਾ ਕਿ ਕਿਸਾਨ, ਵਿਉਪਾਰੀਆਂ, ਕਾਰਖ਼ਾਨੇਦਾਰ, ਮਜ਼ਦੂਰ, ਮੁਲਾਜ਼ਮ, ਦੁਕਾਨਦਾਰ ਅਤੇ ਯੂਥ ਸਭ ਮਾਯੂਸੀ, ਖ਼ਾਮੋਸ਼ੀ ਅਤੇ ਨਿਰਾਸ਼ਾ ਦੇ ਆਲਮ ‘ਚ ਪਹੁੰਚ ਗਏ ਹਨ ਕਿਉਂ ਕਿ ਇਸਤਰੀ ਜਾਤੀ ਦਾ ਤਾਂ 1000 ਰੁਪਏ ਨਾ ਆਉਣ ‘ਤੇ ਪਹਿਲਾਂ ਹੀ ਵਿਸ਼ਵਾਸ ਉੱਠ ਗਿਆ ਸੀ ਪਰ ਹੁਣ ਤਾਂ ਸਭ ਪੰਜਾਬੀਆਂ ਦਾ ਵੀ ਸੂਬਾ ਸਰਕਾਰ ਤੋਂ ਯਕੀਨ ਉੱਠ ਗਿਆ ਹੈ।