ਲੁਧਿਆਣਾ ਪੁਲਿਸ ਕਮਿਸ਼ਨਰੇਟ ਵਲੋਂ ਵਾਰਦਾਤ ਦੇ ਕੁੱਝ ਘੰਟਿਆਂ ‘ਚ ਹੀ ਖੋਹ ਕਰਨ ਵਾਲਾ ਮੁਲਜ਼ਮ ਕਾਬੂ, ਚੋਰੀ ਦਾ ਸਮਾਨ ਖਰੀਦਣ ਵਾਲਾ ਸੁਨਿਆਰਾ ਵੀ ਕਾਬੂ

Ludhiana Punjabi

DMT : ਲੁਧਿਆਣਾ : (24 ਮਾਰਚ 2023) : – ਗੁਰਦੁਆਰਾ ਨਾਨਕ ਪ੍ਰਕਾਸ਼ ਖੇਤਰ ਵਿੱਚ ਚੇਨ ਸਨੈਚਿੰਗ ਦੀ ਘਟਨਾ ਤੋਂ ਕੁਝ ਘੰਟਿਆਂ ਬਾਅਦ, ਕਮਿਸ਼ਨਰੇਟ ਪੁਲਿਸ ਲੁਧਿਆਣਾ ਵਲੋਂ ਇੱਕ ਖੋਹ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂਂ ਸੋਨੇ ਦੀ ਚੇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੁਲੀਸ ਨੇ ਮੁਲਜ਼ਮਾਂ ਕੋਲੋਂ ਚੋਰੀ ਦਾ ਸਾਮਾਨ ਖਰੀਦਣ ਵਾਲੇ ਸੁਨਿਆਰੇ ਨੂੰ ਵੀ ਕਾਬੂ ਕੀਤਾ ਹੈ।

ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਨਿਊ ਆਜ਼ਾਦ ਨਗਰ ਅਤੇ ਸੁਨਿਆਰ ਨਰਿੰਦਰ ਪਾਲ ਵਾਸੀ ਗੋਲਡਨ ਐਵੀਨਿਊ ਦੁੱਗਰੀ ਵਜੋਂ ਹੋਈ ਹੈ।

ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਿਮਲਾਪੁਰੀ ਨੇੜੇ ਨਿਊ ਗੁਰੂ ਅੰਗਦ ਦੇਵ ਕਲੋਨੀ ਦੀ ਸਪਨਾ ਧਵਨ ਨੇ ਸ਼ਿਕਾਇਤ ਦਿੱਤੀ ਸੀ ਕਿ ਕਿਸੇ ਅਣਪਛਾਤੇ ਐਕਟਿਵਾ ਸਵਾਰ ਨੇ ਉਸਦੀ 12 ਗ੍ਰਾਮ ਦੀ ਸੋਨੇ ਦੀ ਚੇਨ ਖੋਹ ਲਈ ਹੈ, ਜਿਸ ਸਬੰਧੀ ਧਾਰਾ 379-ਬੀ ਤਹਿਤ ਥਾਣਾ ਸ਼ਿਮਲਾਪੁਰੀ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦਾ ਪਤਾ ਲਗਾ ਕੇ ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਨੂੰ ਕਾਬੂ ਕੀਤਾ ਹੈ ਅਤੇ ਵਾਰਦਾਤ ਵਿੱਚ ਵਰਤਿਆ ਸਕੂਟਰ ਬਰਾਮਦ ਕਰ ਲਿਆ ਗਿਆ ਹੈ।

ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਗੁਰਪ੍ਰੀਤ ਤੋਂ ਸੋਨੇ ਦੀ ਚੇਨ ਖਰੀਦਣ ਲਈ ਸੁਨਿਆਰ ਨਰਿੰਦਰ ਪਾਲ ‘ਤੇ ਵੀ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਨਰਿੰਦਰ ਪਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਦਾ ਕੋਈ ਪੁਰਾਣਾ ਅਪਰਾਧਿਕ ਪਿਛੋਕੜ ਨਹੀਂ ਸੀ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਲੁਧਿਆਣਾ ਵਿੱਚੋਂ ਇਸ ਸਟਰੀਟ ਕ੍ਰਾਈਮ ਨੂੰ ਖਤਮ ਕਰਨ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਕਿਹਾ ਕਿ ਪੁਲਿਸ ਨੇ ਸਨੈਚਰਾਂ ਨੂੰ ਫੜਨ ਲਈ ਵਿਸਤ੍ਰਿਤ ਰਣਨੀਤੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਖੋਹ ਦੇ ਮਾਮਲੇ ਨੂੰ ਹੁਣ ਗੰਭੀਰਤਾ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਾਲੀਆਂ ਟੀਮਾਂ ਨੇ ਤੁਰੰਤ ਕਾਰਵਾਈ ਕਰਨ ਲਈ ਰਾਤ ਭਰ ਕੰਮ ਕੀਤਾ ਹੈ।

Leave a Reply

Your email address will not be published. Required fields are marked *