- ਅਧਿਆਪਕਾਂ ਨੂੰ ਸਮਾਜ ਦੇ ਸਿਰਜਣਹਾਰ ਦੱਸਦਿਆਂ ਕੀਤਾ ਵਿਸ਼ੇਸ਼ ਸਨਮਾਨ
- ਅਧਿਆਪਕ ਬੱਚਿਆਂ ਦੀ ਸ਼ਖਸੀਅਤ ਨੂੰ ਨਿਖਾਰਨ ‘ਚ ਵੱਡੀ ਭੂਮਿਕਾ ਨਿਭਾਉਂਦੇ ਹਨ – ਐਸ.ਡੀ.ਐਮ. ਗੁਰਬੀਰ ਸਿੰਘ ਕੋਹਲੀ
DMT : ਲੁਧਿਆਣਾ : (05 ਸਤੰਬਰ 2023) : – ਅਧਿਆਪਕ ਦਿਵਸ ਤੇ ਅੱਜ ਭਗਵਾਨ ਮਹਾਂਵੀਰ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ ਜੇਸੀਆਈ ਦੇ ਸਾਬਕਾ ਜੋਨ ਮੀਤ ਪ੍ਰਧਾਨ ਮੁਹੰਮਦ ਅਖਤਰ ਜੁਬੇਰੀ ਦੀ ਅਗਵਾਈ ਹੇਠ ਸਕੂਲ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸਡੀਐਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਨੇ ਸ਼ਿਰਕਤ ਕੀਤੀ।
ਇਸ ਮੌਕੇ ਐਸਡੀਐਮ ਗੁਰਬੀਰ ਸਿੰਘ ਕੋਹਲੀ ਵੱਲੋਂ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਪੌਦੇ ਲਗਾ ਕੇ ਕੀਤੀ ਗਈ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਐਸਡੀਐਮ ਗੁਰਬੀਰ ਸਿੰਘ ਕੋਹਲੀ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੇ ਵਿਕਾਸ ‘ਚ ਸਭ ਤੋਂ ਵੱਡਾ ਯੋਗਦਾਨ ਅਧਿਆਪਕਾਂ ਦਾ ਹੁੰਦਾ ਹੈ, ਜੋ ਬੱਚਿਆਂ ਦੀ ਸ਼ਖਸੀਅਤ ਨੂੰ ਨਿਖਾਰਨ ‘ਚ ਵੱਡੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਗੁਰੂ ਤੋਂ ਬਿਨਾਂ ਅਸੀਂ ਗਿਆਨ ਪ੍ਰਾਪਤ ਨਹੀਂ ਕਰ ਸਕਦੇ। ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਹੁੰਦਾ ਹੈ।
ਉਨ੍ਹਾਂ ਤੋਂ ਇਲਾਵਾ ਮੁਹੰਮਦ ਅਖਤਰ ਜੁਬੇਰੀ ਅਤੇ ਡਾਕਟਰ ਪ੍ਰਵੀਨ ਅੱਗਰਵਾਲ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ, ਜਿਨ੍ਹਾਂ ਨੇ ਪੜ੍ਹਾਈ ਨੂੰ ਬਹੁਤ ਤਵੱਜੋ ਦਿੱਤੀ ਅਤੇ ਪਰਿਵਾਰ ਵਿਰੁੱਧ ਜਾ ਕੇ ਪੜ੍ਹਾਈ ਕੀਤੀ। ਉਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਕਿੱਤਾ ਦੁਨੀਆਂ ਦੇ ਸਭ ਕੰਮਾਂ ਤੋਂ ਚੰਗਾ, ਉੱਤਮ ਅਤੇ ਸਤਿਕਾਰ ਵਾਲਾ ਹੈ। ਇੱਕ ਅਧਿਆਪਕ ਹੀ ਹੈ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦਾ ਹੈ।
ਸਮਾਗਮ ਦੇ ਅਖੀਰ ਵਿਚ ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਵੱਲੋਂ ਐਸਡੀਐਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰੈਸ ਕਲੱਬ ਰਾਏਕੋਟ ਦੇ ਪ੍ਰਧਾਨ ਨਵਦੀਪ ਸਿੰਘ, ਵਿਨੋਦ ਜੈਨ, ਰਾਜਿੰਦਰ ਸਿੰਘ ਕਾਕਾ ਪ੍ਰਧਾਨ, ਕੌਂਸਲਰ ਮੁਹੰਮਦ ਇਮਰਾਨ, ਸੰਦੀਪ ਸਿੰਘ ਸੋਨੀ ਬਾਬਾ, ਰਘਵੀਰ ਸਿੰਘ ਜੱਗਾ, ਸੁਸ਼ੀਲ ਵਰਮਾ, ਸੰਜੀਵ ਭੱਲਾ, ਅਮਰੀਕ ਸਿੰਘ, ਲਖਵਿੰਦਰ ਸਿੰਘ ਲੱਖਾ ਮੱਲ੍ਹੀ ਤੋਂ ਇਲਾਵਾ ਅਧਿਆਪਕ ਲੈਕਚਰਾਰ ਰਮਨਦੀਪ ਸਿੰਘ, ਸੰਜੀਵ ਕੁਮਾਰ, ਅਰਸ਼ਦੀਪ ਸਿੰਘ, ਵਨੀਤਾ ਸ਼ਰਮਾਂ, ਰਾਜਵਿੰਦਰ ਸਿੰਘ, ਸੁਸ਼ਮਾ ਜੈਨ, ਸੁਮਿਤ ਕਾਲੜਾ, ਜਸਵੀਰ ਕੌਰ, ਸੁਮਨਦੀਪ ਕੌਰ, ਜਗਨਦੀਪ ਸਿੰਘ, ਸਨੇਹ ਲਤਾ, ਗੁਰਜਿੰਦਰ ਸਿੰਘ ਆਦਿ ਸਮੇਤ ਵਿਦਿਆਰਥੀ ਹਾਜ਼ਰ ਸਨ।