ਲੋਕ ਨਿਰਮਾਣ ਮੰਤਰੀ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੀ ਵਿਸ਼ੇਸ਼ ਮੁਰੰਮਤ ਦਾ ਰੱਖਿਆ ਨੀਂਹ ਪੱਥਰ

Ludhiana Punjabi
  •  22.55 ਕਿਲੋਮੀਟਰ ਲੰਬੀ ਸੜ੍ਹਕ ‘ਤੇ 23.18 ਕਰੋੜ ਰੁਪਏ ਕੀਤੇ ਜਾਣਗੇ ਖਰਚ
  • ਵਿਸ਼ਵ ਪੱਧਰੀ ਸੜ੍ਹਕੀ ਬੁਨਿਆਦੀ ਢਾਂਚਾ ‘ਆਪ’ ਸਰਕਾਰ ਦੀ ਪ੍ਰਮੁੱਖ ਤਰਜੀਹ – ਹਰਭਜਨ ਸਿੰਘ ਈ.ਟੀ.ਓ

DMT : ਲੁਧਿਆਣਾ : (16 ਫਰਵਰੀ 2023) : – ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵੱਲ ਵਧਦੇ ਹੋਏ ਲੋਕ ਨਿਰਮਾਣ ਵਿਭਾਗ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਲਤੋਂ ਦੇ ਮੁੱਖ ਚੌਂਕ ਵਿਖੇ 23.18 ਕਰੋੜ ਰੁਪਏ ਦੀ ਲਾਗਤ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਰੋਡ) ਦੀ ਵਿਸ਼ੇਸ਼ ਮੁਰੰਮਤ ਦਾ ਨੀਂਹ ਪੱਥਰ ਰੱਖਿਆ। ਇਸ 22.55 ਕਿਲੋਮੀਟਰ ਲੰਬੀ ਸੜ੍ਹਕ ਦਾ ਕੰਮ ਅਗਲੇ ਨੌਂ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।

ਵਿਧਾਇਕ ਜੀਵਨ ਸਿੰਘ ਸੰਗੋਵਾਲ, ਹਾਕਮ ਸਿੰਘ ਠੇਕੇਦਾਰ, ਕੁਲਵੰਤ ਸਿੰਘ ਸਿੱਧੂ,ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਕੇ.ਐਨ.ਐਸ. ਕੰਗ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਬੇਹੱਦ ਮਹੱਤਵਪੂਰਨ ਮਾਰਗ ਹੈ ਅਤੇ ਇਸ ਨੂੰ ਆਵਾਜਾਈ ਲਈ ਬਾਈਪਾਸ ਵਜੋਂ ਬਰਨਾਲਾ, ਬਠਿੰਡਾ ਜ਼ਿਲ੍ਹਿਆਂ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਜਾਣ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਅਗਾਂਹਵਧੂ ਸੂਬਾ ਬਣਾਉਣ ਲਈ ਵਚਨਬੱਧ ਹੈ ਜੋ ਵੱਖ-ਵੱਖ ਖੇਤਰਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਸਪੱਸ਼ਟ ਹੁੰਦਾ ਹੈ।

ਪੰਜਾਬ ਵਿੱਚ ਮਿਆਰੀ ਸੜ੍ਹਕੀ ਬੁਨਿਆਦੀ ਢਾਂਚੇ ਨੂੰ ਪ੍ਰਮੁੱਖ ਤਰਜੀਹ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਨੂੰ ਵਧੀਆ ਸੜ੍ਹਕੀ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਮੋਹਰੀ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਆਪਣੇ ਸੰਬੋਧਨ ਵਿੱਚ ਹਰਭਜਨ ਸਿੰਘ ਈ.ਟੀ.ਓ ਵਲੋਂ ਪਿਛਲੀਆਂ ਸਰਕਾਰਾਂ ਵੱਲੋਂ ਇਸ ਸੜਕ ਦੀ ਮੁਰੰਮਤ ਨਾ ਕਰਨ ‘ਤੇ ਵਰ੍ਹਦਿਆਂ ਕਿਹਾ ਕਿ ਇਸ ਸੜ੍ਹਕ ਦੀ ਮੁਰੰਮਤ 2014 ਅਤੇ 2019 ਵਿੱਚ ਹੋਣੀ ਚਾਹੀਦੀ ਸੀ ਪਰ ਲੋਕਾਂ ਦੀ ਚਿਰੋਕਣੀ ਮੰਗ ਕਿਸੇ ਨੇ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਇਸ ਸੜ੍ਹਕ ‘ਤੇ ਰੋਜ਼ਾਨਾ ਵਾਪਰ ਰਹੇ ਸੜਕ ਹਾਦਸਿਆਂ ਵਿੱਚ ਕਈ ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੜਕ ਦੇ ਪੁਨਰ ਨਿਰਮਾਣ ਨਾਲ ਯਾਤਰੀਆਂ ਨੂੰ ਨਿਰਵਿਘਨ ਅਤੇ ਸੁਖਾਵੇਂ ਸਫ਼ਰ ਦੀ ਸਹੂਲਤ ਮਿਲੇਗੀ ਅਤੇ ਦੁਰਘਟਨਾਵਾਂ ਵਿੱਚ ਗਿਰਾਵਟ ਆਵੇਗੀ। ਉਨ੍ਹਾਂ ਸੜ੍ਹਕ ਦੇ ਨਿਰਮਾਣ ਕਰਨ ਵਾਲੀ ਕੰਪਨੀ ਨੂੰ ਕੰਮ ਦੌਰਾਨ ਮਿਆਰੀ ਸਮੱਗਰੀ ਦੀ ਵਰਤੋਂ ਯਕੀਨੀ ਬਣਾਉਣ ਲਈ ਵੀ ਕਿਹਾ।

ਵਿਧਾਇਕ ਜੀਵਨ ਸਿੰਘ ਸੰਗੋਵਾਲ, ਹਾਕਮ ਸਿੰਘ ਠੇਕੇਦਾਰ ਅਤੇ ਕੁਲਵੰਤ ਸਿੰਘ ਸਿੱਧੂ ਨੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।

ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਭੁਪਿੰਦਰ ਸਿੰਘ ਧਰੌੜ, ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜਰ ਅਮਿਤ ਸਰੀਨ, ਐਸ.ਡੀ.ਐਮ. ਗੁਰਬੀਰ ਸਿੰਘ ਕੋਹਲੀ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *