ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਬਣਨ ਤੇ  ਡਾਃ ਲਖਵਿੰਦਰ ਸਿੰਘ ਜੌਹਲ ਤੇ ਉਨ੍ਹਾਂ ਦੀ ਟੀਮ ਨੂੰ  ਪ੍ਰੋਃ ਗਿੱਲ ਤੇ ਹੋਰ ਲੇਖਕਾਂ ਵੱਲੋਂ ਮੁਬਾਰਕਾਂ

Ludhiana Punjabi

DMT : ਲੁਧਿਆਣਾ : (19 ਮਈ 2023) : – ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੂੰ ਪੰਜਾਬੀ ਲੇਖਕਾਂ ਦੀ ਸਹਿਕਾਰੀ ਜਥੇਬੰਦੀ ਪੰਜਾਬੀ ਰਾਈਟਰਜ਼ ਕੋਅਪਰੇਟਿਵ ਸੁਸਾਇਟੀ ਲਿਮਟਿਡ ਦੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਅਗਲੇ ਪੰਜ ਸਾਲਾਂ ਲਈ ਪ੍ਰਧਾਨ ਚੁਣਿਆ ਗਿਆ ਹੈ। ਇਸ ਚੋਣ ਤੇ ਮੁਬਾਰਕ ਦੇਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਅੱਧੀ ਸਦੀ ਪੁਰਾਣੀ ਇਸ ਸਹਿਕਾਰੀ ਸੰਸਥਾ ਨੇ ਪੰਜਾਬੀ ਸਾਹਿੱਤ ਨੂੰ ਬਹੁਤ ਮੁੱਲਵਾਨ ਪ੍ਰਕਾਸ਼ਨਾਵਾਂ ਤੇ ਸੇਵਾਵਾਂ ਦਿੱਤੀਆਂ ਹਨ।  ਇਸ ਦੀਆਂ ਸਰਗਰਮੀਆਂ ਦਾ ਕੇਂਦਰ ਲੰਮਾ ਸਮਾਂ ਲੁਧਿਆਣਾ ਰਿਹਾ ਹੋਣ ਕਰਕੇ ਮੈ ਇਸ ਸੰਸਥਾ ਦੀ ਸਮਰਥਾ ਤੋਂ ਜਾਣੂੰ ਹਾਂ। ਮੈਂ ਉਮੀਦ ਕਰਾਂਗਾ ਕਿ ਡਾਃ ਲਖਵਿੰਦਰ ਸਿੰਘ ਜੌਹਲ ਤੇ ਵਿਸ਼ਵਾਸਪਾਤਰ ਸਾਥੀਆਂ ਦੀ ਟੀਮ ਨੇੜ ਭਵਿੱਖ ਵਿੱਚ ਮਹੱਤਵਪੂਰਨ ਸੇਵਾਵਾਂ ਦੇਵੇਗੀ। ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸੁਖਜੀਤ, ਪੰਜਾਬੀ ਕਵੀ ਡਾਃ ਗੁਰਇਕਬਾਲ ਤੂਰ, ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ, ਮਨਜਿੰਦਰ ਧਨੋਆ ਤੇ ਬੂਟਾ ਸਿੰਘ ਚੌਹਾਨ ਨੇ ਵੀ ਜਾਃ ਜੌਹਲ ਤੇ ਉਨ੍ਹਾਂ ਦੀ ਨਵੀਂ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ।

ਸਃ ਸੁਰਿੰਦਰ ਸਿੰਘ ਸੁੰਨੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਉਘੇ ਪੰਜਾਬੀ ਕਵੀ ਡਾ. ਲਖਵਿੰਦਰ ਸਿੰਘ ਜੌਹਲ ਨੂੰ ਸਰਬ ਸੰਮਤੀ ਨਾਲ ਸੁਸਾਇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਉਹ ਡਾਕਟਰ ਬਿਕਰਮ ਸਿੰਘ ਘੁੰਮਣ ਦੀ ਥਾਂ ਲੈਣਗੇ।
 ਅਗਲੇ ਪੰਜ ਸਾਲਾਂ ਲਈ ਹੋਈ ਇਸ  ਚੋਣ ਵਿੱਚ ਉਘੇ ਪੰਜਾਬੀ ਕਹਾਣੀਕਾਰ ਮੁਖਤਿਆਰ ਸਿੰਘ ਨੂੰ ਮੀਤ ਪ੍ਰਧਾਨ , ਪੰਜਾਬੀ ਆਲੋਚਕ ਡਾਕਟਰ ਹਰਜਿੰਦਰ ਸਿੰਘ ਅਟਵਾਲ ਨੂੰ ਸਕੱਤਰ-ਕਮ-ਵਿਤ ਸਕੱਤਰ , ਪਰਵਾਸੀ ਕਵੀ ਸੁਰਿੰਦਰ ਸਿੰਘ ਸੁੰਨੜ ਨੂੰ ਮੈਨੇਜਿੰਗ ਡਾਇਰੈਕਟਰ ਅਤੇ ਬਾਲ ਸਾਹਿਤ ਲੇਖਕ ਡਾਕਟਰ ਦਰਸ਼ਨ ਸਿੰਘ ਆਸ਼ਟ ਨੂੰ ਮੀਡੀਆ ਸਕੱਤਰ ਚੁਣਿਆ ਗਿਆ ਹੈ।
 ਮੀਟਿੰਗ ਉਪਰੰਤ ਸੁਸਾਇਟੀ   ਦੇ ਮੀਡੀਆ ਸਕੱਤਰ ਡਾ. ਦਰਸ਼ਨ ਸਿੰਘ ਆਸ਼ਟ ਨੇ ਦੱਸਿਆ ਕਿ ਸੁਸਾਇਟੀ ਦੇ ਆਮ ਇਜਲਾਸ ਵਿੱਚ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ ਵੀ ਸਰਬ ਸੰਮਤੀ ਨਾਲ ਹੀ ਕੀਤੀ ਗਈ ਸੀ।ਇਹ ਆਮ ਇਜਲਾਸ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਇੰਸਪੈਕਟਰਾਂ ਇਸ਼ਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਦੀ ਦੇਖ-ਰੇਖ ਹੇਠ 23 ਅਪ੍ਰੈਲ 2023 ਨੂੰ ਹੋਇਆ ਸੀ। ਜਿਸ ਵਿਚ ਉਕਤ ਅਹੁਦੇਦਾਰਾਂ ਸਮੇਤ,ਪ੍ਰੋਫੈਸਰ ਸੁਰਜੀਤ ਜੱਜ, ਡਾ ਜਗੀਰ ਸਿੰਘ ਨੂਰ, ਅਮਨਜੀਤ ਕੌਰ, ਡਾ ਰਣਜੀਤ ਕੌਰ, ਡਾ ਉਮਿੰਦਰ ਸਿੰਘ ਜੌਹਲ, ਪਰਮਜੀਤ ਕੌਰ ਅਤੇ ਰਾਜਿੰਦਰਪਾਲ ਨੂੰ ਡਾਇਰੈਕਟਰ ਚੁਣਿਆ  ਗਿਆ। ਇਸ ਮੌਕੇ ਡਾਕਟਰ ਬਿਕਰਮ ਸਿੰਘ ਘੁੰਮਣ ਅਤੇ ਡਾਕਟਰ ਚਰਨਜੀਤ ਸਿੰਘ ਗੁਮਟਾਲਾ ਵਲੋਂ ਸੰਪਾਦਿਤ ਕੀਤੀਆਂ ਕਿਤਾਬਾਂ, ‘ਗੁਰੂ ਤੇਗ਼ ਬਹਾਦਰ : ਜੀਵਨ ਚਿੰਤਨ ਅਤੇ ਬਾਣੀ’ ਅਤੇ ‘ਗੁਰੂ ਨਾਨਕ ਬਾਣੀ : ਸਰੋਕਾਰ ਅਤੇ ਪੈਗ਼ਾਮ’ ਲੋਕ ਅਰਪਣ ਕੀਤੀਆਂ ਗਈਆਂ।
ਵਰਣਨਯੋਗ ਹੈ ਕਿ ‘ਪੰਜਾਬੀ ਰਾਈਟਰਜ਼ ਕੋਅਪਰੇਟਿਵ ਸੁਸਾਇਟੀ ਲਿਮਟਿਡ” ਪੰਜਾਬੀ ਲੇਖਕਾਂ  ਦੀ ਇਕੋ-ਇਕ ਸੰਸਥਾ ਹੈ, ਜਿਸ ਨੂੰ ਸਹਿਕਾਰਤਾ ਵਿਭਾਗ ਪੰਜਾਬ ਦੀ ਸਰਪ੍ਰਸਤੀ ਹਾਸਲ ਹੈ। ਇਸ ਸੰਸਥਾ ਦੀ ਸਥਾਪਨਾ 1975 ਵਿਚ ਲੁਧਿਆਣਾ ਵਿਖੇ ਹੀ ਹੋਈ ਸੀ।
ਸਃ ਸੇਵਾ ਸਿੰਘ ਮਾਨ, ਡਾ.ਅਮਰਜੀਤ ਸਿੰਘ ਗੋਰਕੀ,ਡਾ.ਰਣਧੀਰ ਸਿੰਘ ਚੰਦ, ਡਾ.ਗੁਰਬਖ਼ਸ਼ ਸਿੰਘ ਫਰੈੰਕ ਅਤੇ ਡਾ.ਬਿਕਰਮ ਸਿੰਘ ਘੁੰਮਣ  ਇਸ ਦੇ ਪ੍ਰਧਾਨ ਰਹਿ ਚੁਕੇ ਹਨ।

Leave a Reply

Your email address will not be published. Required fields are marked *