ਲੁਧਿਆਣਾ ‘ਚ ਵਿਸ਼ੇਸ਼ ਚੈਕਿੰਗ ਦੌਰਾਨ ਨਿਯਮਾਂ ਵਿਰੁੱਧ ਚੱਲਣ ਵਾਲੇ 7 ਵਾਹਨਾਂ ਦੇ ਕੱਟੇ ਚਾਲਾਨ, 2 ਵਾਹਨਾਂ ਨੂੰ ਕੀਤਾ ਬੰਦ

Ludhiana Punjabi
  •  ਸਕੂਲਾਂ ‘ਚ ਚੱਲਣ ਵਾਲੀਆਂ ਬੱਸਾਂ ਸੇਫ ਸਕੂਲ ਵਾਹਨ ਪਾਲਿਸੀ ਦੀ ਕਰਨ ਪਾਲਣਾ – ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ

DMT : ਲੁਧਿਆਣਾ : (04 ਫਰਵਰੀ 2023) : – ਪੰਜਾਬ ਸਰਕਾਰ ਅਤੇ ਟ੍ਰਾਂਸਪੋਰਟ ਵਿਭਾਗ ਦੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਪੂਨਮ ਪ੍ਰੀਤ ਕੌਰ, ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਲੁਧਿਆਣਾ ਵਲੋਂ ਸ਼ੁਕਰਵਾਰ ਦੇਰ ਰਾਤ ਮਹਾਨਗਰ ਵਿੱਚ ਵੱਖ-ਵੱਖ ਥਾਈਂ ਨਾਕੇ ਲਗਾ ਕੇ ਅਚਨਚੇਤ ਚੈਕਿੰਗ ਕਰਦਿਆਂ ਨਿਯਮਾਂ ਵਿਰੁੱਧ ਚੱਲਣ ਵਾਲੇ ਵਾਹਨਾਂ ਦੇ ਚਾਲਾਨ ਕੀਤੇ ਗਏ।

ਸਕੱਤਰ ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈਕਿੰਗ ਦੌਰਾਨ ਸੱਤ ਵਾਹਨਾਂ ਦੇ ਚਾਲਾਨ ਕੀਤੇ ਗਏ ਜਿਨ੍ਹਾਂ ਵਿੱਚੋ ਦੋ ਵਾਹਨਾਂ ਨੂੰ ਜ਼ਬਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਵਿੱਚ ਵੱਚੋਂ 2 ਟਿੱਪਰ (ਕਾਗਜ ਅਧੂਰੇ ਹੋਣ ਕਰਕੇ), 2 ਟੂਰਿਸਟ ਸਲੀਪਰ ਬੱਸਾਂ (ਕਾਗਜ ਅਧੂਰੇ ਹੋਣ ਕਰਕੇ, ਪ੍ਰੈਸ਼ਰ ਹਾਰਨ), 2 ਟਰਾਲੇ ਜੋ ਕਿ ਓਵਰਹਾਇਟ (ਮੋਡੀਫਾਈਡ ਵਹੀਕਲ, ਕਾਗਜ ਅਧੂਰੇ ਹੋਣ ਕਰਕੇ) ਅਤੇ 1 ਟਰੱਕ (ਬਿਨਾਂ ਡ੍ਰਾਈਵਿੰਗ ਲਾਇਸੈਂਸ) ਦਾ ਚਾਲਾਨ ਕਰਦਿਆਂ ਦੋ ਵਾਹਨਾਂ ਨੂੰ ਸਬੰਧਤ ਥਾਣਿਆਂ ਵਿਚ ਬੰਦ ਕੀਤਾ ਗਿਆ।

ਸਕੱਤਰ, ਆਰ.ਟੀ.ਏ. ਵਲੋਂ ਪ੍ਰੈਸ ਨੋਟ ਰਾਹੀਂ ਮਹਾਂਨਗਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਕਮਰਸ਼ੀਅਲ ਵਾਹਨਾਂ ਦੇ ਕਾਗਜ (ਟੈਕਸ, ਫਿੱਟਨੈੱਸ, ਪਰਮਿਟ ਆਦਿ) ਅਧੂਰੇ ਹੋਣਗੇ, ਉਨ੍ਹਾਂ ਨੂੰ ਸ਼ਹਿਰ ਦੀਆਂ ਸੜ੍ਹਕਾਂ ‘ਤੇ ਵਾਹਨ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਮਹਾਂਨਗਰ ਦੇ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਦੇ ਸਕੂਲਾਂ ਵਿੱਚ ਚੱਲਣ ਵਾਲੀਆਂ ਬੱਸਾਂ ਸੇਫ ਸਕੂਲ ਵਾਹਨ ਪਾਲਿਸੀ ਦੀਆ ਹਦਾਇਤਾਂ ਪੂਰੀਆਂ ਕਰਨ। ਉਨ੍ਹਾਂ ਕਿਹਾ ਕਿ ਜੇਕਰ ਪਾਲਿਸੀ ਤਹਿਤ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਵਰਤੀ ਗਈ ਤਾਂ ਸਕੂਲੀ ਬੱਸਾਂ ਦੇ ਖਿਲਾਫ ਸੇਫ ਸਕੂਲ ਵਾਹਨ ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਜੇਕਰ ਮਹਾਂਨਗਰ ਦੀਆਂ ਸੜਕਾਂ ਉਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਕਿਸੇ ਵੀ ਪ੍ਰਕਾਰ ਦਾ ਵਾਹਨ ਨਜ਼ਰ ਆਉਂਦਾ ਹੈ ਤਾਂ ਉਹ ਆਰ.ਟੀ.ਏ. ਦਫਤਰ ਵਿਖੇ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ ਅਤੇ ਉਨ੍ਹਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਸਕੱਤਰ ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਨੇ ਕਿਹਾ ਕਿ ਇਸ ਤਰਾਂ ਦੀਆ ਅਚਨਚੇਤ ਚੈਕਿੰਗਾਂ ਚੱਲਦੀਆਂ ਰਹਿਣਗੀਆਂ ਤਾਂ ਜੋ ਸ਼ਹਿਰ ਨੂੰ ਦੁਰਘਟਨਾਵਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।

Leave a Reply

Your email address will not be published. Required fields are marked *